7 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਪੇਸ਼ ਬੱਜਟ ਦੀਆਂ ਕਾਪੀਆਂ ਸਾੜ੍ਹੀਆਂ ਜਾਣਗੀਆਂ – ਸਿੰਦਰ ਧੌਲਾ
ਪੰਜਾਬ ਦੇ ਵਿੱਤ ਮੰਤਰੀ ਵੱਲੋਂ ਪੇਸ਼ ਬੱਜਟ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਅਣਦੇਖੀ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ – ਜੱਗਾ ਸਿੰਘ
ਰਘਵੀਰ ਹੈਪੀ, ਬਰਨਾਲਾ 5 ਮਾਰਚ 2024
ਪਾਵਰਕੌਮ ਅਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਜੱਗਾ ਸਿੰਘ ਦੀ ਪ੍ਰਧਾਨਗੀ ਹੇਠ ਦਿਹਾਤੀ ਅਤੇ ਸ਼ਹਿਰੀ ਮੰਡਲ ਦੀ ਸਾਂਝੀ ਮੀਟਿੰਗ ਹੋਈ। ਇਸ ਸਮੇਂ ਆਗੂਆਂ ਰੂਪ ਚੰਦ, ਹਰਨੇਕ ਸਿੰਘ ਸੰਘੇੜਾ, ਗੁਰਚਰਨ ਸਿੰਘ, ਨਰਾਇਣ ਦੱਤ ਨੇ ਕਿਹਾ ਕਿ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲੋਕ/ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰਨ ਨਾਲ ਜਨਤਕ ਖੇਤਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਅਡਾਨੀ-ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। 44 ਕਿਰਤ ਕਾਨੂੰਨਾਂ ਦਾ ਭੋਗ ਪਾ ਕੇ 4 ਕੋਡਾਂ ਵਿੱਚ ਤਬਦੀਲੀ ਕਰਕੇ ਹਾਇਰ ਐਂਡ ਫਾਇਰ ਦੀ ਨੀਤੀ ਲਾਗੂ ਕਰਕੇ ਕਿਰਤੀਆਂ ਦੀ ਤਿੱਖੀ ਲੁੱਟ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਵਰਕੌਮ ਅੰਦਰ ਇਹ ਸਾਮਰਾਜੀ ਨੀਤੀਆਂ ਤਹਿਤ ਆਊਟਸੋਰਸ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਬਿਜਲੀ ਬਿਲ-2003 ਤੋਂ ਬਾਅਦ ਹੁਣ ਬਿਜਲੀ ਬਿੱਲ -2020 ਲਾਗੂ ਕਰਨ ਲਈ ਕੇਂਦਰੀ ਹਕੂਮਤ ਤਰਲੋਮੱਛੀ ਹੋ ਰਹੀ ਹੈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਸੂਬਾ ਆਗੂ ਸਿੰਦਰ ਧੌਲਾ ਨੇ ਪੰਜਾਬ ਮੁਲਾਜ਼ਮ ਅਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ ਫਰੰਟ ਦੇ ਸੱਦੇ ਤੇ ਚੰਡੀਗੜ੍ਹ 4 ਮਾਰਚ ਨੂੰ ਦਿੱਤੇ ਗਏ ਵਿਸ਼ਾਲ ਧਰਨੇ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ, ਹੱਠੀ ਰੱਵਈਏ ਸਬੰਧੀ ਜਾਣਕਾਰੀ ਦਿੰਦਿਆਂ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਧਾਰਨ ਕੀਤੇ ਨਾਂਹ ਪੱਖੀ ਰੱਵਈਏ ਖਿਲਾਫ਼ ਵੱਲੋਂ 7 ਮਾਰਚ ਨੂੰ 11 ਵਜੇ ਬਜਟ ਦੀਆਂ ਕਾਪੀਆਂ ਸਾੜ੍ਹਕੇ ਰੋਸ ਮਾਰਚ ਕਰਨ ਦਾ ਫ਼ੈਸਲੇ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ।
ਇਸ ਸਮੇਂ ਗੌਰੀ ਸ਼ੰਕਰ, ਜਗਦੀਸ਼ ਸਿੰਘ, ਬਹਾਦਰ ਸਿੰਘ, ਜੋਗਿੰਦਰ ਪਾਲ, ਤੀਰਥ ਦਾਸ, ਜਗਰਾਜ ਸਿੰਘ, ਬਲਵੰਤ ਸਿੰਘ,ਦੇਸ ਰਾਜ, ਸੁਖਪਾਲ ਸਿੰਘ, ਸ਼ਿੰਗਾਰਾ ਸਿੰਘ, ਰਜਿੰਦਰ ਸਿੰਘ, ਰੁਲਦੂ ਸਿੰਘ, ਅਬਜਿੰਦਰ ਸਿੰਘ, ਪਿਆਰਾ ਸਿੰਘ, ਮਲਕੀਤ ਸਿੰਘ, ਪਿੰਜੌਰ ਸਿੰਘ, ਬਲਦੇਵ ਸਿੰਘ, ਜੀਤ ਸਿੰਘ ਆਦਿ ਆਗੂਆਂ ਨੇ ਸੰਘਰਸ਼ਮਈ ਜ਼ਿੰਦਗੀ ਜਿਉਣ ਦਾ ਹੋਕਾ ਦਿੰਦਿਆਂ ਹਰ ਸੰਘਰਸ਼ ਸੱਦੇ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਆਗੂਆਂ ਸਮੂਹ ਪੈਨਸ਼ਨਰਜ਼ ਸਾਥੀਆਂ ਨੂੰ 7 ਮਾਰਚ ਨੂੰ ਸਮੇਂ ਸਿਰ ਵੱਡੀ ਗਿਣਤੀ ਵਿੱਚ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਪਹੁੰਚਣ ਦੀ ਅਪੀਲ ਕੀਤੀ।