ਪੰਜਾਬ ਪੁਲਿਸ ਵੱਲੋਂ ਬਰਨਾਲਾ ਦੀ ਵੱਡੀ ਕਮਰਸ਼ੀਅਲ ਬਿਲਡਿੰਗ ਵਾਲਿਆਂ ਦੀ ਤੜਾਮ ਕੱਸਣ ਦੀ ਤਿਆਰੀ
ਦਰਬਾਰੀ ਲਾਲ ਟੰਡਨ ਦੀ ਕੋਠੀ ਵਾਲੀ ਥਾਂ ਤੇ ਬਣ ਰਹੇ ਵਪਾਰਿਕ ਕੰਪਲੈਕਸ ‘ਤੇ ਪੰਜਾਬ ਪੁਲਿਸ ਕਸੇਗੀ ਸਿਕੰਜ਼ਾ
ਡੀ.ਜੀ.ਪੀ ਨੇ ਐੱਸ.ਐੱਸ.ਪੀ ਨੂੰ ਕਿਹਾ ਕਰੋ ਲੋੜੀਂਦੀ ਕਾਨੂੰਨੀ ਕਾਰਵਾਈ
ਰਜਿਸਟਰੀਆਂ ਵਿੱਚ ਘਪਲਿਆਂ ਦੇ ਲੱਗੇ ਦੋਸ਼
ਦਵਿੰਦਰ ਡੀ.ਕੇ . ਲੁਧਿਆਣਾ , 25 ਨਵੰਬਰ 2022
ਬਰਨਾਲਾ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਦਰਬਾਰੀ ਲਾਲ ਟੰਡਨ ਦੀ ਕੋਠੀ ਵਾਲੀ ਥਾਂ ਤੇ ਬਣ ਰਹੇ ਵਪਾਰਿਕ ਕੰਪਲੈਕਸ ਦੀਆਂ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਪੰਜਾਬ ਪੁਲਿਸ ਦੇ ਡੀ ਜੀ ਪੀ ਸ੍ਰੀ ਗੌਰਵ ਯਾਦਵ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ । ਇਹ ਜਾਣਕਾਰੀ ਨੈਸ਼ਨਲ ਐਂਟੀ ਕੁਰੱਪਸ਼ਨ ਕੌਸ਼ਲ ਭਾਰਤ ਦੇ ਜ਼ਿਲ੍ਹਾ ਬਰਨਾਲਾ (ਰੂਰਲ) ਦੇ ਪ੍ਰਧਾਨ ਬੇਅੰਤ ਸਿੰਘ ਬਾਜਵਾ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ। ਬਾਜਵਾ ਨੇ ਦੱਸਿਆ ਕਿ ਉਸ ਨੇ ਬਰਨਾਲਾ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਉਸਾਰੀ ਅਧੀਨ ਵਾਪਰਿਕ ਕੰਪਲੈਕਸ ਦੀਆਂ ਖਾਮੀਆਂ ਅਤੇ ਉਸਾਰੀ ਦੌਰਾਨ ਕੀਤੀ ਜਾ ਰਹੀਆਂ ਬੇਨਿਯਮੀਆਂ ਨੂੰ ਲੈ ਕੇ ਇੱਕ ਸ਼ਿਕਾਇਤ ਈਮੇਲ ਰਾਹੀ ਮਿਤੀ 17 ਨਵੰਬਰ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਦੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੀਤੀ ਸੀ। ਜਿਸ ‘ਤੇ ਐਕਸ਼ਨ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਅਤੇ ਮਾਨਯੋਗ ਡੀ ਜੀ ਪੀ ਪੰਜਾਬ ਵੱਲੋਂ ਐੱਸ ਐੱਸ ਪੀ ਬਰਨਾਲਾ ਨੂੰ ਫੌਰੀ ਜਾਂਚ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਡੀ ਜੀ ਪੀ ਦਫਤਰ ਵੱਲੋਂ ਦਰਖਾਸ਼ਤ ਨੰਬਰ ਰਾਹੀਂ 7638/gc-5/DGP/22 ਮਿਤੀ 22.11.2022 ਨੂੰ ਭੇਜ ਕੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੇਅੰਤ ਸਿੰਘ ਬਾਜਵਾ ਨੇ ਦੱਸਿਆ ਕਿ ਬਰਨਾਲਾ ਦੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਕੁਝ ਵਿਅਕਤੀਆਂ ਨੇ ਦਰਬਾਰੀ ਲਾਲ ਟੰਡਨ ਦੀ ਕੋਠੀ ਦੇ ਨਾਮ ਨਾਲ ਜਾਣੀ ਜਾਂਦੀ ਥਾਂ ‘ਤੇ ਇੱਕ ਵਪਾਰਿਕ ਕੰਪਲੈਕਸ ਦੀ ਬਿਲਡਿੰਗ ਉਸਾਰਨੀ ਸ਼ੁਰੂ ਕੀਤੀ ਹੋਈ ਹੈ। ਜਿਸ ਦੀ ਉਸਾਰੀ ਦਾ ਕੰਮ ਕਾਫੀ ਤੇਜ਼ੀ ਨਾਲ ਚੱਲ ਰਿਹਾ ਹੈ। ਜਿਸ ਨੂੰ ਬਣਾਉਣ ਲਈ ਅਨੇਕਾਂ ਵਿਭਾਗੀ ਨਿਯਮਾਂ ਨੂੰ ਛਿੱਕੇ ਟੰਗ ਕੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਚੂਨਾ ਲਗਾਇਆ ਗਿਆ ਹੈ। ਉਕਤ ਕੰਪਲੈਕਸ ਦੇ ਮਾਲਿਕਾਂ ਵੱਲੋਂ ਕਥਿਤ ਤੌਰ ਤੇ ਲਗਾਏ ਮੋਟੇ ਚੂਨੇ ਨਾਲ ਸਰਕਾਰੀ ਖਜਾਨੇ ਨੂੰ ਵੱਡਾ ਘਾਟਾ ਪੈ ਰਿਹਾ ਹੈ ਅਤੇ ਵਿਕਾਸ ਕਾਰਜ ਵਿਚ ਖੜੋਤ ਆਵੇਗੀ।
ਉਨ੍ਹਾਂ ਕਿਹਾ ਡੀ.ਐੱਲ. ਕੰਪਲੈਕਸ (ਦਰਬਾਰੀ ਲਾਲ ਟੰਡਨ ਕੋਠੀ) ਦੀ ਬਿਲਡਿੰਗ ਲਈ ਖਰੀਦ ਕੀਤੀ ਗਈ ਜ਼ਮੀਨ ਦੀਆਂ ਰਜਿਸਟਰੀਆਂ ਵਿਚ ਸਭ ਤੋਂ ਵੱਡੀ ਧਾਂਦਲੀ (ਘਪਲੇਬਾਜ਼ੀ) ਹੋਈ ਹੈ। ਕੰਪਲੈਕਸ ਬਣਾਉਣ ਵਾਲੇ ਵਿਅਕਤੀਆਂ ਨੇ ਕਮਰਸ਼ੀਅਲ ਸਾਈਟ ਬਣਾਉਣ ਲਈ ਖਰੀਦ ਕੀਤੀ ਜ਼ਮੀਨ ਦੇ ਵੱਡੇ ਹਿੱਸੇ ਨੂੰ ਰਿਹਾਇਸ਼ੀ ਦਿਖਾ ਕੇ ਰਜਿਸਟਰੀਆਂ ਕਰਵਾਈਆਂ ਹਨ। ਉਕਤ ਕੰਪਲੈਕਸ ਬਣਾ ਰਹੇ ਵਿਅਕਤੀਆਂ ਨੇ ਕਰੀਬ 9 ਕਨਾਲ ਜ਼ਮੀਨ ਦੀਆਂ ਹਿੱਸਾ ਲਿਖ ਕੇ 16 ਰਜਿਸਟਰੀਆਂ ਵਿਚੋਂ ਸਿਰਫ 4 ਰਜਿਸਟਰੀਆਂ ਹੀ ਕਮਰਸ਼ੀਅਲ ਕਰਵਾਈਆਂ ਹਨ ਅਤੇ 12 ਰਜਿਸਟਰੀਆਂ ਰਿਹਾਇਸ਼ੀ ਦਰਸਾ ਕੇ ਕਰਵਾਈਆਂ ਗਈਆਂ ਹਨ।
ਬਾਜਵਾ ਨੇ ਕਿਹਾ ਕਿ ਘਪਲੇਬਾਜੀ ਵਿੱਚ ਮਾਲ ਵਿਭਾਗ ਨਾਲ ਸੰਬੰਧਤ ਅਧਿਕਾਰੀਆਂ ਅਤੇ ਸਥਾਨਕ ਸਰਕਾਰਾਂ ਵਿਭਾਗ ਦੀ ਮਿਲੀਭੁਗਤ ਸਾਹਮਣੇ ਆ ਰਹੀ ਹੈ। ਬੇਅੰਤ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ, ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਅਤੇ ਜ਼ਿਲ੍ਹਾ ਬਰਨਾਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਾਂਚ ਪੂਰੀ ਹੋਣ ਤੱਕ ਉਕਤ ਕੰਪਲੈਕਸ ਦੀ ਉਸਾਰੀ ਤੇ ਪੱਕੀ ਰੋਕ ਲਗਾਈ ਜਾਵੇ। ਬੇਅੰਤ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਇਨਾਂ ਬੇਨਿਯਮੀਆਂ ਅਤੇ ਰਜਿਸਟਰੀਆਂ ਦੇ ਘਪਲਿਆਂ ਸਬੰਧੀ ਛੇਤੀ ਹੀ ਇੱਕ ਵੱਖਰੀ ਸ਼ਿਕਾਇਤ ਵਿਜ਼ੀਲੈਂਸ਼ ਬਿਊਰੋ ਪੰਜਾਬ ਅਤੇ ਆਮਦਨ ਕਰ ਵਿਭਾਗ ਨੂੰ ਵੀ ਭੇਜ ਰਿਹਾ ਹੈ।