Skip to content
Advertisement

ਵੋਟਰਾਂ ਨੂੰ ਜਾਗਰੂਕ ਕਰਕੇ 100 ਫ਼ੀਸਦੀ ਮਤਦਾਨ ਕਰਵਾਉਣ ਦਾ ਟੀਚਾ : ਗੁਰਪ੍ਰੀਤ ਸਿੰਘ ਥਿੰਦ
-ਸੇਵਾ ਸਿੰਘ ਠੀਕਰੀਵਾਲਾ ਚੌਕ ਵਿਚ ਵੋਟਰ ਜਾਗਰੂਕਤਾ ਲਈ 20 ਫੁੱਟ ਉੱਚਾ ਪਿਰਾਮਿਡ ਸਥਾਪਤ ਕੀਤਾ
ਰਾਜੇਸ਼ ਗੌਤਮ, ਪਟਿਆਲਾ, 8 ਫਰਵਰੀ:2022
ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਵੱਧ ਵੱਧ ਵੋਟਰਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਨਵੇਂ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ, ਇਸ ਲੜੀ ਤਹਿਤ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ- ਵਧੀਕ ਡਿਪਟੀ ਕਮਿਸ਼ਨਰ (ਜਰਨਲ) ਗੁਰਪ੍ਰੀਤ ਸਿੰਘ ਥਿੰਦ ਨੇ ਅੱਜ ਸੇਵਾ ਸਿੰਘ ਠੀਕਰੀਵਾਲਾ ਚੌਕ ਵਿਚ ਲੋਕਤੰਤਰ ਦਾ ਪਿਰਾਮਿਡ ਪਟਿਆਲਾ ਦੇ ਵੋਟਰਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਵੀ ਨਾਲ ਹਾਜ਼ਰ ਸਨ।
ਵੋਟਰ ਜਾਗਰੂਕਤਾ ਪਿਰਾਮਿਡ ਨੂੰ ਪਟਿਆਲਾ ਵਾਸੀਆਂ ਦੈ ਨਾਮ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਅਤੇ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ
ਇਸ ਮੌਕੇ ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਕੁਲ 1515445 ਵੋਟਰ ਹਨ, ਜਿਨ੍ਹਾਂ ਵਿਚੋਂ 791776 ਮਰਦ, 723609 ਮਹਿਲਾ ਵੋਟਰ ਅਤੇ 60 ਵੋਟਰ ਟਰਾਂਸਜੈਂਡਰ ਵਜੋਂ ਰਜਿਸਟਰਡ ਹਨ, ਸਾਡਾ ਟੀਚਾ ਲੋਕਾਂ ਨੂੰ ਜਾਗਰੂਕ ਕਰਕੇ 100 ਫ਼ੀਸਦੀ ਵੋਟਾਂ ਦਾ ਭੁਗਤਾਨ ਕਰਵਾਉਣਾ ਹੈ।
ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਜਿਵੇਂ ਮਿਸਰ ਦੀ ਸਭਿਅਤਾ ਵਿਚ ਪਿਰਾਮਿਡ ਇੱਕ ਮਜ਼ਬੂਤ ਸਤੰਭ ਹਨ ਇਸ ਵਾਰ ਪੰਜਾਬੀ ਵੀ ਜਾਤਪਾਤ, ਧਰਮ, ਲੋਭ ਲਾਲਚ ਤੋਂ ਉਪਰ ਉੱਠ ਕੇ ਵੱਧ ਤੋਂ ਵੱਧ ਵੋਟਾਂ ਦਾ ਭੁਗਤਾਨ ਕਰਨਗੇ ਅਤੇ ਮਜ਼ਬੂਤ ਲੋਕਤੰਤਰਿਕ ਪਰੰਪਰਾਵਾਂ ਨੂੰ ਹੋਰ ਮਜ਼ਬੂਤ ਕਰਨਗੇ ਜਿਸ ਦੇ ਪ੍ਰਤੀਕ ਵਜੋਂ ਇਸ ਵੋਟਰ ਜਾਗਰੂਕਤਾ ਪਿਰਾਮਿਡ ਨੂੰ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਰਾਜਪੁਰਾ ਸਰਹਿੰਦ ਰੋਡ ਬਾਈਪਾਸ ਨੇੜੇ ਅਤੇ ਲੀਲ੍ਹਾ ਭਵਨ ਪਟਿਆਲਾ ਵਿਖੇ ਵੋਟਰ ਜਾਗਰੂਕਤਾ ਨੂੰ ਦਰਸਾਉਂਦੇ ਹੱਥ ਤੇ ਉਂਗਲ ਉਪਰ ਵੋਟ ਦੇ ਨਿਸ਼ਾਨ ਵਾਲੇ ਕੱਟ ਆਊਟ ਲਾਏ ਗਏ ਹਨ, ਜਿਨ੍ਹਾਂ ਉਪਰ ਲਿਖਿਆ ਹੈ 20 ਫਰਵਰੀ ਨੂੰ ਆਪਣੇ ਕੀਮਤੀ ਵੋਟ ਪਾਓ ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਓ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਵੱਖ ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਪੋਸਟਰ ਸਲੋਗਨ, ਮਹਿੰਦੀ ਅਤੇ ਸੰਕੇਤਕ ਭਾਸ਼ਾ ਵਿਚ ਵੀਡੀਓ ਬਣਾਕੇ ਸੋਸ਼ਲ ਮੀਡੀਆ ਉਪਰ ਪਾ ਕੇ ਲੋਕਤੰਤਰ ਦੇ ਇਸ ਮਹਾਨ ਤਿਉਹਾਰ ਨੂੰ ਮਨਾਉਣ ਲਈ ਕੰਮ ਕਰ ਰਹੇ ਹਨ। ਇਸ ਕਾਰਜ ਵਿੱਚ ਵੋਟਾਂ ਸਬੰਧੀ ਰਾਜ ਦੇ ਦਿਵਿਆਂਗਜਨ ਵੋਟਰਾਂ ਦੇ ਦੂਤ ਡਾ. ਕਿਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ, ਲੋਕ ਗਾਇਕ ਉਜਾਗਰ ਸਿੰਘ ਅੰਟਾਲ ਜ਼ਿਲ੍ਹਾ ਆਈਕਨ ਨੌਜਵਾਨ ਵੋਟਰ, ਜਗਦੀਪ ਸਿੰਘ ਅਤੇ ਜਗਵਿੰਦਰ ਸਿੰਘ ਜ਼ਿਲ੍ਹਾ ਦੂਤ ਵੋਟਰ ਜਾਗਰੂਕਤਾ ਦਿਵਿਆਂਗਜਨ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਪਟਿਆਲਾ ਦੇ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਦੀ ਵਿਦਿਆਰਥਣ ਅਰਸ਼ਨੂਰ ਸੋਢੀ ਦੀ ਸੰਕੇਤਕ ਭਾਸ਼ਾ ਵਿਚ ਵੋਟਰ ਜਾਗਰੂਕਤਾ ਵੀਡੀਓ ਮੁੱਖ ਚੋਣ ਅਫ਼ਸਰ ਪੰਜਾਬ ਦੇ ਫੇਸਬੁੱਕ ਪੇਜ ਉੱਪਰ ਦਿਖਾਈ ਜਾ ਰਹੀ ਹੈ।
Advertisement

error: Content is protected !!