ਹਰਿੰਦਰ ਨਿੱਕਾ , ਬਰਨਾਲਾ 2 ਅਗਸਤ 2023
ਸ਼ਹਿਰ ਦੇ ਸੇਖਾ ਰੋਡ ਖੇਤਰ ਅੰਦਰ ਇੱਕ ਘਰ ਵਿੱਚ ਇਕੱਲੀ ਔਰਤ ਨੂੰ ਇੱਕ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਦੋ ਚੋਰ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਗਏ। ਘਟਨਾ ਬਾਰੇ, ਮ੍ਰਿਤਕ ਔਰਤ ਦੀ ਬੇਟੀ ਨੂੰ ਉਦੋਂ ਪਤਾ ਲੱਗਿਆ, ਜਦੋਂ ਉਹ ਕਾਲਜ਼ ਵਿੱਚੋਂ ਪੜ੍ਹ ਕੇ ਆਪਣੇ ਘਰ ਪਹੁੰਚੀ। ਵਾਰਦਾਤ ਦੀ ਸੂਚਨਾ ਮਿਲਿਦਿਆਂ ਹੀ ਐਸ.ਪੀ.ਡੀ. ਰਮਨੀਸ਼ ਚੌਧਰੀ , ਡੀਐਸਪੀ ਸਤਵੀਰ ਸਿੰਘ ਬੈਂਸ ਅਤੇ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ੳ. ਇੰਸਪੈਕਟਰ ਬਲਵੰਤ ਸਿੰਘ ਬਲਿੰਗ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਦੁਪਿਹਰ ਕਰੀਬ ਇੱਕ ਵਜੇ, ਇੱਕ ਮੋਟਰਸਾਈਕਲ ਤੇ ਸਵਾਰ ਦੋ ਜਣੇ, ਸੇਖਾ ਰੋਡ ਤੇ ਪੈਂਦੀ ਗਲੀ ਨੰਬਰ-1/2 ਨੂੰ ਜੋੜਦੀ ਲਿੰਕ ਗਲੀ ਵਿੱਚ ਰਹਿੰਦੇ ਅਤੇ ਸੰਗਰੂਰ-ਬਰਨਾਲਾ ਰੋਡ ਤੇ ਸਥਿਤ ਵਿੰਟੇਜ ਰੈਸਟੋਰੈਂਟ ਪਰ ਬਤੌਰ ਸਟੋਰ ਕੀਪਰ ਕੰਮ ਕਰਦੇ ਜਸਵੰਤ ਰਾਏ ਦੇ ਘਰ ਅੰਦਰ ਦਾਖਿਲ ਹੋਏ। ਉਸ ਸਮੇਂ ਘਰ ਅੰਦਰ ਜਸਵੰਤ ਰਾਏ ਦੀ ਪਤਨੀ ਮੰਜੂ ਬਾਲਾ (49) ਸਾਲ ਇਕੱਲੀ ਹੀ ਸੀ, ਜਦੋਂਕਿ ਉਸ ਦੀ ਬੇਟੀ ਤਾਨਵੀ ਕਾਲਜ਼ ਪੜ੍ਹਨ ਲਈ ਗਈ ਹੋਈ ਸੀ। ਜਦੋਂ ਉਹ ਪੜ੍ਹਕੇ ਘਰ ਪਰਤੀ ਤਾਂ ਉਸ ਨੇ ਆਪਣੀ ਮਾਂ ਮੰਜੂ ਬਾਲਾ ਨੂੰ ਬੇਸੁੱਧ ਡਿੱਗੀ ਪਈ ਦੇਖਿਆ ਅਤੇ ਘਰ ਦਾ ਕਾਫੀ ਸਮਾਨ ਖਿੱਲਰਿਆ ਪਿਆ ਸੀ। ਤੁਰੰਤ ਹੀ ਉਸ ਨੇ ਆਪਣੇ ਪਿਤਾ ਨੂੰ ਫੋਨ ਤੇ ਜਾਣਕਾਰੀ ਦਿੱਤੀ ਅਤੇ ਤਾਨਵੀ ਦੇ ਰੋਣ ਚੀਖਣ ਦੀਆਂ ਅਵਾਜਾਂ ਸੁਣ ਕੇ ਆਂਢੀ ਗੁਆਂਢੀ ਵੀ ਇਕੱਠੇ ਹੋ ਗਏ। ਜਿੰਨ੍ਹਾਂ ਨੇ ਮੰਜੂ ਬਾਲਾ ਨੂੰ ਸਿਵਲ ਹਸਪਤਾਲ ਦਾਖਿਲ ਕਰਵਾਇਆ। ਡਾਕਟਰਾਂ ਨੇ ਮੰਜੂ ਬਾਲਾ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। ਜਦੋਂ ਨੂੰ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ੳਦੋਂ ਤੱਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਥਿਤ ਚੋਰ ਫਰਾਰ ਹੋ ਚੁੱਕੇ ਸਨ।
ਪੁਲਿਸ ਜਾਂਚ ਕਰ ਰਹੀ ਹੈ, ਜਾਂਚ ਤੋਂ ਪਹਿਲਾਂ ਕੁੱਝ ਕਹਿਣਾ ਠੀਕ ਨਹੀਂ- ਐਸ.ਪੀ. ਚੌਧਰੀ
