ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੱਕ ਸਜਾਏ ਨਗਰ ਕੀਰਤਨ ‘ਚ ਸ਼ਾਮਿਲ ਲੱਖਾਂ ਸ਼ਰਧਾਲੂ
ਵਿਧਾਇਕ ਲਖਬੀਰ ਸਿੰਘ ਰਾਏ ਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵਲੋਂ ਸ਼ਹੀਦੀ ਸਭਾ ਦੌਰਾਨ ਮਿਲੇ ਸਹਿਯੋਗ ਲਈ ਸੰਗਤ ਦਾ ਧੰਨਵਾਦ
ਪੰਜਾਬ ਸਰਕਾਰ ਭਵਿੱਖ ਵਿੱਚ ਵੀ ਸੰਗਤ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਲਈ ਵਚਨਬੱਧ
ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 28 ਦਸੰਬਰ 2022
ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਤੋਂ 28 ਦਸੰਬਰ ਤੱਕ ਹੋਈ ਸ਼ਹੀਦੀ ਸਭਾ ਦੇ ਅੰਤਿਮ ਦਿਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਤਕ ਸਜਾਏ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਲ ਹੋਏ।
ਇਸ ਮੌਕੇ ਵਿਧਾਇਕ ਐਡਵੋਕੇਟ ਰਾਏ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਵੱਲੋਂ ਨਿੱਕੀ ਉਮਰ ਵਿੱਚ ਦਿੱਤੀ ਗਈ ਵੱਡੀ ਕੁਰਬਾਨੀ ਦੀ ਮਿਸਾਲ ਦੁਨੀਆਂ ਭਰ ਵਿੱਚ ਕਿਧਰੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਦਸਮਪਿਤਾ ਦੇ ਬਹਾਦਰ ਛੋਟੇ ਸਾਹਿਬਜ਼ਾਦਿਆਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਸ਼ਹਾਦਤ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਕੌਮ ਵਿੱਚ ਨਵਾਂ ਜੋਸ਼ ਭਰਿਆ ਅਤੇ ਜਾਲਮ ਸਾਮਰਾਜ ਦਾ ਜੜ੍ਹੋਂ ਖਾਤਮਾ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਮਹਾਨ ਸ਼ਹੀਦਾਂ ਵੱਲੋਂ ਪਾਏ ਗਏ ਪੂਰਨਿਆਂ ‘ਤੇ ਚੱਲ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸ. ਰਾਏ ਨੇ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਫ਼ਤਹਿਗੜ੍ਹ ਸਾਹਿਬ ਨਤਮਸਤਕ ਹੋਣ ਲਈ ਆਈ ਸੰਗਤ ਦਾ ਵੀ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਇੰਤਜ਼ਾਮ ਕੀਤੇ ਸਨ, ਜਿਸ ਸਦਕਾ ਲੱਖਾਂ ਦੇ ਇਕੱਠ ਦੇ ਬਾਵਜੂਦ ਸੰਗਤ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਏ। ਉਨ੍ਹਾਂ ਕਿਹਾ ਕਿ ਸਰਕਾਰ ਲੱਖਾਂ ਸ਼ਰਧਾਲੂਆਂ ਦੀ ਧੰਨਵਾਦੀ ਹੈ, ਜਿਨ੍ਹਾਂ ਦੇ ਸਹਿਯੋਗ ਨਾਲ ਸ਼ਹੀਦੀ ਸਭਾ ਅਮਨ ਸ਼ਾਂਤੀ ਨਾਲ ਸੰਪੰਨ ਹੋਈ।
ਹਲਕਾ ਬਸੀ ਪਠਾਣਾਂ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਦੁਨੀਆਂ ਭਰ ਵਿੱਚ ਸਤਿਕਾਰੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੰਗਤ ਦੀ ਸੁਰੱਖਿਆ ਤੇ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਕਾਰਨ ਸੰਗਤ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਹੀਂ ਆਏ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਭਵਿੱਖ ਵਿੱਚ ਵੀ ਸੰਗਤ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਦੇਣ ਲਈ ਵਚਨਬੱਧ ਹੈ। ਇਸ ਮੌਕੇ ਜਗਜੀਤ ਸਿੰਘ ਰਿਊਣਾ, ਗੱਜਣ ਸਿੰਘ ਜਲਵੇੜਾ, ਸਨੀ ਚੋਪੜਾ, ਅਮਰਿੰਦਰ ਮੰਡੋਫਲ,ਗੁਰਸਤਿੰਦਰ ਜੱਲਾ,ਰਮੇਸ਼ ਕੁਮਾਰ ਸੋਨੂੰ, ਪ੍ਰਿਤਪਾਲ ਜੱਸੀ, ਮਾਨਵ ਟਿਵਾਣਾ, ਬਹਾਦਰ ਜਲਾਲ,ਬਲਜਿੰਦਰ ਕਾਕਾ ਆਦਿ ਹਾਜ਼ਰ ਸਨ।