ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸਕੂਲ ਭੈਣੀ ਜੱਸਾ ਦਾ ਮੈਗਜ਼ੀਨ ਰਿਲੀਜ਼
ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸਕੂਲ ਭੈਣੀ ਜੱਸਾ ਦਾ ਮੈਗਜ਼ੀਨ ਰਿਲੀਜ਼
- ਵਿਦਿਆਰਥੀਆਂ ਨੂੰ ਸਾਹਿਤਕ ਰੁਚੀਆਂ ਨਾਲ ਜੋੜਨਾ ਬੇਹੱਦ ਜ਼ਰੂਰੀ: ਕੁਮਾਰ ਸੌਰਭ ਰਾਜ
ਸੋਨੀ ਪਨੇਸਰ,ਬਰਨਾਲਾ, 26 ਫਰਵਰੀ 2022
ਵਿਦਿਆਰਥੀਆਂ ਨੂੰ ਸਾਹਿਤ ਅਤੇ ਸਾਹਿਤਕ ਰੁਚੀਆਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਸਰਕਾਰੀ ਹਾਈ ਸਕੂਲ ਭੈਣੀ ਜੱਸਾ (ਬਰਨਾਲਾ) ਵੱਲੋਂ ਤਿਆਰ ਸਕੂਲੀ ਮੈਗਜ਼ੀਨ ‘ਪ੍ਰੇਰਨਾ’ ਰਿਲੀਜ਼ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਦੀ ਸੋਚ ਨੂੰ ਉਸਾਰੂ ਬਣਾਉਣ ਵਿੱਚ ਆਪਣਾ ਰੋਲ ਅਦਾ ਕਰਦੇ ਹਨ।
ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਸ ਮੈਗਜ਼ੀਨ ਵਿਚ ਸਕੂਲੀ ਵਿਦਿਆਰਥੀਆਂ ਵੱਲੋਂ ਵੱਖ-ਵੱਖ ਲਿਖਤਾਂ ਦੇ ਨਾਲ ਨਾਲ ਸਕੂਲ ਦੇ ਅਧਿਆਪਕਾਂ ਵੱਲੋਂ ਵੀ ਸਿੱਖਿਆਦਾਇਕ ਲੇਖ ਲਿਖੇ ਗਏ ਹਨ। ਇਸ ਮੌਕੇ ਸੰਪਾਦਕੀ ਮੰਡਲ ਦੇ ਮੈਂਬਰ ਅੰਮਿ੍ਰਤਪਾਲ ਸਿੰਘ (ਕੰਪਿਊਟਰ ਅਧਿਆਪਕ) ਨੇ ਦੱਸਿਆ ਕਿ ਇਸ ਮੈਗਜ਼ੀਨ ਨੂੰ ਤਿਆਰ ਕਰਨ ਲਈ ਬਤੌਰ ਸੰਪਾਦਕ ਹਰਜੀਤ ਸਿੰਘ ਮਲੂਕਾ ਅਤੇ ਸਮੁੱਚੇ ਸੰਪਾਦਕੀ ਮੰਡਲ ਵੱਲੋਂ ਮਿਹਨਤ ਕੀਤੀ ਗਈ ਹੈ। ਸਕੂਲ ਮੁਖੀ ਪੁਨੀਤ ਗਰਗ ਅਤੇ ਮੈਗਜੀਨ ਸੰਪਾਦਕ ਹਰਜੀਤ ਸਿੰਘ ਮਲੂਕਾ ਨੇ ਕਿਹਾ ਕਿ ਇਸ ਮੈਗਜ਼ੀਨ ਨੂੰ ਸਕੂਲ ਵਿੱਚ ਹੀ ਤਿਆਰ ਕੀਤਾ ਗਿਆ ਹੈ ਅਤੇ ਘੱਟ ਤੋਂ ਘੱਟ ਬਜਟ ਨਾਲ ਇਹ ਸਾਹਿਤਿਕ ਕਾਰਜ ਨੂੰ ਨੇਪਰੇ ਚਾੜਿਆ ਗਿਆ ਹੈ। ਉਨਾਂ ਕਿਹਾ ਕਿ ਸਕੂਲ ਦੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਦੀ ਮਦਦ ਨਾਲ ਹਰ ਸਾਲ ਇਸ ਪਿਰਤ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਮੁੱਖ ਅਧਿਆਪਕ ਪੁਨੀਤ ਗਰਗ, ਮੈਗਜ਼ੀਨ ਦੇ ਸੰਪਾਦਕ ਹਰਜੀਤ ਸਿੰਘ ਮਲੂਕਾ, ਸੰਪਾਦਕੀ ਮੰਡਲ ਦੇ ਮੈਂਬਰ ਅੰਮਿ੍ਰਤਪਾਲ ਸਿੰਘ, ਹਰਬੰਸ ਸਿੰਘ (ਜ਼ਿਲਾ ਸਿੱਖਿਆ ਦਫਤਰ) ਆਦਿ ਹਾਜ਼ਰ ਸਨ।