ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ 2 ਸੋਨ ਤਗਮੇ ਜੇਤੂ ਖਿਡਾਰੀ ਇੰਦਰਵੀਰ ਬਰਾੜ ਦਾ ਵਿਸ਼ੇਸ਼ ਸਨਮਾਨ
ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਦੋ ਸੋਨ ਤਗਮੇ ਜਿੱਤਣ ਵਾਲੇ ਖਿਡਾਰੀ ਇੰਦਰਵੀਰ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ
ਰਘਵੀਰ ਹੈਪੀ , ਬਰਨਾਲਾ, 26 ਜੁਲਾਈ 2022
ਲੰਘੇ ਦਿਨੀਂ ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ ਵਿਖੇ ਹੋਈ ਵਾਕੋ ਇੰਡੀਆ ਚਿਲਡਰਨ ਕੈਡੇਟਸ ਤੇ ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਦੋ ਸੋਨ ਤਗਮੇ ਜਿੱਤ ਕੇ ਪੰਜਾਬ, ਜ਼ਿਲ੍ਹਾ ਬਰਨਾਲਾ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਵਾਲੇ ਬਰਨਾਲਾ ਦੇ ਹੋਣਹਾਰ ਖਿਡਾਰੀ ਇੰਦਰਵੀਰ ਸਿੰਘ ਬਰਾੜ ਦਾ ਅੱਜ ਬਰਨਾਲਾ ਪਹੁੰਚਣ ’ਤੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ, ਜਥੇਦਾਰ ਜਰਨੈਲ ਸਿੰਘ ਭੋਤਨਾ, ਮੈਨੇਜਰ ਲਖਵੀਰ ਸਿੰਘ ਆਦਿ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਦੀ ਰਸਮ ਤੋਂ ਪਹਿਲਾਂ ਗ੍ਰੰਥੀ ਸਿੰਘ ਵਲੋਂ ਖਿਡਾਰੀ ਇੰਦਰਵੀਰ ਸਿੰਘ ਬਰਾੜ ਨੂੰ ਇਸ ਖੇਡ ਵਿਚ ਹੋਰ ਬੁਲੰਦੀਆਂ ’ਤੇ ਪਹੁੰਚਾਉਣ ਲਈ ਅਤੇ ਤਗਮੇ ਜਿੱਤਣ ’ਤੇ ਸ਼ੁਕਰਾਨੇ ਦੀ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ ।
ਇਸ ਮੌਕੇ ਇੰਦਰਵੀਰ ਸਿੰਘ ਬਰਾੜ ਦੇ ਪਿਤਾ ਰਾਜਿੰਦਰ ਸਿੰਘ ਬਰਾੜ, ਮਾਤਾ ਸੰਦੀਪ ਕੌਰ, ਦਾਦੀ ਸੁਰਿੰਦਰ ਕੌਰ, ਤਾਇਆ ਜਸਵੀਰ ਸਿੰਘ ਬਰਾੜ, ਤਾਈ ਸਰਬਜੀਤ ਕੌਰ, ਭੂਆ ਰਵਨੀਤ ਕੌਰ ਤੋਂ ਇਲਾਵਾ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਿੰਦਰਪਾਲ ਨਿੱਕਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਇੰਜ: ਗੁਰਜਿੰਦਰ ਸਿੰਘ ਸਿੱਧੂ, ਸਿੱਖ ਵਿਦਵਾਨ ਗਿ: ਕਰਮ ਸਿੰਘ ਭੰਡਾਰੀ ਆਦਿ ਪਤਵੰਤਿਆਂ ਵਲੋਂ ਉਸ ਦਾ ਮੂੰਹ ਮਿੱਠਾ ਕਰਵਾ ਕੇ ਅਗਲੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਮੈਨੇਜਰ ਅਮਨਦੀਪ ਸਿੰਘ, ਗੁਰਜੰਟ ਸਿੰਘ ਸੋਨਾ, ਬੇਅੰਤ ਸਿੰਘ ਧਾਲੀਵਾਲ, ਪਰਮਜੀਤ ਸ਼ੀਤਲ, ਭਾਈ ਜਰਨੈਲ ਸਿੰਘ ਖਾਲਸਾ ਆਦਿ ਵੀ ਹਾਜ਼ਰ ਸਨ।