‘ਤੇ ਓਹ 12 ਰੁਪੈ ਦੀ ਲੁੱਟ ਖਿਲਾਫ 24 ਮਹੀਨੇ ਲੜਿਆ…! ਕਮਿਸ਼ਨ ਨੇ ਦੁਕਾਨਦਾਰ ਨੂੰ ਠੋਕਿਆ ਭਾਰੀ ਹਰਜ਼ਾਨਾ…
ਹਰਿੰਦਰ ਨਿੱਕਾ , ਬਰਨਾਲਾ 9 ਅਪ੍ਰੈਲ 2024
ਉਹ 12 ਰੁਪਏ ਦੀ ਹੋਈ ਲੁੱਟ ਦਾ ਇਨਸਾਫ ਲੈਣ ਅਤੇ ਵਾਧੂ ਵਸੂਲੀ ਕਰਨ ਵਾਲੇ ਇੱਕ ਕਰਿਆਨਾ ਸਟੋਰ ਵਾਲੇ ਨੂੰ ਕਾਨੂੰਨੀ ਸਬਕ ਸਿਖਾਉਣ ਲਈ, 2 ਵਰ੍ਹਿਆਂ ਤੋਂ ਵੱਧ ਸਮਾਂ ਕਾਨੂੰਨੀ ਲੜਾਈ ਲੜਦਾ ਰਿਹਾ। ਆਖਿਰ ਜੁਝਾਰੂ ਲੋਕਾਂ ਦੇ ਨਾਅਰੇ, ” ਜਿੱਤ ਲੜਦੇ ਲੋਕਾਂ ਦੀ” ਨੂੰ ਸਾਕਾਰ ਕਰਨ ਵਿੱਚ ਸਫਲ ਹੋ ਹੀ ਗਿਆ। ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਉਪਭੋਗਤਾ ਦੇ ਵਕੀਲ ਦੀਆਂ ਦਲੀਲਾਂ ਸੁਣਨ, ਉਪਰੰਤ ਦੁਕਾਨਦਾਰ ਨੂੰ ਹੁਕਮ ਕੀਤਾ ਕਿ ਉਹ ਗ੍ਰਾਹਕ ਤੋਂ ਵਾਧੂ ਪ੍ਰਾਪਤ ਕੀਤੇ 12 ਰੁਪਏ ਵਾਪਿਸ ਮੋੜੇ ਅਤੇ 8 ਹਜ਼ਾਰ ਰੁਪਏ ਦਾ ਹਰਜ਼ਾਨਾ ਵੀ 45 ਦਿਨਾਂ ਦੇ ਅੰਦਰ ਅੰਦਰ ਅਦਾ ਕਰੇ । ਆਪਣੇ ਹੱਕ ਲਈ ਲੜਾਈ ਲੜਨ ਦੀ ਅਜਿਹੀ ਮਿਸਾਲ ਬੇਸ਼ੱਕ ਵਿਰਲੀ ਟਾਵੀਂ ਹੀ ਮਿਲਦੀ ਹੋਵੇਗੀ। ਪਰ, ਲੁੱਟ ਦੇ ਖਿਲਾਫ ਲੜਾਈ ਲੜਨ ਦੀ ਦੁਚਿੱਤੀ ਵਿੱਚ ਰਹਿੰਦੇ, ਲੋਕਾਂ ਲਈ, ਇਹ ਲੜਾਈ, ਰਾਹ ਦਿਸੇਸਾਠ ਜਰੂਰ ਸਾਬਿਤ ਹੋਵੇਗੀ ਕਿ ਜਦੋਂ ਨਿਗੂਣੀ, ਜਿਹੀ ਲੁੱਟ ਦੇ ਖਿਲਾਫ ਦੋ ਸਾਲ ਤੋਂ ਜਿਆਦਾ ਸਮਾਂ ਲੜਿਆ ਜਾਗਰੂਕ ਉਪਭੋਗਤਾ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਵਿੱਚ ਸਫਲ ਹੋ ਗਿਆ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਪਭੋਗਤਾ ( ਗ੍ਰਾਹਕ ) ਦੀ ਤਰਫੋਂ ਪੇਸ਼ ਹੋਏ ਐਡਵੋਕੇਟ ਸਰਬਜੀਤ ਸਿੰਘ ਮਾਨ ਨੇ ਦੱਸਿਆ ਕਿ ਉਪਭੋਗਤਾ ਗੁਰਜੰਟ ਸਿੰਘ 16.03.2022 ਨੂੰ ਜੋਨੀ ਵਾਲੀਆ ਦੇ ਕਰਿਆਨਾਂ ਸਟੋਰ ਪਿੰਡ ਮੌੜ (ਪਟਿਆਲਾ) ਵਿਖੇ Refined Oil ਦੀ ਬੋਤਲ ਲੈਣ ਗਿਆ ਸੀ। ਇਸ ਬੋਤਲ ‘ਤੇ MRP ਮੁੱਲ 158 ਰੁ ਲਿਖਿਆ ਸੀ। ਪਰ ਦੁਕਾਨਦਾਰ ਨੇ ਉਸ ਤੋਂ 170 ਰੁਪਏ ਮੰਗੇ । ਇਸ ਤਰਾਂ ਉਕਤ ਦੁਕਾਨਦਾਰ ਨੇ ਗਲਤ ਢੰਗ ਨਾਲ ਸ਼ਿਕਾਇਤਕਰਤਾ ਤੋਂ 12 ਰੁਪਏ ਵੱਧ ਲੈ ਲਏ | ਸ਼ਿਕਾਇਕਰਤਾ ਨੇ ਮਿਤੀ 01 ਜੂਨ 2022 ਨੂੰ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਬਰਨਾਲਾ ਵਿੱਚ ਇਕ ਸ਼ਿਕਾਇਤ ਦਾਇਰ ਕਰ ਦਿੱਤੀ।
ਦਾਇਰ ਕੰਪਲੇਂਟ ਵਿੱਚ ਦੁਕਾਨਦਾਰ ਦੀ ਤਰਫੋਂ ਪੇਸ਼ ਹੋਏ ਵਕੀਲ ਅਤੇ ਉਪਭੋਗਤਾ ਦੀ ਤਰਫੋਂ ਪੇਸ਼ ਹੋਏ ਐਡਵੇਕੇਟ ਸਰਬਜੀਤ ਸਿੰਘ ਮਾਨ ਨੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਅੱਗੇ ਆਪੋ-ਆਪਣੀਆਂ ਦਲੀਲਾਂ ਰੱਖੀਆਂ। ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਉਪਰੰਤ ਮਾਨਯੋਗ ਕਮਿਸ਼ਨ ਦੇ President ਜੋਤ ਨਰੰਜਨ ਸਿੰਘ ਗਿੱਲ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਦੇ ਬੈਂਚ ਨੇ ਐਡਵੇਕੇਟ ਸਰਬਜੀਤ ਸਿੰਘ ਮਾਨ ਦੀਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੁਕਾਨਦਾਰ ਜੋਨੀ ਵਾਲੀਆ ਨੂੰ ਹੁਕਮ ਦਿੱਤਾ ਕਿ ਉਹ MRP ਤੋਂ ਅਧਿਕ ਵਸੂਲੀ ਰਾਸ਼ੀ 12 ਰੁਪਏ ਸ਼ਿਕਾਇਤਕਰਤਾ ਗੁਰਜੰਟ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਮੌੜ (ਨਾਭਾ) ਤਹਿਸੀਲ ਵਾ ਜਿਲ੍ਹਾ ਬਰਨਾਲਾ ਨੂੰ ਵਾਪਿਸ ਮੋੜੇ ਅਤੇ ਹਰਜ਼ਾਨੇ ਦੇ ਰੂਪ ਵਿੱਚ 8 ਹਜ਼ਾਰ ਰੁਪਏ ਮਾਨਸਿਕ ਪ੍ਰੇਸ਼ਾਨੀ ‘ਤੇ ਲਿਟੀਗੇਸ਼ਨ ਖਰਚੇ ਵਜੋਂ ਸ਼ਿਕਾਇਤਕਰਤਾ ਨੂੰ 45 ਦਿਨਾਂ ਦੇ ਅੰਦਰ ਅੰਦਰ ਅਦਾ ਕੀਤਾ ਜਾਵੇ।