ਪਵਿੱਤਰ ਐੱਮਐੱਸਜੀ ਭੰਡਾਰੇ ’ਚ ਆਇਆ ਲੋਕਾਈ ਦਾ ਹੜ੍ਹ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਆਨਲਾਈਨ ਰੂਹਾਨੀ ਸਤਿਸੰਗ
ਸਾਡੀ ਜ਼ਿੰਦਗੀ ਦਾ ਮਕਸਦ ਸਮਾਜ ਦਾ ਭਲਾ ਕਰਨਾ: ਪੂਜਨੀਕ ਗੁਰੂ ਜੀ
ਅਸ਼ੋਕ ਵਰਮਾ , ਸਲਾਬਤਪੁਰਾ, 29 ਜਨਵਰੀ 2023
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਮਨਾਏ ਪਵਿੱਤਰ ਐੱਮਐੱਸਜੀ ਭੰਡਾਰੇ ਮੌਕੇ ਸਾਧ-ਸੰਗਤ ਦਾ ਹੜ ਆ ਗਿਆ। 50 ਲੱਖ ਤੋਂ ਜ਼ਿਆਦਾ ਗਿਣਤੀ ’ਚ ਸਾਧ-ਸੰਗਤ ਨੇ ਪਵਿੱਤਰ ਭੰਡਾਰੇ ’ਚ ਸ਼ਿਰਕਤ ਕੀਤੀ। ਪ੍ਰਬੰਧਕਾਂ ਵੱਲੋਂ ਪਵਿੱਤਰ ਭੰਡਾਰੇ ਮੌਕੇ ਪਹੁੰਚੀ ਸਾਧ-ਸੰਗਤ ਲਈ ਭਾਵੇਂ ਆਪਣੇ ਪੱਧਰ ’ਤੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਸਨ ਪਰ ਸਾਧ-ਸੰਗਤ ਦੇ ਉਤਸ਼ਾਹ ਅੱਗੇ ਸਾਰੇ ਪ੍ਰਬੰਧ ਛੋਟੇ ਪੈ ਗਏ। ਸਾਧ-ਸੰਗਤ ਦੇ ਬੈਠਣ ਲਈ ਲਗਭਗ 100 ਏਕੜ ’ਚ 8 ਪੰਡਾਲ ਬਣਾਏ ਗਏ ਸਨ । ਪਰ ਸਾਧ-ਸੰਗਤ ਏਨੀ ਵੱਡੀ ਗਿਣਤੀ ’ਚ ਪਹੁੰਚੀ ਕਿ ਸਾਰੇ ਪੰਡਾਲ ਫੁੱਲ ਹੋ ਗਏ। ਸੜਕਾਂ ’ਤੇ 12 ਕਿਲੋਮੀਟਰ ਤੱਕ ਜਾਮ ਲੱਗ ਗਏ ਜਿਸ ਕਾਰਨ ਸਾਧ-ਸੰਗਤ ਨੂੰ 5 ਕਿਲੋਮੀਟਰ ਤੱਕ ਪੈਦਲ ਚੱਲ ਕੇ ਸਤਿਸੰਗ ਪੰਡਾਲਾਂ ਤੱਕ ਪਹੰੁਚਣਾ ਪਿਆ। ਭੰਡਾਰੇ ਦੇ ਸਮੇਂ ਤੱਕ ਸਾਧ-ਸੰਗਤ ਲਈ ਬਣਾਏ ਪੰਡਾਲ ਭਰ ਚੁੱਕੇ ਸਨ , ਜਿਸ ਕਰਕੇ ਵੱਡੀ ਗਿਣਤੀ ਸਾਧ-ਸੰਗਤ ਨੂੰ ਸੜਕਾਂ ’ਤੇ ਖੜ੍ਹ ਕੇ ਜਾਂ ਫਿਰ ਆਪਣੇ-ਆਪਣੇ ਵਾਹਨਾਂ ’ਚ ਬੈਠ ਕੇ ਹੀ ਪਵਿੱਤਰ ਭੰਡਾਰਾ ਸੁਣਨਾ ਪਿਆ। ਪਵਿੱਤਰ ਭੰਡਾਰੇ ਮੌਕੇ ਜਿੱਥੇ ਪੰਜਾਬ ’ਚੋਂ ਵੱਡੀ ਗਿਣਤੀ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਆਪਣੇ ਪਿੰਡਾਂ ’ਚ ਨਸ਼ਿਆਂ ਦੇ ਖਾਤਮੇ ਦਾ ਪ੍ਰਣ ਲਿਆ ਉੱਥੇ ਲੱਖਾਂ ਦੀ ਗਿਣਤੀ ’ਚ ਨੌਜਵਾਨਾਂ ਨੇ ਵੀ ਨਸ਼ੇ ਤੇ ਹੋਰ ਬੁਰਾਈਆਂ ਛੱਡੀਆਂ। ਇਸ ਦੌਰਾਨ ਇੱਕ ਲੜਕੀ, ਜੋ ਕਿ ਨਸ਼ਿਆਂ ਦੇ ਚੁੰਗਲ ਵਿੱਚ ਫਸੀ ਹੋਈ ਸੀ , ਨੇ ਵੀ ਨਸ਼ੇ ਛੱਡਣ ਦੇ ਨਾਲ ਆਪ ਬੀਤੀ ਸੁਣਾਈ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ (ਯੂਪੀ) ਆਸ਼ਰਮ ’ਚੋਂ ਆਨਲਾਈਨ ਸਾਧ-ਸੰਗਤ ਦੇ ਰੂਬਰੂ ਹੋਏ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸਾਰੀ ਸਾਧ-ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਫਰਮਾਇਆ ਕਿ ਸਾਈਂ ਸ਼ਾਹ ਮਸਤਾਨਾ ਜੀ, ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲੋਂ ਬਣਾਇਆ ਸੱਚਾ ਸੌਦਾ, ਸੱਚ ’ਤੇ ਚਲਦਾ ਆਇਆ ਹੈ ਤੇ ਹਮੇਸ਼ਾ ਸੱਚ ’ਤੇ ਹੀ ਚਲਦਾ ਰਹੇਗਾ। ਅਸੀਂ ਵਾਅਦਾ ਕਰਦੇ ਹਾਂ ਕਿ ਜਿੰਨਾ ਚਿਰ ਸਰੀਰ ’ਚ ਆਖਰੀ ਬੂੰਦ ਹੈ , ਸਾਹ ਹੈ, ਸੱਚ ਦਾ ਸਾਥ ਕਦੇ ਵੀ ਨਹੀਂ ਛੱਡਾਂਗੇ। ਪਰਮ ਪਿਤਾ ਪਰਮਾਤਮਾ ਅੱਲ੍ਹਾ, ਵਾਹਿਗੁਰੂ ਦਾ ਸਾਥ ਕਦੇ ਨਹੀਂ ਛੱਡਾਂਗੇ , ਉਸ ਦੀ ਯਾਦ ’ਚ ਹਮੇਸ਼ਾ ਲੱਗੇ ਰਹਾਂਗੇ ਤੇ ਉਸ ਦੀ ਔਲਾਦ ਲਈ ਹਰ ਉਹ ਭਲਾ ਕੰਮ ਕਰਾਂਗੇ ਜੋ ਵੀ ਸਮਾਜ ਵਿੱਚ ਜ਼ਰੂਰੀ ਹੈ।
ਆਪ ਜੀ ਨੇ ਫਰਮਾਇਆ ਕਿ ਸਾਡੀ ਜ਼ਿੰਦਗੀ ਦਾ ਮਕਸਦ ਸਮਾਜ ਦਾ ਭਲਾ ਕਰਨਾ ਹੈ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਕਿਸੇ ਵੀ ਧਰਮਾਂ ਦੇ ਬਾਰੇ ਗਲਤ ਸ਼ਬਦ ਬੋਲਣ ਦੀ ਕਲਪਨਾ ਵੀ ਨਹੀਂ ਕਰ ਸਕਦੇ। ਸਭ ਧਰਮਾਂ ਦੀ ਸਾਂਝੀ ਸਿੱਖਿਆ ਹੈ ਕਿ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੋ ਤੇ ਹੱਕ ਹਲਾਲ , ਦਸ ਨਹੰੁਆਂ ਦੀ ਕਿਰਤ ਕਰਕੇ ਖਾਓ , ਮਿਹਨਤ ਕਰੋ, ਕਰਮਯੋਗੀ ਬਣੋ ਤੇ ਗਿਆਨ ਯੋਗੀ ਬਣੋ। ਸਾਰੇ ਧਰਮਾਂ ਦੀ ਇਹ ਸਿੱਖਿਆ ਹੈ। ਕਈ ਲਾਗੂ ਕਰਦੇ ਹਨ, ਜ਼ਰੂਰ ਕਰਦੇ ਹੋਣਗੇ ਪਰ ਸਾਨੂੰ ਗਿਣਤੀ ਦਾ ਤਾਂ ਨਹੀਂ ਪਤਾ , ਪਰ ਜੋ ਬੱਚੇ ਸਾਡੇ ਇਨਸਾਨੀਅਤ ’ਤੇ ਪਹਿਰਾ ਦੇ ਰਹੇ ਹਨ, ਉਹਨਾਂ ਦਾ ਸਾਨੂੰ ਜ਼ਰੂਰ ਪਤਾ ਹੈ।
ਆਪ ਜੀ ਫਰਮਾਇਆ ਕਿ ਪੰਜਾਬ ’ਚ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਛੋਟੇ-ਛੋਟੇ ਬੱਚੇ ਨਸ਼ਿਆਂ ’ਚ ਡੁੱਬੇ ਹੋਏ ਹਨ, ਉਧਰ ਕਿਸੇ ਦਾ ਧਿਆਨ ਨਹੀਂ, ਜੇਕਰ ਸਾਰੇ ਹੋਰ ਗੱਲਾਂ , ਹੋਰ ਮੁੱਦੇ ਛੱਡ ਕੇ ਨਸ਼ਿਆਂ ਦੇ ਖਾਤਮੇ ਵੱਲ ਧਿਆਨ ਦੇਣ, ਜਿਸ ਵੀ ਮਾਲਕ ਨੂੰ ਤੁਸੀਂ ਮੰਨਦੇ ਹੋ, ਨਸ਼ਿਆਂ ਦੇ ਜਾਲ ’ਚ ਫਸੇ ਬੱਚਿਆਂ ਦਾ ਧਿਆਨ ਉਸ ਮਾਲਕ ਵੱਲ ਲਾਓਂ ਤਾਂ ਜੋ ਛੋਟੇ-ਛੋਟੇ ਬੱਚਿਆਂ ਨਸ਼ਿਆਂ ਦੇ ਜਾਲ ’ਚ ਫਸੇ ਹੋਏ ਹਨ ਤੇ ਸਮਾਜ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਤੰਦਰੁਸਤ ਬਣਾਇਆ ਜਾ ਸਕਦਾ ਹੈ। ਸਾਡੀ ਸਾਰੇ ਧਰਮਾਂ ਦੇ ਪ੍ਰਚਾਰਕਾਂ ਨੂੰ, ਸਾਰੇ ਧਰਮਾਂ ਦੇ ਨੁਮਾਇੰਦਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਈਏ।
ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਪੂਰੇ ਦਰਬਾਰ ਨੂੰ ਸੁੰਦਰ ਲੜੀਆਂ ਨਾਲ ਸਜਾਇਆ ਗਿਆ ਸੀ । ਪੰਡਾਲ ਵਿੱਚ ਰੰਗ-ਬਰੰਗੇ ਗੁਬਾਰੇ, ਰੰਗੋਲੀ ਤੇ ਫੁੱਲਾਂ ਨਾਲ ਵੱਖ-ਵੱਖ ਤਰ੍ਹਾਂ ਦੀ ਸਜਾਵਟ ਕੀਤੀ ਗਈ ਸੀ। ਇਸ ਤੋਂ ਇਲਾਵਾ ਸਾਧ-ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਮਾਨਵਤਾ ਭਲਾਈ ਕਾਰਜਾਂ ਤਹਿਤ ਸਾਧ-ਸੰਗਤ ਵੱਲੋਂ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਨੂੰ ਆਸ਼ਿਆਨਾ ਮੁਹਿੰਮ ਤਹਿਤ 4 ਮਕਾਨਾਂ ਦੀਆਂ ਚਾਬੀਆਂ ਵੀ ਸੌਂਪੀਆਂ ਗਈਆਂ। ਪਵਿੱਤਰ ਭੰਡਾਰੇ ਦੇ ਆਖੀਰ ’ਚ ਭੰਡਾਰੇ ’ਚ ਪੁੱਜੀ ਹੋਈ ਸਾਧ-ਸੰਗਤ ਲਈ ਪੰਜੀਰੀ ਦੀ 400 ਤੋਂ 500 ਗ੍ਰਾਮ ਦੀ ਪਿੰਨੀ ਤੇ ਪਨੀਰ ਮਲਾਈ ਕੋਫਤੇ ਦਾ ਪ੍ਰਸਾਦ ਵੰਡਿਆ ਗਿਆ ।
ਨਸ਼ਾ ਕਰਨਾ ਹੈ ਤਾਂ ਉਸ ਮਾਲਕ ਦੇ ਨਾਮ ਦਾ ਕਰੋ
ਪੋਸਤ , ਭੰਗ , ਅਫੀਮ ਤੇ ਸ਼ਰਾਬ ਦਾ ਨਸ਼ਾ ਜੇਕਰ ਤੁਸੀਂ ਸਵੇਰੇ ਕਰਦੇ ਹੋ ਤਾਂ ਸ਼ਾਮ ਨੂੰ ਉੱਤਰ ਜਾਂਦਾ ਹੈ ਤੇ ਜੇ ਸ਼ਾਮ ਨੂੰ ਕਰਦੇ ਹੋ ਤਾਂ ਸਵੇਰੇ ਉੱਤਰ ਜਾਂਦਾ ਹੈ ਪਰ ਉਸ ਰਾਮ, ਅੱਲ੍ਹਾ , ਵਾਹਿਗੁਰੂ ਦੇ ਨਾਮ ਦਾ ਨਸ਼ਾ ਜੋ ਕਰਦਾ ਹੈ, ਉਸ ਦਾ ਨਸ਼ਾ ਦੋਨਾਂ ਜਹਾਨਾਂ ’ਚ ਨਹੀਂ ਉੱਤਰਦਾ ਤੇ ਚਿਹਰੇ ’ਤੇ ਨੂਰ ਤੇ ਅੰਦਰ ਸਰੂਰ ਹਮੇਸ਼ਾ ਬਣਿਆ ਰਹਿੰਦਾ ਹੈ।