ਭਾਸ਼ਾ ਵਿਭਾਗ ਪੰਜਾਬ ਵੱਲੋਂ ਕੈਨੇਡਾ ਵੱਸਦੇ ਸ਼ਾਇਰ ਕਵਿੰਦਰ ਚਾਂਦ ਨਾਲ ਰੂ-ਬੁ-ਰੂ ਸਮਾਗਮ ਰਚਾਇਆ
ਭਾਸ਼ਾ ਵਿਭਾਗ ਪੰਜਾਬ ਵੱਲੋਂ ਕੈਨੇਡਾ ਵੱਸਦੇ ਸ਼ਾਇਰ ਕਵਿੰਦਰ ਚਾਂਦ ਨਾਲ ਰੂ-ਬੁ-ਰੂ ਸਮਾਗਮ ਰਚਾਇਆ
ਰਿਚਾ ਨਾਗਪਾਲ,ਪਟਿਆਲਾ,25 ਫਰਵਰੀ 2022
ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਭਾਸ਼ਾ ਸਦਨ ਪਟਿਆਲਾ ਵਿਖੇ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ ਕੈਨੇਡਾ ਵੱਸਦੇ ਪੰਜਾਬੀ ਸ਼ਾਇਰ ਕਵਿੰਦਰ ਚਾਂਦ ਨਾਲ ਰੂ-ਬੁ-ਰੂ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਵਿਦਵਾਨਾਂ ਨੇ ਕਵਿੰਦਰ ਚਾਂਦੀ ਦੀ ਗ਼ਜ਼ਲ, ਗੀਤ ਤੇ ਕਵਿਤਾ ਸਿਰਜਣਾ ਬਾਰੇ ਭਾਵਪੂਰਤ ਵਿਚਾਰ ਪੇਸ਼ ਕੀਤੇ। ਵਿਭਾਗ ਦੀ ਸੰਯੁਕਤ ਨਿਰਦੇਸ਼ਕਾਂ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਵੱਲੋਂ ਕੀਤੇ ਜਾ ਰਹੇ ਨਵੇਂ ਉਪਰਾਲਿਆਂ ਬਾਰੇ ਚਾਨਣਾ ਪਾਇਆ। ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਕੁਲਦੀਪ ਦੀਪ ਨੇ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਡਾ. ਮੋਹਨ ਤਿਆਗੀ ਪੰਜਾਬੀ ਯੂਨੀਵਰਸਿਟੀ ਨੇ ਕੀਤੀ। ਡਾ. ਮਨਜਿੰਦਰ ਸਿੰਘ ਨੇ ਵਿਸ਼ੇਸ਼ ਵਕਤਾ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਕਵਿੰਦਰ ਚਾਂਦ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ. ਚਰਨ ਸਿੰਘ ਚਰਨ ਤੇ ਚਾਚਾ ਨਿਰੰਜਨ ਨੂਰ ਦੇ ਕਵੀ ਹੋਣ ਕਰਕੇ, ਉਨ੍ਹਾਂ ਨੂੰ ਸਾਹਿਤ ਸਿਰਜਣਾ ਦੀ ਚੇਟਕ ਵਿਰਾਸਤ ‘ਚੋਂ ਹੀ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਗ਼ਜ਼ਲਾਂ, ਕਵਿਤਾਵਾਂ ਤੇ ਗੀਤਾਂ ਰਚਣ ਲਈ ਆਪਣੀਆਂ ਸਮਕਾਲੀ ਪ੍ਰਸਥਿਤੀਆਂ ਨੂੰ ਅਧਾਰ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਕਾਵਿ/ਗ਼ਜ਼ਲ/ਗੀਤਾਂ ਦੀਆਂ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਆਪਣੀਆਂ ਰਚਨਾਵਾਂ ‘ਸਮਾਂ ਬੋਲਣ ਦਾ ਹੈ…, ‘ਮੁਆਫੀਨਾਮਾ’ ਤੇ ‘ਕੁੜੀਆਂ-ਚਿੜੀਆਂ’ ਪੇਸ਼ ਕੀਤੀਆਂ। ਦੱਸਣਯੋਗ ਹੈ ਕਿ ਕਵਿੰਦਰ ਚਾਂਦ ਅਸ਼ਰਫ਼ੀਆਂ, ਕਣ ਕਣ ਤੇ ਬੰਸਰੀ ਕਿੱਧਰ ਗਈ ਆਦਿ ਛਪ ਚੁੱਕੀਆਂ ਹਨ।
