ਹਰਿੰਦਰ ਨਿੱਕਾ, ਬਠਿੰਡਾ 27 ਮਾਰਚ 2025
ਭਾਂਵੇ ਲੁੱਟ ਦੀਆਂ ਬਹੁਤੀਆਂ ਵਾਰਦਾਤਾਂ ਤੋਂ ਬਾਅਦ ਵੀ ਲੁਟੇਰਿਆਂ ਨੂੰ ਨਾ ਫੜ੍ਹੇ ਨਾ ਜਾਣ ਕਾਰਣ, ਪੁਲਿਸ ਦੀ ਕਿਰਕਿਰੀ ਅਕਸਰ ਹੀ ਹੁੰਦੀ ਰਹਿੰਦੀ ਹੈ। ਪਰੰਤੂ ਜਿਲ੍ਹੇ ਦੇ ਥਾਣਾ ਦਿਆਲਪੁਰਾ ਦੀ ਪੁਲਿਸ ਨੇ ਪੰਜ ਲੁਟੇਰਿਆਂ ਨੂੰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਦਬੋਚ ਲਿਆ ਹੈ। ਪੁਲਿਸ ਨੇ ਇਹ ਕਾਰਵਾਈ ਮੁਖਬਰ ਤੋਂ ਮਿਲੀ ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਬੜੀ ਮੁਸਤੈਦੀ ਨਾਲ ਅਮਲ ਵਿੱਚ ਲਿਆਂਦੀ ਹੈ।
ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਉਨਾਂ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਦੋ ਸਕੇ ਭਰਾ ਗੁਰਬਿੰਦਰ ਸਿੰਘ ਅਤੇ ਗੁਰਦੀਪ ਸਿੰਘ ਪੁੱਤਰ ਬਲਜੀਤ ਸਿੰਘ, ਮੁਲਤਾਨ ਸਾਹ ਪੁੱਤਰ ਮੁਸਤਾਕ ਸਾਹ, ਸੁਖਚੈਨ ਸਿੰਘ ਪੁੱਤਰ ਗੁਰਲਾਲ ਸਿੰਘ ਅਤੇ ਸਿਮਰਜੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਸਾਰੇ ਹੀ ਵਾਸੀ ਸਲਾਬਤਪੁਰਾ,ਜਿਲ੍ਹਾ ਬਠਿੰਡਾ, ਬੀੜ ਦਿਆਲਪੁਰਾ ਵਿੱਚ ਬੈਠੇ ਇਲਾਕੇ ਅੰਦਰ ਕਿਸੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਉਂਤ ਘੜ ਰਹੇ ਹਨ। ਪੁਲਿਸ ਨੇ ਇਤਲਾਹ ਨੂੰ ਸੱਚੀ ਤੇ ਭਰੋਸੇਮੰਦ ਮੰਨ ਕੇ, ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 310(4), 310(5) ਬੀਐਨਐਸ ਤਹਿਤ ਥਾਣਾ ਦਿਆਲਪੁਰਾ ਵਿਖੇ ਐਫਆਈਆਰ ਦਰਜ ਕਰਕੇ, ਦੱਸੀ ਹੋਈ ਜਗ੍ਹਾ ਤੇ ਪੁਲਿਸ ਪਾਰਟੀ ਲੈ ਕੇ ਰੇਡ ਕੀਤੀ।
ਤਫਤੀਸ਼ ਅਫਸਰ ਨੇ ਦੱਸਿਆ ਕਿ ਪੁਲਿਸ ਨੇ ਰੇਡ ਕਰਕੇ, ਸਾਰੇ ਹੀ ਨਾਮਜਦ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ। ਪੁਲਿਸ ਨੇ ਦੋਸ਼ੀਆਂ ਤੋਂ ਪੁੱਛ ਪੜਤਾਲ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨਾਂ ਦਾਅਵਾ ਕੀਤਾ ਕਿ ਦੌਰਾਨ ਏ ਪੁੱਛਗਿੱਛ ਪੁਲਿਸ ਨੂੰ ਇਲਾਕੇ ਵਿੱਚ ਪਹਿਲਾਂ ਹੋਈਆਂ ਵਾਰਦਾਤਾਂ ਨੂੰ ਟ੍ਰੇਸ ਕਰਨ ਵਿੱਚ ਵੀ ਸਫਲਤਾ ਹਾਸਿਲ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਰਾਰਤੀ ਅਨਸਰਾਂ ਅਤੇ ਅਪਰਾਧਿਕ ਤੱਤਾਂ ਬਾਰੇ ਪੁਲਿਸ ਨੂੰ ਬਿਨਾਂ ਕਿਸੇ ਝਿਝਕ ਤੋਂ ਸੂਚਨਾ ਦਿੱਤੀ ਜਾਵੇ, ਤਾਂਹਿਉਂ ਦੋਸ਼ੀਆਂ ਨੂੰ ਗਿਰਫਤਾਰ ਕਰਕੇ, ਇਲਾਕੇ ਨੂੰ ਅਪਰਾਧ ਮੁਕਤ ਕੀਤਾ ਜਾ ਸਕਦਾ ਹੈ।
