ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ ਸਬੰਧੀ ਪਾਬੰਦੀਆਂ ’ਚ 25 ਮਾਰਚ ਤੱਕ ਦਾ ਵਾਧਾ
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ ਸਬੰਧੀ ਪਾਬੰਦੀਆਂ ’ਚ 25 ਮਾਰਚ ਤੱਕ ਦਾ ਵਾਧਾ
ਪਰਦੀਪ ਕਸਬਾ ,ਸੰਗਰੂਰ, 28 ਫਰਵਰੀ 2022
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵੱਲੋਂ ਜਾਰੀ ਹਦਾਇਤਾਂ ਤਹਿਤ ਕੋਵਿਡ ਸਥਿਤੀ ਦੇ ਮੱਦੇਨਜ਼ਰ ਹੁਕਮ ਜਾਰੀ ਕਰ ਕੇ ਜ਼ਿਲ੍ਹੇ ਅੰਦਰ ਪਹਿਲਾਂ ਤੋਂ ਲਾਗੂ ਪਾਬੰਦੀਆਂ ‘ਚ ਸੋਧ ਕਰਦਿਆਂ 25 ਮਾਰਚ 2022 ਤੱਕ ਦਾ ਵਾਧਾ ਕਰ ਦਿੱਤਾ ਹੈ।
ਹੁਕਮਾਂ ਅਨੁਸਾਰ ਜਨਤਕ ਥਾਵਾਂ ਸਮੇਤ ਕੰਮ ਦੀਆਂ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ ਤੇ ਇਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ। ਇਸੇ ਤਰਾਂ ਸਾਰੀਆਂ ਗਤੀਵਿਧੀਆਂ ਕਰਨ ਸਮੇਂ ਘੱਟੋ ਘੱਟ 6 ਫੁੱਟ ਦੀ ਸਮਾਜਿਕ ਦੂਰੀ (ਦੋ ਗਜ਼ ਦੀ ਦੂਰੀ) ਰੱਖਣਾ ਯਕੀਨੀ ਬਣਾਇਆ ਜਾਵੇ।
ਹੁਕਮਾਂ ਅਨੁਸਾਰ ਯੂਨੀਵਰਸਿਟੀਆਂ ਕਾਲਜ (ਮੈਡੀਕਲ ਤੇ ਨਰਸਿੰਗ ਕਾਲਜਾਂ ਸਮੇਤ), ਸਕੂਲ, ਪੌਲੀਟੈਕਨਿਕ, ਆਈ ਟੀ ਆਈਜ਼, ਕੋਚਿੰਗ ਸੰਸਥਾਵਾਂ, ਲਾਇਬ੍ਰੇਰੀ ਅਤੇ ਸਿਖਲਾਈ ਸੰਸਥਾਵਾਂ (ਭਾਵੇਂ ਸਰਕਾਰੀ ਜਾਂ ਪ੍ਰਾਈਵੇਟ) ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਬਸ਼ਰਤੇ ਇਸ ਦੌਰਾਨ ਸਮਾਜਿਕ ਦੂਰੀ, ਨਿਯਮਤ ਸੈਨੇਟਾਇਜੇਸ਼ਨ ਅਤੇ ਕੋਵਿਡ ਸਬੰਧੀ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਹੁਕਮਾਂ ਅਨੁਸਾਰ ਸਬੰਧਤ ਸੰਸਥਾਵਾਂ 15 ਸਾਲ ਤੋਂ ਵੱਡੀ ਉਮਰ ਦੇ ਵਿਦਿਆਰਥੀਆਂ ਨੂੰ ਕੋਵਿਡ ਟੀਕਾਕਰਨ ਦੀ ਘੱਟੋ ਘੱਟ ਪਹਿਲੀ ਖੁਰਾਕ ਲੈਣ ਸਬੰਧੀ ਸਲਾਹ ਦੇ ਸਕਦੀਆਂ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਕੋਲ ਆਨ ਲਾਈਨ ਕਲਾਸਾਂ ਦਾ ਬਦਲ ਵੀ ਮੌਜੂਦ ਰਹੇਗਾ। ਇਸੇ ਤਰਾਂ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵਿਚ ਸਹੀ ਤਰ੍ਹਾਂ ਮਾਸਕ ਨਾ ਪਾਉਣ ਵਾਲਿਆਂ ਨੂੰ ਕੋਈ ਵੀ ਸੇਵਾ ਨਹੀਂ ਮਿਲੇਗੀ।