ਇੱਥੋਂ ਮੁਫਤ ਮਿਲਣਗੀਆਂ 84 ਤਰ੍ਹਾਂ ਦੀਆਂ ਦਵਾਈਆਂ ‘ਤੇ ਫਰੀ ਹੋਣਗੇ 67 ਤਰ੍ਹਾਂ ਦੇ ਟੈਸਟ..!
ਜ਼ਿਲ੍ਹੇ ਵਿੱਚ 1. 40 ਲੱਖ ਮਰੀਜ਼ਾਂ ਨੇ ਲਿਆ ਆਮ ਆਦਮੀ ਕਲੀਨਿਕਾਂ ਦਾ ਲਾਹਾ, ਗੁਰਮੀਤ ਸਿੰਘ ਮੀਤ ਹੇਅਰ
67 ਤਰ੍ਹਾਂ ਦੇ ਟੈਸਟ ਅਤੇ 84 ਤਰ੍ਹਾਂ ਦੀਆਂ ਦਵਾਈਆਂ ਮਿਲ ਰਹੀਆਂ ਹਨ ਲੋਕਾਂ ਨੂੰ ਮੁਫਤ, ਮੀਤ ਹੇਅਰ
ਸੋਨੀ ਪਨੇਸਰ, ਬਰਨਾਲਾ 2 ਮਾਰਚ 2024
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਆਦਮੀ ਕਲੀਨਿਕ ਬਣਾਉਣ ਦੇ ਕੀਤੇ ਐਲਾਨ ਤਹਿਤ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜ਼ਿਲ੍ਹਾ ਬਰਨਾਲਾ ‘ਚ ਅੱਜ ਆਮ ਆਦਮੀ ਕਲੀਨਿਕ ਹੰਡਿਆਇਆ ਅਤੇ ਬਰਨਾਲਾ ਵਿਖੇ ਲੋਕਾਂ ਨੂੰ ਸਮਰਪਿਤ ਕੀਤੇ ਗਏ।ਇਨ੍ਹਾਂ ਕਲੀਨਿਕਾਂ ਵਿੱਚ ਆਮ ਜਨਤਾ ਨੂੰ ਮੁੱਢਲੀ ਸਿਹਤ ਸਬੰਧੀ ਸਹੂਲਤਾਂ ਅਤੇ ਕਈ ਲੋੜੀਂਦੇ ਟੈਸਟ ਮੁਫ਼ਤ ਮੁਹੱਈਆ ਕੀਤੇ ਗਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ. ਮੀਤ ਹੇਅਰ ਨੇ ਦੱਸਿਆ ਕਿ ਕਲੀਨਿਕਾਂ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਕੁੱਲ 101.22 ਲੱਖ ਰੁਪਏ ਜਾਰੀ ਕੀਤੇ ਗਏ । ਜਿਨ੍ਹਾਂ ਵਿੱਚੋਂ ਆਮ ਆਦਮੀ ਕਲੀਨਿਕ ਅਤੇ ਵੈਟਰਨਰੀ ਹਸਪਤਾਲ ਬਰਨਾਲਾ ਲਈ 33.53 ਲੱਖ ਅਤੇ ਆਮ ਆਦਮੀ ਕਲੀਨਿਕ ਹੰਡਿਆਇਆ ਲਈ 34.56 ਲੱਖ ਜਾਰੀ ਕੀਤੇ ਗਏ ਸੀ।
ਮੀਤ ਹੇਅਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ 550 ਤੋਂ ਜ਼ਿਆਦਾ ਆਮ ਆਦਮੀ ਕਲੀਨਿਕ ਬਣਾਏ ਜਾ ਚੁੱਕੇ ਹਨ । ਜਿਨ੍ਹਾਂ ਵਿੱਚੋਂ ਬਰਨਾਲਾ ਜ਼ਿਲ੍ਹੇ ਵਿੱਚ ਹੁਣ ਤੱਕ 11 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਤੇ ਅੱਜ ਦੋ ਹੋਰ ਆਮ ਆਦਮੀ ਕਲੀਨਿਕ ਲੋਕ ਅਰਪਣ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ 67 ਤਰ੍ਹਾਂ ਦੇ ਟੈਸਟ ਅਤੇ 84 ਤਰ੍ਹਾਂ ਦੀਆਂ ਦਵਾਈਆਂ ਲੋਕਾਂ ਨੂੰ ਮੁਫਤ ਦਿੱਤੀਆਂ ਜਾਣਗੀਆਂ। ਇਥੋਂ ਤੱਕ ਕਿ ਇਨ੍ਹਾਂ ਕਲੀਨਿਕਾਂ ਵਿੱਚ ਪਰਚੀ ਦੇ ਵੀ ਕੋਈ ਰੁਪਏ ਨਹੀਂ ਲੱਗਣਗੇ, ਜਿਸ ਨਾਲ ਵੱਡੇ ਸਰਕਾਰੀ ਹਸਪਤਾਲਾਂ ‘ਚ ਭੀੜ ਘੱਟ ਹੋਵੇਗੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਤੋਂ ਫਾਇਦਾ ਮਿਲੇਗਾ। ਹੰਡਿਆਇਆ ਵਿਖੇ ਆਮ ਆਦਮੀ ਕਲੀਨਿਕ ਬਣਨ ਨਾਲ ਲਗਭਗ 15 ਹਜਾਰ ਦੇ ਕਰੀਬ ਦੀ ਆਬਾਦੀ ਨੂੰ ਲਾਭ ਹੋਵੇਗਾ। ਇਨ੍ਹਾਂ ਕਲੀਨਕਾਂ ਵਿੱਚ ਪੱਕੇ ਤੌਰ ‘ਤੇ ਡਾਕਟਰ ਉਪਲੱਬਧ ਹੋਣਗੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਕੋਈ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਹੰਡਿਆਇਆ ਵਾਸੀਆਂ ਨੂੰ ਜਲਦ ਹੀ ਸਪੋਰਟਸ ਸਟੇਡੀਅਮ ਦੀ ਸੌਗਾਤ ਵੀ ਮਿਲਣ ਜਾ ਰਹੀ ਹੈ। ਜਿਸ ਨਾਲ ਲੋਕਾਂ ਨੂੰ ਆਪਣੇ ਆਪ ਨੂੰ ਸਿਹਤਮੰਦ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਸਹਾਇਤਾ ਮਿਲੇਗੀ। ਉਹਨਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿਖੇ ਹੁਣ ਤੱਕ ਕਲੀਨਿਕਾਂ ਵਿੱਚ 1 ਲੱਖ 40 ਹਜਾਰ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ । 60 ਹਜਾਰ ਦੇ ਕਰੀਬ ਲੈਬ ਟੈਸਟ ਮੁਫਤ ਵਿੱਚ ਕੀਤੇ ਜਾ ਚੁੱਕੇ ਹਨ।
ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 16 ਕਰੋੜ ਰੁਪਏ ਮੰਨਜੂਰ ਕਰ ਦਿੱਤੇ ਗਏ ਹਨ ਅਤੇ ਇਸ ਕੰਮ ਲਈ ਕੁੱਲ 25 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਓ.ਐੱਸ. ਡੀ. ਹਸਨਪ੍ਰੀਤ ਭਾਰਦਵਾਜ, ਉੱਪ ਮੰਡਲ ਮੈਜਿਸਟਰੇਟ ਬਰਨਾਲਾ ਵਰਿੰਦਰ ਸਿੰਘ, ਡੀ.ਐਸ.ਪੀ. ਕੁਲਵੰਤ ਸਿੰਘ, ਐਕਸੀਅਨ ਪੀ.ਡਬਲਿਊ.ਡੀ. ਦਵਿੰਦਰ ਪਾਲ ਸਿੰਘ, ਪਰਮਿੰਦਰ ਸਿੰਘ ਭੰਗੂ, ਐੱਮ.ਸੀ. ਰੁਪਿੰਦਰ ਸਿੰਘ ਸ਼ੀਤਲ, ਇਸ਼ਵਿੰਦਰ ਜੰਡੂ, ਬਲਾਕ ਪ੍ਰਧਾਨ ਆਪ ਹਰਦੇਵ ਸਿੰਘ ਕਾਲਾ, ਰੋਹਿਤ ਓਸ਼ੋ ਅਤੇ ਹੋਰ ਲੋਕ ਹਾਜ਼ਰ ਸਨ।