ਓਹ ਢਾਬਾ, ਜਿੱਥੇ ਤਾਰਿਆਂ ਦੀ ਛਾਂਵੇਂ ਚਲਦੈ ਕਰੋੜਾਂ ਦਾ ਕਾਲਾ ਧੰਦਾ….!
ਹਸੀਨਾਂ ਦੇ ਠੁਮਕਿਆਂ ‘ਤੇ ਛਲਕਦੇ ਨੇ ਜ਼ਾਮ ..!
ਹਰਿੰਦਰ ਨਿੱਕਾ, ਬਰਨਾਲਾ 29 ਫਰਵਰੀ 2024
ਪ੍ਰਸ਼ਾਸ਼ਨ ਦੇ ਐਨ ਨੱਕ ਹੇਠ, ਲਿੰਕ ਰੋਡ ਤੇ ਸਥਿਤ ਇੱਕ ਪਿੰਡ ਦੇ ਢਾਬੇ ‘ਚ ਤਾਰਿਆਂ ਦੀ ਛਾਂਵੇਂ ਜੂਏ-ਦੜੇ ਸੱਟੇ ਦਾ ਕਰੋੜਾਂ ਰੁਪਏ ਦਾ ਕਾਲਾ ਕਾਰੋਬਾਰ, ਬਿਨਾਂ ਕਿਸੇ ਭੈਅ ਖੌਫ ਤੋਂ ਚੱਲ ਰਿਹਾ ਹੈ। ਇਹ ਅਜਿਹਾ ਢਾਬਾ ਹੈ। ਜਿੱਥੇ ਦਿਨ ਵੇਲੇ, ਕੋਈ ਟਾਵਾਂ ਵਿਰਲਾ ਵਿਅਕਤੀ ਹੀ ਰੁਕਦਾ ਹੈ, ਪਰੰਤੂ ਸ਼ਾਮ ਢਲਦਿਆਂ ਹੀ ਇੱਥੇ ਮਹਿੰਗੀਆਂ ਗੱਡੀਆ ‘ਚ ਸਵਾਰ ਵੱਡੇ ਲੋਕ,ਆਪੋ-ਆਪਣੇ ਲਾਮ ਲਸ਼ਕਰ ਨਾਲ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਸ਼ਾਮ ਪੰਜ ਵਜੇ ਸ਼ਾਮ ਤੋਂ ਸ਼ੁਰੂ ਹੋ ਕੇ ਸਵੇਰ ਦੇ 5 ਵਜੇ ਤੱਕ ਚੱਲਣ ਵਾਲੇ ਜੂਏ ,ਦੜੇ -ਸੱਟੇ (ਦਾਅਨੀ,ਸਟ੍ਰੈਗਰ,ਮਟਕਾ,ਕ੍ਰਿਕਟ ਮੈਚਾਂ ਤੇ ਸੱਟਾ ਆਦਿ )’ਚ ਰੋਜ਼ਾਨਾ ਡੇਢ ਤੋਂ ਦੋ ਕਰੋੜ ਰੁਪਏ ਦੀ ਜਿੱਤ-ਹਾਰ ਅਕਸਰ ਹੁੰਦੀ ਰਹਿੰਦੀ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਇਸ ਅੱਡੇ ਦਾ ਸਰਗਨਾ (Master) ਪਹਿਲਾਂ ਬਠਿੰਡਾ ਵਿੱਚ ਆਪਣਾ ਅੱਡਾ ਚਲਾਉਂਦਾ ਸੀ। ਪਰਤੂੰ, ਉੱਥੋਂ ਦੇ ਐਸ.ਐਸ.ਪੀ. ਹਰਮਨਬੀਰ ਸਿੰਘ ਗਿੱਲ ਦੇ ਆਉਂਦਿਆਂ ਹੀ ਕੀਤੀ ਸਖਤੀ ਤੋਂ ਬਾਅਦ ਇਹੋ ਮਾਸਟਰ ਨੇ ਆਪਣੇ ਹੋਰ ਚੇਲੇ ਚਾਟਡਿਆਂ ਨੂੰ ਨਾਲ ਲੈ ਕੇ ਬਰਨਾਲਾ ਜ਼ਿਲ੍ਹੇ ਅੰਦਰ ਆ ਕੇ ਇੱਕ ਸੁੰਨ-ਸਾਨ ਜਿਹੇ ਢਾਬੇ ਤੇ ਆਪਣਾ ਡੇਰਾ ਜਮਾ ਲਿਆ। ਇਹ ਨਵਾਂ ਅੱਡਾ ਕਾਇਮ ਹੋਣ ਤੋਂ ਤੁਰੰਤ ਬਾਅਦ ਹੀ, ਪਹਿਲਾਂ ਤੋਂ ਇਸ ਅੱਡੇ ਤੋਂ ਕਰੀਬ ਕੁੱਝ ਕਿਲੋਮੀਟਰ ਦੂਰੀ ਤੇ ਸਥਿਤ ਇੱਕ ਮੰਡੀ ਅੰਦਰ ਜੂਏ ਅਤੇ ਦੜੇ- ਸੱਟੇ ਦਾ ਅੱਡਾ ਚਲਾ ਰਹੇ, ਬਰਨਾਲਾ ਦੇ ਸਿਆਸੀ ਗਲਿਆਰਿਆਂ ਦੇ ਪਲਟੂ ਰਾਮ ਦੇ ਕਰੀਬੀ ਰਿਸ਼ਤੇਦਾਰ, ਜੁਆਰੀਆਂ ਨੇ ਵੀ ਢਾਬੇ ਤੇ ਚੱਲਣ ਵਾਲੇ ਅੱਡੇ ਚ ਆਪਣੀ ਪੱਤੀ ਪਾ ਲਈ। ਇਹ ਵੀ ਪਤਾ ਲੱਗਿਆ ਹੈ ਕਿ ਸ਼ਾਮ 5 ਵਜੇ ਤੋਂ ਲੈ ਕੇ ਰਾਤ 9:30 ਤੱਕ ਮਲੇਰਕੋਟਲਾ ਦਾ ਰਹਿਣ ਵਾਲਾ ‘ਤੇ ਹਿੰਦੀ ਫਿਲਮਾਂ ਦੇ ਪਿੱਠਵਰਤੀ ਗਾਇਕ ਦੇ ਨਾਮ ਵਾਲਾ ਵੱਡਾ ਜੁਆਰੀ ਅਤੇ 9:30 ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਠਿੰਡਾ ਤੋਂ ਆਉਣ ਵਾਲਾ ਮਾਸਟਰ ਕਮਾਂਡ ਸੰਭਾਲਦਾ ਹੈ। ਪੁਖਤਾ ਜਾਣਕਾਰੀ ਇਹ ਵੀ ਆਈ ਹੈ ਕਿ ਸ਼ਾਮ 5 ਵਜੇ ਤੋਂ 9:30 ਵਜੇ ਤੱਕ ਚੱਲਣ ਵਾਲੀ ਗੇਮ ਵਿੱਚ ਛੋਟੀਆਂ ਬਾਜ਼ੀਆਂ ਲੱਗਦੀਆਂ ਹਨ, ਜਦੋਂਕਿ ਰਾਤ 9:30 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਚੱਲਣ ਵਾਲੀ ਬਾਜ਼ੀ ਵਿੱਚ 25- 30 ਲੱਖ ਰੁਪਏ ਤੱਕ ਇੱਕ ਪੱਤੇ ਤੇ ਬਾਜ਼ੀ ਖੇਡੀ ਜਾਂਦੀ ਹੈ। ਇੱਕ ਦਿਨ ਤਾਂ ਅਜਿਹਾ ਵੀ ਵੇਖਣ ਨੂੰ ਮਿਲਿਆ ਕਿ ਇੱਕ ਪੱਤਾ ਮੰਗਣ ਤੇ ਹੀ ਲੱਖਾਂ ਰੁਪਏ ਦੀ ਹਾਰ ਜਿੱਤ ਹੋ ਗਈ।