ਮੌਕਾ ਵਾਰਦਾਤ ਪਰ ਪਹੁੰਚੇ ਐਸ.ਪੀ.ਡੀ ਰਮਨੀਸ਼ ਚੌਧਰੀ ਨੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਪੁਲਿਸ ਵਾਰਦਾਤ ਦੀ ਸਾਰੇ ਪੱਖਾਂ ਤੋਂ ਜਾਂਚ ਕਰ ਰਹੀ ਹੈ। ਘਰ ਵਿੱਚੋਂ ਕੁੱਝ ਚੋਰੀ ਹੋਣ ਬਾਰੇ ਵੀ ਪਰਿਵਾਰ ਦੇ ਮੈਂਬਰਾਂ ਨੇ ਫਿਲਹਾਲ ਪੁਲਿਸ ਨੂੰ ਕੁੱਝ ਵੀ ਨਹੀਂ ਦੱਸਿਆ। ਉਨ੍ਹਾਂ ਦੱਸਿਆ ਕਿ ਵਾਰਦਾਤ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਤੋਂ ਪਤਾ ਲੱਗਿਆ ਹੈ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਜਣੇ, ਮੰਜੂ ਬਾਲਾ ਦੇ ਘਰ ਪਹੁੰਚੇ, ਜਿੰਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ। ਮੋਟਰਸਾਈਕਲ ਦੀ ਨੰਬਰ ਪਲੇਟ ਵੀ ਪਹਿਲੀ ਨਜਰੇ ਪੜ੍ਹੀ ਨਹੀਂ ਜਾ ਰਹੀ ਸੀ। ਪੁਲਿਸ ਨੇ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਪੈੜ ਨੱਪਣ ਲਈ ਡੌਗ ਸੁਕੈਅਡ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਮੱਦਦ ਲਈ ਜਾ ਰਹੀ ਹੈ। ਪੁਲਿਸ ਛੇਤੀ ਹੀ ਘਟਨਾ ਦਾ ਸੁਰਾਗ ਲੱਭਣ ਵਿੱਚ ਸਫਲ ਹੋ ਜਾਵੇਗੀ।ਡੀਐਸਪੀ ਬੈਂਸ ਨੇ ਕਿਹਾ ਕਿ ਪੁਲਿਸ ਦੋਸ਼ੀਆਂ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰਕੇ,ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਵੇਗੀ,ਉਨਾਂ ਕਿਹਾ ਕਿ ਮ੍ਰਿਤਕਾ ਦੇ ਪਤੀ ਜਸਵੰਤ ਰਾਏ ਅਨੁਸਾਰ ਘਰ ਅੰਦਰੋਂ ਕੁਝ ਸੋਨੇ ਦੇ ਗਹਿਣੇ ਗਾਇਬ ਹਨ। ਐਸ.ਐਚ.ੳ. ਇੰਸਪੈਕਟਰ ਬਲਵੰਤ ਸਿੰਘ ਬਲਿੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਥਾਂ ਤੇ ਕੋਈ ਅਪਰਾਧਿਕ ਘਟਨਾ ਵਾਪਰਦੀ ਹੈ ਤਾਂ ਇਸ ਦੀ ਸੂਚਨਾ ਤੁੰਰਤ ਪੁਲਿਸ ਨੂੰ ਦੇਣੀ ਚਾਹੀਂਦੀ ਹੈ ਤਾਂਕਿ ਅਪਰਾਧੀਆਂ ਨੂੰ ਫੜ੍ਹਣ ਅਤੇ ਵਾਰਦਾਤ ਦਾ ਸੁਰਾਗ ਲੱਭਣ ਵਿੱਚ ਪੁਲਿਸ ਟੀਮ ਨੂੰ ਮੱਦਦ ਮਿਲ ਸਕੇ। ਉਨ੍ਹਾਂ ਕਿਹਾ ਕਿ ਹਰ ਐਂਗਲ ਖੰਗਾਲਿਆ ਜਾ ਰਿਹਾ ਹੈ ,ਪੁਲਿਸ ਅਧੁਨਿਕ ਢੰਗ ਤਰੀਕਿਆਂ ਨਾਲ ਤਫਤੀਸ਼ ਕਰਕੇ,ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਵੇਗੀ।