ਨਸ਼ੇੜੀਆਂ ਦਾ ਵਧਿਆ ਬੋਲਬਾਲਾ, ਪੁਲਿਸ ਦਾ ਚੱਲਦੈ ਘਾਲਾ-ਮਾਲਾ !
ਹਸਪਤਾਲ ਵਿੱਚੋਂ ਨਰਸਾਂ ਦੇ ਹੱਥਾਂ ‘ਚੋਂ ਖੋਹ ਕੇ ਤੇ ਮਰੀਜਾਂ ਦਿਉਂ ਲਾਹ ਕੇ ਨਸ਼ੇੜੀ ਲੈ ਜਾਂਦੇ ਸਰਿੰਜਾਂ
ਨਸ਼ੇੜੀਆਂ ਨੂੰ ਫੜ੍ਹ ਕੇ ਦੇਣ ਤੋਂ ਬਾਅਦ ,ਬਿਨਾਂ ਕਿਸੇ ਕਾਰਵਾਈ ਤੋਂ ਛੱਡ ਦਿੰਦੀ ਐ ਪੁਲਿਸ !
ਐਸ.ਐਮ.ਉ ਕੌਂਸ਼ਲ ਨੇ ਕਿਹਾ, ਪੁਲਿਸ ਪੋਸਟ ਬਿਨਾਂ ਨਹੀਂ ਹਸਪਤਾਲ ਦੀ ਕੋਈ ਸੁਰੱਖਿਆ
ਹਰਿੰਦਰ ਨਿੱਕਾ, ਬਰਨਾਲਾ 28 ਮਾਰਚ 2022
ਸ਼ਹਿਰ ਅੰਦਰ ਨਸ਼ੇ ਅਤੇ ਨਸ਼ੇੜੀਆਂ ਦੋ ਚਾਰੋ-ਤਰਫ ਬੋਲਬਾਲਾ ਵਧਿਆ ਹੋਇਆ ਹੈ। ਜਦੋਂਕਿ ਸਟਾਫ ਅਤੇ ਮਰੀਜਾਂ ਲਈ ਖੌਫ ਦੀ ਵਜ੍ਹਾ ਬਣੇ ਨਸ਼ੇੜੀ ਚੋਰਾਂ ਨੂੰ ਲੋਕਾਂ ਜਾਂ ਫਿਰ ਸਟਾਫ ਵੱਲੋਂ ਫੜ੍ਹ ਕੇ ਦਿੱਤੇ ਜਾਂਦੇ ਚੋਰਾਂ ਨੂੰ ਪੁਲਿਸ ਦੁਆਰਾ ਬਿਨ੍ਹਾਂ ਕਿਸੇ ਕਾਨੂੰਨੀ ਕਾਰਵਾਈ ਤੋਂ ਛੱਡੇ ਜਾਣ ਦੇ ਘਾਲਾ-ਮਾਲਾ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ। ਨਸ਼ੇੜੀਆਂ ਦਾ ਵਰਤਾਰਾ ਅਤੇ ਮੁਕਾਮੀ ਪੁਲਿਸ ਦਾ ਰਵੱਈਆ ਮਰੀਜਾਂ ਅਤੇ ਡਾਕਟਰੀ ਅਮਲੇ ਲਈ ਜਾਨ ਦਾ ਖੌਅ ਬਣਿਆ ਹੋਇਆ ਹੈ। ਸਿਵਲ ਹਸਪਤਾਲ ‘ਚ ਲੱਗਭੱਗ ਹਰ ਦਿਨ ਵਾਪਰਦੀਆਂ ਘਟਨਾਵਾਂ ਨੂੰ ਨਜ਼ਰਅੰਦਾਜ ਕਰਨ ਦੀ ਪੁਲਿਸ ਦੀ ਨੀਤੀ ਤੇ ਹਸਪਤਾਲ ਪ੍ਰਬੰਧਕ ਔਖੇ ਤੇ ਬੇਵੱਸ ਵੀ ਹਨ। ਇੱਕ ਨਸ਼ੇੜੀ ਵੱਲੋਂ ਲੰਘੀ ਰਾਤ ਵੀ ਹਸਪਤਾਲ ਦੇ ਐਂਮਰਜੈਂਸੀ ਵਾਰਡ ਵਿੱਚ ਅੰਜਾਮ ਦਿੱਤੀ ਘਟਨਾ ਨੇ ਵਾਰਡ ਵਿੱਚ ਦਾਖਿਲ ਮਰੀਜਾਂ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕਰ ਰਹੇ ਪਰਿਵਾਰਿਕ ਮੈਂਬਰਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬੀ.ਕੇ.ਯੂ. ਡਕੌਂਦਾ ਦੇ ਆਗੂ ਮਨਜੀਤ ਸਿੰਘ ਗੋਰਾ ਵਾਸੀ ਰਾਏਸਰ ਨੇ ਦੱਸਿਆ ਕਿ ਉਸ ਦਾ ਬਜੁਰਗ ਚਾਚਾ ਭਜਨ ਸਿੰਘ ਹਸਪਤਾਲ ਵਿੱਚ ਦਾਖਿਲ ਹੈ, ਲੰਘੀ ਰਾਤ ਕਰੀਬ ਨੌ ਵਜੇ, ਭਜਨ ਸਿੰਘ ਦੇ ਗੁਲੂਕੋਜ਼ ਦੀ ਡਰਿੱਪ ਚੱਲ ਰਹੀ ਸੀ, ਇਸੇ ਦੌਰਾਨ ਇੱਕ ਨਸ਼ੇ ਵਿੱਚ ਧੁੱਤ ਨੌਜਵਾਨ ਆਇਆ ਤੇ ਡਰਿੱਪ ਦੀ ਸਰਿੰਜ ਖਿੱਚ ਕੇ ਲੈ ਗਿਆ ਤੇ ਗੁਲੂਕੋਜ਼ ਦੀ ਬੋਤਲ ਹੇਠਾਂ ਡਿੱਗ ਪਈ, ਬਾਂਹ ਦੀ ਨਾੜ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ।
ਵਾਰਡ ਵਿੱਚ ਬੈਠੇ ਹੋਰ ਵਿਅਕਤੀਆਂ ਦੀ ਮੱਦਦ ਨਾਲ, ਨਸ਼ੇੜੀ ਨੂੰ ਫੜ੍ਹ ਕੇ ਹਸਪਤਾਲ ਦੇ ਸਕਿਊਰਟੀ ਗਾਰਡ ਦੇ ਹਵਾਲੇ ਕਰ ਦਿੱਤਾ। ਨਸ਼ੇੜੀ ਦੀ ਪਹਿਚਾਣ ਬਾਜਾਖਾਨਾ ਰੋਡ ਤੇ ਸਥਿਤ ਭੈਣੀ ਬਸਤੀ ਦੇ ਰਹਿਣ ਵਾਲੇ ਆਸ਼ੂ ਪੁੱਤਰ ਬਾਦਲ ਦੇ ਤੌਰ ਤੇ ਹੋਈ। ਜਿਸ ਨੂੰ ਹਸਪਤਾਲ ਦੇ ਗਾਰਡ ਅਤੇ ਹੋਰ ਸਟਾਫ ਮੁਲਾਜਮਾਂ ਦੇ ਭਰੋਸੇ ਤੇ ਛੱਡ ਦਿੱਤਾ। ਪਰੰਤੂ ਥੋੜੀ ਦੇਰ ਬਾਅਦ , ਆਸ਼ੂ ਫਿਰ ਵਾਰਡ ਵਿੱਚ ਆ ਗਿਆ, ਜਿਸ ਨੂੰ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਵਾਲਿਆਂ ਨੇ ਬਕਾਇਦਾਂ ਸ਼ਕਾਇਤ ਲੈ ਕੇ, ਕਾਰਵਾਈ ਦਾ ਭਰੋਸਾ ਦਿੱਤਾ,ਪਰ ਪੁਲਿਸ ਨੇ ਨਸ਼ੇੜੀ ਨੂੰ ਉਸ ਦੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਦੀ ਪੁਸ਼ਟੀ ਅਮ੍ਰਿਤਪਾਲ ਸਿੰਘ ਉੱਗੋਕੇ ਨੇ ਵੀ ਕੀਤੀ, ਉਸ ਨੇ ਦੱਸਿਆ ਕਿ ਵਾਰਡ ਵਿੱਚ ਦਾਖਿਲ ਸਾਡੇ ਮਰੀਜ ਦੇਵ ਸਿੰਘ ਨਾਲ ਮੈਂ ਆਇਆ ਹੋਇਆ ਹਾਂ। ਨਸ਼ੇੜੀ ਨੂੰ ਉਨ੍ਹਾਂ ਨੇ ਹੀ ਫੜ੍ਹਿਆ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀਆਂ ਸਟਾਫ ਨਰਸਾਂ ਨੇ ਵੀ ਮੰਨਿਆ ਕਿ ਨਸ਼ੇੜੀਆਂ ਦੀ ਇਹ ਪਹਿਲੀ ਤੇ ਆਖਿਰੀ ਘਟਨਾ ਨਹੀਂ ਹੈ, ਹਰ ਰੋਜ਼ ਹੀ ਨਸ਼ੇੜੀ ਸਮੇਂ ਸਮੇਂ ਤੇ ਆ ਕੇ ਉਨ੍ਹਾਂ ਦੇ ਹੱਥਾਂ ਵਿੱਚੋਂ ਵੀ ਸਰਿੰਜਾਂ ਖੋਹ ਕੇ ਫਰਾਰ ਹੋ ਜਾਂਦੇ ਹਨ।
ਨਸ਼ਾ ਛੁਡਾਊ ਕੇਂਦਰ ਵਿੱਚ ਕੰਮ ਕਰਦੇ, ਯਾਦਵਿੰਦਰ ਠੀਕਰੀਵਾਲਾ ਨੇ ਦੱਸਿਆ ਕਿ ਹਸਪਤਾਲ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਾ ਹੋਣ ਕਾਰਣ, ਨਸ਼ੇੜੀ ਰਾਤ ਸਮੇਂ ਹਸਪਤਾਲ ਵਿੱਚ ਸ਼ਰੇਆਮ ਘੁੰਮਦੇ ਫਿਰਦੇ ਹਨ, ਸਰਿੰਜਾਂ ਤੋਂ ਇਲਾਵਾ ਉਹ ਮਰੀਜਾਂ ਦੇ ਬਟੂਏ ਤੇ ਮੋਬਾਇਲ ਆਦਿ ਵੀ ਖੋਹ ਕੇ ਲੈ ਜਾਂਦੇ ਹਨ। ਹਸਪਤਾਲ ਦੇ ਸਟਾਫ ਅਤੇ ਮਰੀਜਾਂ ਨੇ ਕਿਹਾ ਕਿ ਜੇਕਰ ਮਰੀਜ ਜਾਂ ਸਟਾਫ ਹਸਪਤਾਲ ਵਿੱਚ ਸੁਰੱਖਿਅਤ ਨਹੀਂ, ਫਿਰ ਤਾਂ ਰੱਬ ਹੀ ਰਾਖਾ ਹੈ।
ਐਸ.ਐਮ.ਉ. ਡਾਕਟਰ ਤਪਿੰਦਰਜੋਤ ਕੌਸ਼ਲ ਨੇ ਕਿਹਾ ਕਿ ਫਿਲਹਾਲ , ਉਨ੍ਹਾਂ ਨੂੰ ਰਾਤ ਵਾਪਰੀ ਘਟਨਾ ਦੀ ਕੋਈ ਜਾਣਕਾਰੀ ਨਹੀਂ ਹੈ। ਪਰੰਤੂ ਇਹ ਗੱਲ ਸੱਚ ਹੈ ਕਿ ਨਸ਼ੇੜੀ ਹਸਪਤਾਲ ਵਿੱਚੋਂ ਸਰਿੰਜਾਂ ਅਤੇ ਟੀਕੇ ਅਕਸਰ ਖੋਹ ਕੇ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਰੀਬ ਹਫਤਾ ਕੁ ਪਹਿਲਾਂ ਇੱਕ ਨਸ਼ੇੜੀ, ਹਸਪਤਲਾ ਵਿੱਚ ਲਿਫਾਫੇ ਵਿੱਚ ਪਈਆਂ ਕਾਫੀ ਸਰਿੰਜਾਂ ਚੋਰੀ ਕਰਦਾ ਫੜ੍ਹਿਆ ਗਿਆ ਸੀ। ਜਿਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ, ਪਰ ਪੁਲਿਸ ਨੇ ਕੋਈ ਕਾਰਵਾਈ ਕੀਤੇ ਬਿਨਾਂ ਹੀ ਉਸ ਨੂੰ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਪੁਲਿਸ ਪੋਸਟ ਬਣਾਉਣ ਲਈ, ਕਈ ਵਾਰ ਜਿਲ੍ਹਾ ਪੁਲਿਸ ਨੂੰ ਸਮੇਂ ਸਮੇਂ ਤੇ ਲਿਖਿਆ ਗਿਆ ਹੈ, ਪਰੰਤੂ ਪੁਲਿਸ ਵਿਭਾਗ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਵਾਰਡਾਂ ਵਿੱਚ ਦਾਖਿਲ ਮਰੀਜਾਂ ਦੀ ਸੁਰੱਖਿਆਂ ਦੀ ਕੋਈ ਪਰਵਾਹ ਨਹੀਂ ਕਰ ਰਿਹਾ। ਉਨਾਂ ਮੰਗ ਕੀਤੀ ਕਿ ਹਸਪਤਾਲ ਦੇ ਅਮਲੇ ਅਤੇ ਮਰੀਜਾਂ ਦੀ ਸਰੁੱਖਿਆ ਦੇ ਮੱਦੇਨਜ਼ਰ, ਹਸਪਤਾਲ ਵਿੱਚ ਪੁਲਿਸ ਪੋਸਟ ਬਣਾਈ ਜਾਵੇ। ਇਸ ਮਾਮਲੇ ਸਬੰਧੀ ਪੁਲਿਸ ਦਾ ਪੱਖ ਜਾਣਨ ਲਈ, ਐਸ.ਐਚ.ਉ. ਥਾਣਾ ਸਿਟੀ 1 ਬਰਨਾਲਾ ਨੂੰ ਫੋਨ ਕੀਤਾ, ਪਰੰਤੂ ਉਨ੍ਹਾਂ ਫੋਨ ਰਿਸੀਵ ਕਰਨਾ ਜਰੂਰੀ ਨਹੀਂ ਸਮਝਿਆ।ਪੁਲਿਸ ਨਸ਼ੇੜੀ ਤੋਂ ਤਫਤੀਸ਼ ਕਰੇਂ ਤਾਂ ਨਸ਼ਾ ਤਸਕਰਾਂ ਦੇ ਖੁੱਲ੍ਹ ਸਕਦੈ ਭੇਦ
ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਸਾਥੀ ਨਰਾਇਣ ਦੱਤ ਨੇ ਹਸਪਤਾਲ ਵਿੱਚ ਨਸ਼ੇੜੀਆਂ ਦੇ ਬੋਲਬਾਲੇ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਹਸਪਤਾਲ ਵਿੱਚੋਂ ਅਤੇ ਮਰੀਜਾਂ ਦੀ ਸਰਿੰਜਾਂ ਲਾਹ ਕੇ ਲਿਜਾ ਰਹੇ ਨਸ਼ੇੜੀਆਂ ਤੋਂ ਗਹਿਰਾਈ ਨਾਲ ਤਫਤੀਸ਼ ਕਰੇ ਤਾਂ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕਈ ਜਨਤਕ ਜਥੇਬੰਦੀਆਂ ਦਾ ਇੱਕ ਵਫਦ ਐਸ.ਐਮ.ਉ ਨੂੰ ਵੀ ਮਿਲਿਆ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਛੇਤੀ ਹੀ ਨਸ਼ੇੜੀਆਂ ਤੇ ਕਾਬੂ ਨਾਲ ਇਆ ਤਾਂ ਜਨਤਕ ਜਥੇਬੰਦੀਆਂ ਸੰਘਰਸ਼ ਦਾ ਰਾਹ ਅਖਤਿਆਰ ਕਰਨ ਨੂੰ ਮਜਬੂਰ ਹੋਣਗੀਆਂ।