ਦਫਤਰ ਖੁੱਲ੍ਹਦਿਆਂ ਹੀ ਲੋਕਾਂ ਨੇ ਪਾ ਲਿਆ ਘੇਰਾ ‘ਤੇ,,
ਕੰਮ ‘ਚ ਆਈ ਖੜੋਤ ,ਤੋਂ ਆਖਿਰ ਅੱਕ ਗਏ ਲੋਕ,, ਦੇਤੀ ਚਿਤਾਵਨੀ
ਹਰਿੰਦਰ ਨਿੱਕਾ , ਬਰਨਾਲਾ 31 ਜੁਲਾਈ 2023
ਪੰਜਾਬ ਦੀ ਸੂਬਾ ਸਰਕਾਰ ਬਦਲਣ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਅੰਦਰ ਵਿਕਾਸ ਕੰਮਾਂ ‘ਚ ਆਈ ਖੜੋਤ ਤੋਂ ਅੱਕੇ ਲੋਕਾਂ ਨੇ ਅੱਜ ਦਫਤਰ ਖੁੱਲ੍ਹਦਿਆਂ ਹੀ ਨਗਰ ਕੌਂਸਲ ਦਫਤਰ ਨੂੰ ਘੇਰਾ ਪਾ ਲਿਆ । ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਜ਼ੋਰਦਾਰ ਹੱਲਾ ਬੋਲਦਿਆਂ ਵੱਡੀ ਗਿਣਤੀ ਵਿੱਚ ਵਾਰਡ ਨੰਬਰ ਤਿੰਨ ਤੇ ਚਾਰ ਦੇ ਲੋਕਾਂ ਨੇ ਅਣਮਿੱਥੇ ਸਮੇਂ ਲਈ,ਧਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਸਾਡੇ ਇਲਾਕੇ ਦੀ ਟੋਇਆਂ ਵਾਲੀ ਸੜਕ ਦੀ ਹਾਲਤ ਨੂੰ ਸੁਧਾਰੇ ਜਾਣ ਦਾ ਤਸੱਲੀਬਖਸ਼ ਭਰੋਸਾ ਮਿਲਣ ਉਪਰੰਤ ਹੀ, ਉਹ ਧਰਨਾ ਖਤਮ ਕਰਨਗੇ। ਧਰਨੇ ਦੀ ਅਗਵਾਈ ਵਾਰਡ ਨੰਬਰ 3 ਦੀ ਕਾਂਗਰਸੀ ਕੌਂਸਲਰ ਬੀਬੀ ਗਿਆਨ ਕੌਰ ਨੇ ਕੀਤੀ। ਪ੍ਰਦਰਸ਼ਨਕਾਰੀਆਂ ਦਾ ਸਾਥ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮਹੇਸ਼ ਲੋਟਾ , ਕੌਂਸਲਰ ਭੁਪਿੰਦਰ ਸਿੰਘ ਭਿੰਦੀ, ਅਜੇ ਕੁਮਾਰ, ਗੁਰਪ੍ਰੀਤ ਸਿੰਘ ਕਾਕਾ ਡੈਂਟਰ , ਖੁਸ਼ੀ ਮੁਹੰਮਦ, ਸਰਪੰਚ ਗੁਰਦਰਸ਼ਨ ਸਿੰਘ ਬਰਾੜ, ਸਾਬਕਾ ਕੌਂਸਲਰ ਤੇ ਕਾਂਗਰਸੀ ਆਗੂ ਜਸਵਿੰਦਰ ਸਿੰਘ ਟਿੱਲੂ ਅਤੇ ਗੁਰਬਾਜ ਸਿੰਘ ਆਦਿ ਨੇ ਡਟਕੇ ਦਿੱਤਾ। ਨਗਰ ਕੌਂਸਲ ਦਫਤਰ ਵਿੱਚ ਬੈਠੇ ਆਮ ਆਦਮੀ ਪਾਰਟੀ ਦੇ ਸਮੱਰਥਕ ਕੁੱਝ ਕੌਂਸਲਰ, ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਭਰੋਸਾ ਦੇਣ ਦਾ ਹੌਂਸਲਾ ਵੀ ਨਹੀਂ ਜੁਟਾ ਸਕੇ। ਆਖਿਰ ਕੁੱਝ ਸਮੇਂ ਦੀ ਜ਼ੋਰਦਾਰ ਨਾਅਰੇਬਾਜੀ ਉਪਰੰਤ ਨਗਰ ਕੋਂਸਲ ਦੇ ਈ.ੳ. ਵਿਸ਼ਾਲਦੀਪ ਬਾਂਸਲ , ਜੇ.ਈ. ਸਲੀਮ ਮੁਹੰਮਦ ਅਤੇ ਹੋਰ ਕਰਮਚਾਰੀਆਂ ਦੀ ਟੀਮ ਸਣੇ ਤਕੜਾ ਜੇਰਾ ਕਰਕੇ,ਪ੍ਰਦਰਸ਼ਨਕਾਰੀਆਂ ਕੋਲ ਪਹੁੰਚੇ ਅਤੇ ਲੋਕਾਂ ਤੋਂ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਪ੍ਰਦਰਸ਼ਨ ਦੀ ਵਜ੍ਹਾ ਪੁੱਛੀ। ਈ.ੳ. ਨੇ ਪ੍ਰਦਰਸ਼ਨਕਾਰੀਆਂ ਦੇ ਨੁਮਾਇੰਦਿਆਂ ਨੂੰ ਦਤਫਰ ਵਿੱਚ ਬਹਿ ਕੇ, ਗੱਲਬਾਤ ਕਰਨ ਅਤੇ ਸਮੱਸਿਆ ਦੇ ਹੱਲ ਦਾ ਭਰੋਸਾ ਵੀ ਦਿੱਤਾ। ਪਰੰਤੂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਮੈਮੋਰੰਡਮ ਦੇ ਰੂਪ ਵਿੱਚ ਲਿਖਤੀ ਦੁਰਖਾਸਤ ਸੌਂਪ ਕੇ ਹੀ ਮਿਲਣਗੇ।
ਹੰਗਾਮਾ ਕਿਉਂ ਹੋਇਆ,,,,
ਵਾਰਡ ਨੰਬਰ 3 ਦੀ ਕੌਂਸਲਰ ਬੀਬੀ ਗਿਆਨ ਕੌਰ, ਪ੍ਰਭਾਵਿਤ ਇਲਾਕੇ ਦੇ ਬਾਸ਼ਿੰਦੇ ਅਵਤਾਰ ਸਿੰਘ , ਮਹਿੰਦਰ ਪਾਂਡੇ, ਗਣਪਤ ਰਾਏ, ਫਕੀਰ ਚੰਦ, ਪਰਮਜੀਤ ਕੌਰ, ਰਿੰਕੂ ਕੌਰ, ਸੁਨੀਤਾ ਰਾਣੀ ਅਤੇ ਰਣਜੀਤ ਕੁਮਾਰ ਆਦਿ ਨੇ ਦੱਸਿਆ ਕਿ ਸ਼ਹਿਰ ਦੇ ਰਾਮਗੜੀਆ ਰੋਡ ਤੇ ਪੈਂਦੇ ਬੱਬਰਾਾਂ ਵਾਲਾ ਪਹਾ, ਨੇੜੇ ਮਾਤਾ ਚਿੰਤਪੂਰਨੀ ਮੰਦਿਰ ਕੋਲ ਮੁੱਖ ਸੜਕ ਕਾਫੀ ਖਸ਼ਤਾ ਹਾਲਤ ਵਿੱਚ ਹੈ, ਟੋਇਆਂ ਕਾਰਣ, ਸੜਕ ਦਾ ਵਜੂਦ ਹੀ ਖਤਮ ਹੋ ਚੁੱਕਾ ਹੈ। ਨਾ ਕੋਈ ਸੀਵਰੇਜ ਤੇ ਨਾ ਹੀ ਪਾਣੀ ਅਤੇ ਸਟਰੀਟ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈ। ਉਨਾਂ ਕਿਹਾ ਕਿ ਇਲਾਕੇ ਅੰਦਰ ਦੋ ਸੌ ਦੇ ਕਰੀਬ ਘਰ ਹਨ, ਇੱਥੇ ਬਹੁਤੇ ਘਰ ਗਰੀਬ ਲੋਕਾਂ ਦੇ ਹੀ ਹਨ। ਉਨਾਂ ਕਿਹਾ ਕਿ ਸੜਕ ਤੇ ਪਹਿਲਾਂ ਪਈਆਂ ਇੱਟਾਂ ਵੀ ਪੁੱਟ ਦਿੱਤੀਆਂ ਹਨ, ਪਰ ਨਵੀ ਸੜਕ ਬਣਾਉਣ ਦਾ ਕੰਮ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਹੈ। ਹੁਣ ਅੱਕ ਕੇ, ਲੋਕਾਂ ਨੂੰ ਸੰਘਰਸ਼ ਦੇ ਰਾਹ ਪੈਣ ਨੂੰ ਮਜਬੂਰ ਹੋਣਾ ਪਿਆ ਹੈ। ਟੁੱਟੀ ਸੜਕ ਦੇ ਟੋਇਆਂ ਵਿੱਚ ਬਰਸਾਤਾਂ ਕਰਕੇ, ਪਾਣੀ ਖੜਾ ਰਹਿੰਦਾ ਹੈ, ਜਿਸ ਕਾਰਣ ਲੋਕਾਂ ਦਾ ਉੱਥੋਂ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ, ਉਤੋਂ ਬੀਮਾਰੀਆਂ ਫੈਲਣ ਦਾ ਖਤਰਾ ਵੀ ਲੋਕਾਂ ਦੇ ਸਿਰ ਤੇ ਮੰਡਰਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ,ਛੇਤੀ ਹੀ ਵਾਰਡ ਦਾ ਕੰਮ ਨਾ ਚਲਾਇਆ ਗਿਆ ਤਾਂ ਉਹ ਮਜਬੂਰ ਹੋ ਕੇ, ਹੋਰ ਵੀ ਤਿੱਖਾ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹੱਟਣਗੇ।
ਆ ਤਾਂ ਬੇਇਨਸਾਫੀ ਦੀ ਸਿਖਰ ਐ ,,
ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਦਾ ਖੁੱਲ੍ਹ ਕੇ ਸਮਰਥਨ ਕਰਦਿਆਂ ਕਿਹਾ ਕਿ ਸ਼ਹਿਰ ਦੀਆਂ ਕਾਫੀ ਅਜਿਹੀਆਂ ,ਧਨਾਢ ਵਿਅਕਤੀਆਂ ਵੱਲੋਂ ਉਸਾਰੀ ਅਧੀਨ ਕਲੋਨੀਆਂ ਵੀ ਹਨ, ਜਿੱਥੇ ਕੋਈ ਆਬਾਦੀ ਨਹੀਂ, ‘ਤੇ ਉੱਥੇ ਸੀਵਰੇਜ, ਪਾਣੀ ਦੀ ਪਾਈਪ ਲਾਈਨ ਅਤੇ ਸੜਕਾਂ ਵੀ ਬਣਾਈਆਂ ਹੋਈਆਂ ਹਨ। ਪਰੰਤੂ ਅਖੌਤੀ ਆਮ ਲੋਕਾਂ ਦੀ ਸਰਕਾਰ ਦੇ ਰਾਜ ਵਿੱਚ ਗਰੀਬ ਲੋਕ ਮੁੱਢਲੀਆਂ ਸਹੂਲਤਾਂ ਲੈਣ ਲਈ ਵੀ ਸੜਕਾਂ ਦੇ ਉੱਤਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਤਰਾਂ ਲੋਕਾਂ ਦੇ ਨਾਲ ਹਾਂ, ਹਰ ਵਾਰਡ ਪੱਧਰ ਦੇ ਸੰਘਰਸ਼ ਕਮੇਟੀਆਂ ਕਾਇਮ ਕਰਕੇ,ਉਨਾਂ ਦੇ ਇਲਾਕਿਆਂ ਅੰਦਰ ਵਿਕਾਸ ਕੰਮ ਕਰਵਾਉਣ ਲਈ ਸੰਘਰਸ਼ ਦਾ ਰਾਹ ਹੀ ਫੜ੍ਹਿਆ ਜਾਵੇਗਾ। ਉਨਾਂ ਕੈਬਨਿਟ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਕਿਹਾ , ਤੁਸੀਂ ਪਹਿਲਾਂ ਗੱਲ ਗੱਲ ਤੇ ਕਹਿੰਦੇ ਸੀ, ਮੇਰੀ ਪਾਰਟੀ ਦੀ ਸਰਕਾਰ ਆਉਣ ਦਿਉ, ਸ਼ਹਿਰ ਦੇ ਸਾਰੇ ਕੰਮ ਕਰਵਾ ਦਿਆਂਗਾ। ਹੁਣ ਤਾਂ ਤੁਹਾਡੀ ਸਰਕਾਰ ਹੀ ਨਹੀਂ, ਤੁਸੀਂ ਖੁਦ ਹੀ ਸਰਕਾਰ ਹੋ, ਵਜੀਰ ਹੋ, ਫਿਰ ਤੜਫਦੇ ਲੋਕਾਂ ਦੇ ਕੰਮ ਕਰਕੇ, ਆਪਣਾ ਵਾਅਦਾ ਕਿਉਂ ਨਹੀਂ ਪੂਰਾ ਕਰ ਰਹੇ।
ਕੰਮ ਤਾਂ ਕੀ ਹੋਣਾ ਸੀ, ਟਾਇਲਾਂ ਹੀ ਚੁੱਕ ਕੇ ਲੈ ਗਏ,,,
ਪ੍ਰਦਰਸ਼ਨਕਾਰੀ ਪਰਮਜੀਤ ਸਿੰਘ ਭੰਗੂ ਨੇ ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਇੰਟਰਲੌਕ ਟਾਇਲਾਂ ਲਾਉਣ ਦਾ ਕੰਮ ਸ਼ੁਰੂ ਕਰਵਾਉਣ ਦੀ ਫੋਟੋ ਮੀਡੀਆ ਨੂੰ ਦਿਖਾਉਂਦਿਆਂ ਕਿਹਾ ਕਰੀਬ ਇੱਕ ਸਾਲ ਪਹਿਲਾਂ ਮੰਤਰੀ ਸਾਬ੍ਹ। ਖੁਦ ਸਾਡੇ ਇਲਾਕੇ ਦੀ ਇਸ ਸੜਕ ਤੇ ਟਾਈਲਾਂ ਪਾਉਣ ਦਾ ਕੰਮ ਸ਼ੁਰੂ ਕਰਵਾ ਕੇ ਗਏ ਸਨ, ਉਸ ਤੋਂ ਬਾਅਦ ਕੰਮ ਤਾਂ ਕੀ ਹੋਣਾ ਸੀ, ਇੰਟਰਲੌਕ ਟਾਈਲਾਂ ਵੀ ਚੁੱਕ ਕੇ ਲੈ ਗਏ। ਉਨ੍ਹਾਂ ਕਿਹਾ ਕਿ ਅਸੀਂ, ਮੰਤਰੀ ਵੱਲੋਂ ਕੰਮ ਸ਼ੁਰੂ ਕੀਤੇ ਜਾਣ ਦੀ ਫੋਟੋ ਵਾਲੀ ਫਲੈਕਸ ਲਗਾ ਕੇ ,ਲੋਕਾਂ ਨੂੰ ਹਕੀਕਤ ਤੋਂ ਜਾਣੂ ਕਰਵਾਵਾਂਗੇ। ਕਾਰਜ ਸਾਧਕ ਅਫਸਰ ਵਿਸ਼ਾਲਦੀਪ ਬਾਂਸਲ ਨੇ ਪੁੱਛਣ ਤੇ ਕਿਹਾ ਕਿ ਹਾਲੇ ਤੱਕ ਮੈਨੂੰ ਪੂਰੀ ਸਮੱਸਿਆ ਬਾਰੇ ਹੀ ਜਾਣਕਾਰੀ ਨਹੀਂ ਹੈ, ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ, ਕੰਮ ਵਿੱਚ ਆਈ ਖੜੋਤ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਵੇਗਾ।