ਰਿਚਾ ਨਾਗਪਾਲ, ਪਟਿਆਲਾ, 2 ਸਤੰਬਰ 2023
ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਨੈਕ ਕੋਆਰਡੀਨੇਟਰ ਡਾ. ਵਨੀਤਾ ਰਾਣੀ ਨੇ ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਦੀ ਅਗਵਾਈ ਹੇਠ ਨੈਕ ਦੀਆਂ ਤਿਆਰੀਆਂ ਸਬੰਧੀ ਵਰਕਸ਼ਾਪ ਕਰਵਾਈ। ਵਰਕਸ਼ਾਪ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਡਾ. ਵਿਸ਼ਾਲ ਗੋਇਲ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਉਚੇਰੀ ਸਿੱਖਿਆ ਵਿਭਾਗ, ਪੰਜਾਬ ਵੱਲੋਂ ਨੈਕ ਦੀਆਂ ਤਿਆਰੀਆਂ ਬਾਰੇ ਸੰਸਥਾਵਾਂ ਨੂੰ ਮਾਰਗ ਦਰਸ਼ਨ ਕਰਨ ਲਈ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ। 
ਡਾ. ਵਿਸ਼ਾਲ ਗੋਇਲ ਨੇ ਕਾਲਜ ਪ੍ਰਿੰਸੀਪਲ, ਨੈਕ ਕੋਆਰਡੀਨੇਟਰ ਅਤੇ ਟੀਮ ਨੂੰ ਨੈਕ ਪੀਅਰ ਟੀਮ ਦੇ ਦੌਰੇ ਲਈ ਯੋਗਤਾਵਾਂ ਨੂੰ ਸਫਲਤਾਪੂਰਵਕ ਪਾਸ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਾਲਜ ਦੀ ਆਈਕਿਊਏਸੀ ਕਮੇਟੀ ਅਤੇ ਮਾਪਦੰਡ ਇੰਚਾਰਜਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਐਸ.ਐਸ.ਆਰ. ਦੇ ਗੁਣਾਤਮਕ ਪਹਿਲੂਆਂ ਨੂੰ ਪੇਸ਼ ਕਰਨ ਲਈ ਤਿਆਰੀ ਕਿਵੇਂ ਕਰਨੀ ਹੈ ਇਸ ਬਾਰੇ ਚਰਚਾ ਕੀਤੀ। ਉਨ੍ਹਾਂ ਵੱਖ-ਵੱਖ ਮਾਪ ਦੰਡਾਂ ਦੇ ਇੰਚਾਰਜਾਂ ਵੱਲੋਂ ਪਹਿਲਾਂ ਹੀ ਕੀਤੇ ਗਏ ਕੰਮਾਂ ਦਾ ਮੁਲਾਂਕਣ ਕੀਤਾ ਅਤੇ ਹੋਰ ਸੁਧਾਰ ਕਰਨ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ ਅਤੇ ਵੱਖ-ਵੱਖ ਕਮੇਟੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਪੇਸ਼ ਕਰਨ ਬਾਰੇ ਵਡਮੁੱਲੇ ਸੁਝਾਅ ਵੀ ਸਾਂਝੇ ਕੀਤੇ। ਡਾ. ਗੋਇਲ ਕੋਲ ਪੀਅਰ ਟੀਮ ਮੈਂਬਰ ਵਜੋਂ ਵੱਖ-ਵੱਖ ਕਾਲਜਾਂ ਦਾ ਦੌਰਾ ਕਰਨ ਦਾ ਲੰਮਾ ਤਜਰਬਾ ਹੈ। ਇਸ ਸੈਸ਼ਨ ਦੌਰਾਨ ਉਨ੍ਹਾਂ ਹਰ ਪਹਿਲੂ ‘ਤੇ ਚਾਨਣਾ ਪਾਉਂਦੇ ਹੋਏ ਕੀਮਤੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਾਰੇ ਮਾਪਦੰਡ ਇੰਚਾਰਜਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਪ੍ਰਿੰਸੀਪਲ ਪ੍ਰੋ.(ਡਾ.) ਕੁਸੁਮ ਲਤਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸੈਸ਼ਨ ਦੌਰਾਨ ਕਾਫ਼ੀ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ਨੈਕ ਕਮੇਟੀ ਨੂੰ ਇੱਕ ਬਹੁਤ ਹੀ ਤਜਰਬੇਕਾਰ ਵਿਅਕਤੀ ਦੇ ਤਜਰਬਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।








