ਕੈਪਟਨ ਅਮਰਿੰਦਰ ਦੀ ਧੀ ਜੈ ਇੰਦਰ ਕੌਰ ਨਮਨ ਕਰਨ ਪਹੁੰਚੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ
ਕਿਹਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀਆਂ ਲਾਸਾਨੀ ਹਨ ਅਤੇ ਰਹਿੰਦੀ ਦੁਨੀਆ ਤੱਕ ਇਕ ਮਿਸਾਲ ਬਣਕੇ ਰਹਿਣਗੀਆਂ
ਆਪਣੇ ਪਰਿਵਾਰ ਦਾ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨਾਲ ਵਿਸ਼ੇਸ਼ ਸਬੰਧ ਸਾਂਝਾ ਕੀਤਾ
ਅਸ਼ੋਕ ਧੀਮਾਨ , ਫਤਹਿਗੜ੍ਹ ਸਾਹਿਬ, 26 ਦਸੰਬਰ 2022
ਭਾਰਤੀ ਜਨਤਾ ਪਾਰਟੀ, ਪੰਜਾਬ ਦੀ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਜੈ ਇੰਦਰ ਕੌਰ ਅੱਜ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਛੋਟੇ ਸਾਹਿਬਜ਼ਾਦਿਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ।
ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ, “ਛੋਟੇ ਸਾਹਿਬਜ਼ਾਦੇ ਬਾਬਾ ਫ਼ਤਹਿ ਸਿੰਘ, ਬਾਬਾ ਜ਼ੋਰਾਵਰ ਸਿੰਘ, ਮਾਤਾ ਗੁਜਰੀ ਜੀ ਅਤੇ ਸਰਬੰਸਦਾਨੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ ਦੀ ਸ਼ਹਾਦਤ ਬਹਾਦਰੀ, ਨਿਡਰਤਾ, ਵਿਸ਼ਵਾਸ ਅਤੇ ਸੱਚ ਲਈ ਹਮੇਸ਼ਾਂ ਖੜ੍ਹੇ ਹੋਣ ਦੀ ਮਹਾਨ ਮਿਸਾਲ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੇ ਜੋ ਅਥਾਹ ਕੁਰਬਾਨੀ ਦਿੱਤੀ ਉਹ ਰਹਿੰਦੀ ਦੁਨੀਆ ਤੱਕ ਸਭਨਾਂ ਲਈ ਇੱਕ ਪ੍ਰੇਰਣਾ ਬਣੀ ਰਹੇਗੀ। ਛੋਟੇ ਸਾਹਿਬਜ਼ਾਦੇ ਸਿਰਫ 7 ਅਤੇ 9 ਸਾਲ ਦੇ ਸਨ ਜਦੋਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਨ ਦਾ ਫੈਸਲਾ ਕੀਤਾ ਪਰ ਮੁਗਲਾਂ ਦੀ ਈਨ ਮੂਹਰੇ ਹਾਰ ਨਹੀਂ ਮੰਨੀ। ਇੰਨੀ ਛੋਟੀ ਉਮਰ ਵਿੱਚ ਸਰਬੱਤ ਦੇ ਭਲੇ ਲਈ ਆਪਣੀ ਜਾਨ ਦੇਣੀ, ਅੱਜ ਤੱਕ ਕਦੇ ਨਹੀਂ ਸੁਣਿਆ ਗਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਇਹ ਮਿਸਾਲੀ ਕੁਰਬਾਨੀ ਇਸ ਸਾਰੇ ਸੰਸਾਰ ਵਿੱਚ ਸਭ ਤੋਂ ਮਹਾਨ ਹੈ।”
ਫਤਹਿਗੜ੍ਹ ਸਾਹਿਬ ਦੀ ਧਰਤੀ ਨਾਲ ਜੈ ਇੰਦਰ ਕੌਰ ਨਾਲ ਆਪਣੇ ਪਰਿਵਾਰ ਦੇ ਇਤਿਹਾਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ, “ਮੇਰੇ ਪਰਿਵਾਰ ਦਾ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨਾਲ ਵਿਸ਼ੇਸ਼ ਰਿਸ਼ਤਾ ਰਿਹਾ ਹੈ, ਮੇਰੇ ਦਾਦਾ ਜੀ ਮਹਾਰਾਜਾ ਯਾਦਵਿੰਦਰ ਸਿੰਘ ਜੀ ਅਤੇ ਮਹਾਰਾਜਾ ਕਰਮ ਸਿੰਘ ਜੀ ਨੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਕੀਤੀ ਸੀ। ਅਸਲ ਵਿੱਚ ਮਹਾਰਾਜਾ ਕਰਮ ਸਿੰਘ ਜੀ ਨੇ 19ਵੀਂ ਸਦੀ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਵਾਇਆ ਸੀ।ਆਜ਼ਾਦੀ ਤੋਂ ਬਾਅਦ ਮੇਰੇ ਦਾਦਾ ਜੀ ਨੇ ਸਿੱਖ ਸੰਗਤ ਨਾਲ ਮਿਲ ਕੇ ਪੁਰਾਣੀ ਇਮਾਰਤ ਦੀ ਮੁਰੰਮਤ ਦਾ ਕੰਮ ਕਰਵਾਇਆ ਅਤੇ ਇੱਕ ਗੁਰਦੁਆਰਾ ਕੰਪਲੈਕਸ ਦਾ ਨਵਾਂ ਮੁੱਖ ਪ੍ਰਵੇਸ਼ ਦੁਆਰ ਵੀ ਉਨ੍ਹਾਂ ਦੁਆਰਾ ਬਣਾਇਆ ਗਿਆ ਸੀ।”
.