ਮੁੱਖ ਮਹਿਮਾਨ ਡਾ. ਕੁਲਦੀਪ ਦੀਪ ਨੇ ਕਿਹਾ ਕਿ ਕਵਿੰਦਰ ਚਾਂਦ ਜੜ੍ਹਾਂ ਨਾਲ ਜੁੜਿਆ ਸ਼ਾਇਰ ਹੈ। ਉਸ ਦੀ ਕਵਿਤਾ ‘ਚ ਸੰਵੇਦਨਾ, ਵਿਅੰਗ, ਤਿੱਖਾਪਣ ਤੇ ਹੇਰਵਾ ਹੈ। ਕਵਿੰਦਰ ਦੀਆਂ ਰਚਨਾਵਾਂ ਮਨੁੱਖ ਨੂੰ ਆਪਣੇ ਆਪ ਨਾਲ ਜੋੜਦੀਆਂ ਹਨ। ਉਹ ਆਪਣੇ ਆਲੇ-ਦੁਆਲੇ ਵਾਪਰਨ ਵਾਲੀ ਹਰ ਘਟਨਾ ਦਾ ਨੋਟਿਸ ਲੈਂਦਾ ਹੈ ਅਤੇ ਆਪਣੀ ਰਚਨਾ ਰਾਹੀਂ ਉਸ ਬਾਰੇ ਟਿੱਪਣੀਆਂ ਕਰਦਾ ਹੈ। ਡਾ. ਮੋਹਨ ਤਿਆਗੀ ਨੇ ਆਪਣੇ ਪ੍ਰਧਾਨਗੀ ਭਾਸ਼ਣ ‘ਚ ਭਾਸ਼ਾ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਵਿੰਦਰ ਚਾਂਦ ਪੰਜਾਬੀ ਗ਼ਜ਼ਲ ਦਾ ਮੁਹਾਂਦਰਾ ਘੜਨ ਵਾਲਿਆਂ ‘ਚ ਮੋਹਰੀ ਹਸਤਾਖਰ ਬਣਕੇ ਉਭਰਿਆ ਹੈ। ਉਸ ਦੀਆਂ ਰਚਨਾਵਾਂ ਪਾਠਕ ਨੂੰ ਨਵਾਂ ਉਤਸ਼ਾਹ ਦਿੰਦੀਆਂ ਹਨ ਅਤੇ ਹਰ ਸਮੇਂ ‘ਚ ਸਹਾਰਾ ਬਣਦੀਆਂ ਹਨ। ਇਸੇ ਕਰਕੇ ਕਵਿੰਦਰ ਚਾਂਦ ਨੇ ਦੇਸ਼-ਵਿਦੇਸ਼ ਦੇ ਗ਼ਜ਼ਲ ਜਗਤ ‘ਚ ਵਿਸ਼ੇਸ਼ ਥਾਂ ਬਣਾਈ ਹੈ। ਉਹ ਇੱਕ ਪ੍ਰਤੀਬੱਧ ਲੇਖਕ ਹੈ ਅਤੇ ਨਿਰੰਤਰ ਕਾਵਿ ਰਚਨਾ ਕਰ ਰਿਹਾ ਹੈ। ਡਾ. ਮਨਜਿੰਦਰ ਸਿੰਘ ਨੇ ਕਵਿੰਦਰ ਚਾਂਦ ਦੀਆਂ ਗ਼ਜ਼ਲਾਂ ਪੇਸ਼ ਕੀਤੀਆਂ ਅਤੇ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ। ਡਾ. ਸੰਤੋਖ ਸੁੱਖੀ ਨੇ ਵੀ ਇੱਕ ਕਵਿਤਾ ਪੇਸ਼ ਕੀਤੀ। ਅਖੀਰ ‘ਚ ਭਾਸ਼ਾ ਵਿਭਾਗ ਵੱਲੋਂ ਕਵਿੰਦਰ ਚਾਂਦ ਅਤੇ ਬਾਕੀ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਹਾਇਕ ਨਿਰਦੇਸ਼ਕ ਸਤਨਾਮ ਸਿੰਘ, ਪ੍ਰਿਤਪਾਲ ਕੌਰ, ਅਸ਼ਰਫ਼ ਮਹਿਮੂਦ ਨੰਦਨ, ਪਰਵੀਨ ਕੁਮਾਰ, ਅਲੋਕ ਕੁਮਾਰ, ਹਰਭਜਨ ਕੌਰ, ਸੁਖਪ੍ਰੀਤ ਕੌਰ, ਤੇਜਿੰਦਰ ਗਿੱਲ ਤੇ ਵੱਡੀ ਗਿਣਤੀ ‘ਚ ਸਰੋਤੇ ਹਾਜ਼ਰ ਸਨ। ਤੇਜਿੰਦਰ ਗਿੱਲ ਨੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ।