ਕਰੋਨਾ ਵੈਕਸੀਨ ਦੀ ਬੂਸਟਰ ਡੋਜ਼ ਲਈ ਵੱਖ ਵੱਖ ਪਿੰਡਾਂ ਵਿੱਚ ਲਗਾਏ ਵੈਕਸੀਨੇਸ਼ਨ ਕੈਂਪ
ਕਰੋਨਾ ਵੈਕਸੀਨ ਦੀ ਬੂਸਟਰ ਡੋਜ਼ ਲਈ ਵੱਖ ਵੱਖ ਪਿੰਡਾਂ ਵਿੱਚ ਲਗਾਏ ਵੈਕਸੀਨੇਸ਼ਨ ਕੈਂਪ
ਫ਼ਤਹਿਗੜ੍ਹ ਸਾਹਿਬ, 06 ਅਗਸਤ (ਪੀ ਟੀ ਨੈੱਟਵਰਕ)
ਕੋਰੋਨਾ ਦੇ ਕੇਸਾਂ ਵਿੱਚ ਇੱਕ ਵਾਰ ਫਿਰ ਦੁਬਾਰਾ ਤੋਂ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਹੈ ਕਿ 18 ਤੋਂ ਵੱਧ ਉਮਰ ਦੇ ਸਾਰੇ ਲੋਕ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਜ਼ਰੂਰ ਕਰਵਾਉਣ, ਭੀੜ ਵਾਲੀ ਜਗ੍ਹਾ ਵਿੱਚ ਲੋਕ ਮਾਸਕ ਪਾਉਣਾ ਵੀ ਯਕੀਨੀ ਬਣਾਉਣ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ, ਨੰਦਪੁਰ ਕਲੌੜ ਡਾ. ਭੁਪਿੰਦਰ ਸਿੰਘ ਨੇ ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌੜ ਨੇ ਕੀਤਾ।
ਉਹਨਾਂ ਦੱਸਿਆ ਕਿ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌੜ ਅਧੀਨ ਪਿੰਡ ਪੱਧਰ ‘ਤੇ ਰੋਜ਼ਾਨਾ ਕੈਂਪ ਲਗਾਏ ਜਾ ਰਹੇ ਹਨ।
ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਕੋਰੋਨਾ ਨਾਲ ਲੜਨ ‘ਚ ਜੁਟਿਆ ਹੋਇਆ ਹੈ। ਪਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸ ਰਫ਼ਤਾਰ ਨੂੰ ਉਦੋਂ ਹੀ ਰੋਕਿਆ ਜਾ ਸਕਦਾ ਹੈ ਜਦੋਂ ਹਰ ਕੋਈ ਟੀਕਾ ਲਗਵਾ ਕੇ ਸੁਰੱਖਿਅਤ ਹੋ ਜਾਵੇਗਾ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ 18 ਸਾਲ ਤੋਂ ਵੱਧ ਉਮਰ ਦੇ ਹਰ ਉਸ ਵਿਅਕਤੀ ਨੂੰ ਬੂਸਟਰ ਡੋਜ਼ ਦਿੱਤੀ ਜਾ ਰਹੀ ਹੈ, ਜਿਸ ਨੂੰ ਦੂਜੀ ਡੋਜ਼ ਲਗਾਏ ਛੇ ਮਹੀਨੇ ਤੋਂ ਵੱਧ ਹੋ ਗਏ ਹਨ। ਉਹਨਾਂ 12 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਕਰੋਨਾ ਵੈਕਸਿਨ ਜ਼ਰੂਰ ਲਗਵਾਉਣ।
ਓਹਨਾਂ ਕਿਹਾ ਕਿ ਲੋਕ ਕਰੋਨਾ ਵੈਕਸੀਨ ਲਗਵਾਉਣ ਅਤੇ ਖੁਦ ਨੂੰ ‘ਤੇ ਆਪਣੇ ਪਰਿਵਾਰ ਨੂੰ ਕਰੋਨਾ ਲਾਗ ਤੋਂ ਸੁਰੱਖਿਅਤ ਕਰਨ। ਇਸ ਲਈ ਲੋਕ ਮਾਸਕ ਪਾ ਕੇ ਰੱਖਣ ਅਤੇ ਜੇਕਰ ਕਿਸੇ ਵਿੱਚ ਕਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਟੈਸਟ ਕਰਵਾਉਣ ਅਤੇ ਘਰ ਵਿਚ ਇਕਾਂਤ ਵਿੱਚ ਰਹਿਣ। ਅਜਿਹਾ ਕਰਨ ਨਾਲ ਉਹ ਦੂਜਿਆਂ ਨੂੰ ਸੰਕਰਮਿਤ ਨਹੀਂ ਕਰਨਗੇ ਅਤੇ ਮਹਾਂਮਾਰੀ ਫੈਲਣ ਨੂੰ ਰੋਕਣਗੇ। ਕਰੋਨਾ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਟੀਕਾਕਰਨ ਅਤੇ ਸਾਵਧਾਨੀਆਂ। ਅਜਿਹੀ ਸਥਿਤੀ ਵਿੱਚ, ਸਿਹਤ ਵਿਭਾਗ ਦੀ ਲੋਕਾਂ ਨੂੰ ਅਪੀਲ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਜਲਦੀ ਤੋਂ ਜਲਦੀ ਕਰੋਨਾ ਵੈਕਸੀਨ ਦੀ ਬੂਸਟਰ ਡੋਜ਼ ਲਗਵਾ ਲੈਣ।