ਇਨਕਲਾਬੀ ਕੇਂਦਰ ਪੰਜਾਬ ਅਤੇ ਨਿਊ ਡੈਮੋਕ੍ਰੇਸੀ ਦੇ ਸੱਦੇ’ਤੇ “ਰਾਜ ਬਦਲੋ-ਸਮਾਜ ਬਦਲੋ” ਕਨਵੈਨਸ਼ਨ ਅਤੇ ਇਨਕਲਾਬੀ ਮਾਰਚ
ਇਨਕਲਾਬੀ ਕੇਂਦਰ ਪੰਜਾਬ ਅਤੇ ਨਿਊ ਡੈਮੋਕ੍ਰੇਸੀ ਦੇ ਸੱਦੇ’ਤੇ “ਰਾਜ ਬਦਲੋ-ਸਮਾਜ ਬਦਲੋ” ਕਨਵੈਨਸ਼ਨ ਅਤੇ ਇਨਕਲਾਬੀ ਮਾਰਚ
- ਵੋਟਾਂ ਤੋਂ ਝਾਕ ਛੱਡਕੇ ਸੰਘਰਸ਼ਾਂ ਦਾ ਸੂਹਾ ਪਰਚਮ ਬੁਲੰਦ ਰੱਖੋ-ਪੂਹਲਾ,ਦੱਤ
ਸੋਨੀ ਪਨੇਸਰ,ਬਰਨਾਲਾ ,12 ਫਰਵਰੀ 2022
ਇਨਕਲਾਬੀ ਕੇਂਦਰ, ਪੰਜਾਬ ਅਤੇ ਸੀਪੀਆਈ (ਐਮਐਲ) ਨਿਊ ਡੈਮੋਕ੍ਰੇਸੀ ਨਾਂ ਦੀਆਂ ਦੋ ਇਨਕਲਾਬੀ ਜਥੇਬੰਦੀਆਂ ਵੱਲੋਂ ਸੱਦੇ’ਤੇ ਨਵਾਂ ਇਨਕਲਾਬੀ ਬਦਲ ਉਭਾਰਨ ਲਈ “ਰਾਜ ਬਦਲੋ-ਸਮਾਜ ਬਦਲੋ” ਕਨਵੈਨਸ਼ਨ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਹੋਈ। ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਮੁਖਤਿਆਰ ਸਿੰਘ ਪੂਹਲਾ ਨੇ ਕਿਹਾ ਮੌਜੂਦਾ ਪਾਰਲੀਮਾਨੀ ਪ੍ਬੰਧ ਜਿਸ ਕਦਰ ਸਿਆਸੀ ਨਿਘਾਰ ਦੀ ਹਾਲਤ ਵਿੱਚ ਪਹੁੰਚ ਗਿਆ ਹੈ,ਉਸ ਕੋਲੋਂ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਹੋਣ ਦੀ ਆਸ ਸਮਾਪਤ ਹੋ ਚੁੱਕੀ ਹੈ। ਇਸ ਪ੍ਬੰਧ ਅੰਦਰ ਸਾਰੀਆਂ ਹੀ ਸਿਆਸੀ ਪਾਰਟੀਆਂ ਮੌਕਾਪ੍ਰਸਤੀ,ਧਨ, ਬਾਹੂਬਲ ਅਤੇ ਨਸ਼ਿਆਂ ਦੀ ਵਰਤੋਂ ਕਰਕੇ ਹਕੂਮਤੀ ਕੁਰਸੀਆਂ ਉੱਤੇ ਬਿਰਾਜਮਾਨ ਹੋ ਜਾਂਦੀਆਂ ਹਨ ਪਰ ਹਕੂਮਤੀ ਕੁਰਸੀਆਂ ‘ਤੇ ਬਿਰਾਜਮਾਨ ਹੁੰਦਿਆਂ ਹੀ ਲੋਕ ਮਸਲਿਆਂ ਨੂੰ ਵਿਸਾਰ ਕੇ ਇਹ ਹਾਕਮ ਜਮਾਤੀ ਪਾਰਟੀਆਂ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦਾ ਪੋ੍ਗਰਾਮ ਜੋਰ ਸ਼ੋਰ ਨਾਲ ਲਾਗੂ ਕਰਨ ਲੱਗਦੀਆਂ ਹਨ। ਇਹ ਪੋ੍ਗਰਾਮ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਅਤੇ ਦੇਸ਼ ਦੇ ਮਿਹਨਤਕਸ਼ ਲੋਕਾਂ ਦੀ ਰੋਜ਼ੀ ਰੋਟੀ ਅਤੇ ਦੇਸ਼ ਦੇ ਕੁਦਰਤੀ ਮਾਲ ਖਜਾਨਿਆਂ ਦੇ ਉਜਾੜੇ ਵਾਲਾ ਹੈ। ਉਨ੍ਹਾਂ ਕਿਹਾ ਕਿ ਦੇਸ ਦੇ ਲੋਕਾਂ ਦੀ ਮੁਕਤੀ ਦਾ ਮਾਰਗ ਚੋਣ ਸਿਆਸਤ ਅੰਦਰ ਗਲਤਾਨ ਹੋਣਾ ਨਹੀਂ ਬਲਕਿ ਲੋਕ ਸੰਘਰਸ਼ ਦਾ ਰਾਹ ਅਖਤਿਆਰ ਕਰਕੇ ਦੇਸ਼ ਅੰਦਰ ਹਕੀਕੀ ਇਨਕਲਾਬੀ ਤਬਦੀਲੀ ਲਈ ਜੂਝਣਾ ਹੈ। ਇਨਕਲਾਬੀ ਕੇਂਦਰ ਦੇ ਸੂਬਾ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਹਾਕਮ ਜਮਾਤਾਂ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ,ਇਨ੍ਹਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਜਾਤਾਂ,ਗੋਤਾਂ,ਧਰਮਾਂ,ਕਬੀਲਿਆਂ ਦੇ ਨਾਂ ਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਲਾਗੂ ਕਰਦੀਆਂ ਹਨ। ਇਸ ਮਕਸਦ ਲਈ ਧਰਮ ਨੂੰ ਹਥਿਆਰ ਦੇ ਤੌਰ ‘ਤੇ ਵਰਤਿਆ ਜਾਂਦਾ ਹੈ ਅਤੇ ਦੇਸ਼ ਦੀਆਂ ਘੱਟ ਗਿਣਤੀਆਂ ਦੇ ਜਾਨ ਮਾਲ ਦਾ ਘਾਣ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਫ਼ਿਰਕੂ ਦੰਗਿਆਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਮੌਜੂਦਾ ਭਾਜਪਾ ਦੀ ਅਗਵਾਈ ਵਾਲੀ ਸੰਘੀ ਲਾਣੇ ਦੀ ਹਕੂਮਤ ਮੁਸਲਿਮ ਅਤੇ ਇਸਾਈ ਭਾਈਚਾਰੇ ਨੂੰ ਗਿਣ ਮਿੱਥ ਕੇ ਆਪਣਾ ਨਿਸ਼ਾਨਾ ਬਣਾ ਰਹੇ ਹਨ। ਆਗੂਆਂ ਨੇ ਲੋਕਾਂ ਨੂੰ ਵੋਟਾਂ ਤੋਂ ਝਾਕ ਛੱਡਕੇ ਆਪਣੇ ਸੰਘਰਸ਼ਾਂ ਨੂੰ ਤਕੜੇ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਾਕਮ ਜਮਾਤਾਂ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ਫਾਸ਼ੀਵਾਦ ਦਾ ਸਹਾਰਾ ਲੈ ਕੇ ਹੋਰ ਵੀ ਖੂੰਖਾਰ ਰੂਪ ਵਿੱਚ ਸਾਹਮਣੇ ਆਉਣਗੀਆਂ। ਜਿਸ ਤਰ੍ਹਾਂ ਲੋਕ ਹੱਕਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਚਿੰਤਕਾਂ,ਬੁੱਧਜੀਵੀਆਂ,ਸਮਾਜਿਕ ਕਾਰਕੁਨਾਂ,ਵਕੀਲਾਂ ਨੂੰ ਯੂਏਪੀਏ ਵਰਗੀਆਂ ਬਦਨਾਮ ਧਾਰਾਵਾਂ ਲਗਾਕੇ ਸਾਲਾਂ ਬੱਧੀ ਸਮੇਂ ਤੋਂ ਜੇਲ੍ਹਾਂ ਪਿੱਛੇ ਡੱਕਿਆ ਹੋਇਆ ਹੈ। ਜਿਨ੍ਹਾਂ ਦਾ ਟਾਕਰਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾ ਪਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਵਾਜਬ ਭਾਅ ਲੈਣ ਲਈ ਅਤੇ ਖਰੀਦ ਦੀ ਗਰੰਟੀ ਲਈ ਹੋਰ ਤਕੜੇ ਹੋ ਕੇ ਸੰਘਰਸ਼ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸੰਸਾਰ ਵਪਾਰ ਜਥੇਬੰਦੀਆਂ ਵਰਗੀਆਂ ਸੰਸਥਾਵਾਂ ਤੋਂ ਬਾਹਰ ਆਉਣ ਦੀ ਮੰਗ ਸਮੇਂ ਦੀ ਲੋੜ ਹੈ। ਉਨ੍ਹਾਂ ਲੋਕ ਸੰਘਰਸ਼ਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸਿਆਸੀ ਨਜ਼ਰਬੰਦਾਂ ਤੇ ਸਜ਼ਾ ਪੂਰੀ ਕਰ ਚੁੱਕੇ ਸਿਆਸੀ ਅਤੇ ਆਮ ਕੈਦੀਆਂ ਦੀ ਰਿਹਾਈ ਅਤੇ ਯੂਏਪੀਏ ਅਤੇ ਅਫਸਪਾ ਵਰਗੇ ਕਾਲੇ ਕਾਨੂੰਨ ਖਤਮ ਕਰਨ ਦੀ ਮੰਗ ਕੀਤੀ।ਇੱਕ ਮਤੇ ਰਾਹੀਂ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਅਲਾਹਾਬਾਦ ਹਾਈਕੋਰਟ ਵੱਲੋਂ ਜਮਾਨਤ ਦੇਣ,ਆਸਿਫਾ ਦੇ ਕਾਤਲਾਂ ਨੂੰ ਬਰੀ ਕਰਨ, ਕਰਨਾਟਕ ਅੰਦਰ ਹਿਜਾਬ ਪਹਿਨਣ ਕਾਰਨ ਘੱਟ ਗਿਣਤੀ ਫਿਰਕੇ ਦੀਆਂ ਮੁਸਲਿਮ ਵਿਦਿਆਰਥਣਾਂ ਨਾਲ ਭਾਜਪਾਈ ਗੁੰਡਿਆਂ ਵੱਲੋਂ ਹਮਲਾ ਕਰਨ, ਦਿੱਲੀ ਅੰਦਰ ਆਂਗਣਵਾੜੀ ਵਰਕਰਾਂ/ਹੈਲਪਰਾਂ ਦੇ ਸੰਘਰਸ਼ ਉੱਪਰ ਹਮਲਾ ਕਰਨ ਦੀ ਸਖਤ ਨਿਖੇਧੀ ਕੀਤੀ ਗਈ।ਇਸ ਸਮੇਂ ਬਲਦੇਵ ਮੰਡੇਰ ਅਤੇ ਨਰਿੰਦਰ ਸਿੰਗਲਾ ਨੇ ਇਨਕਲਾਬੀ ਗੀਤ ਦਾ ਪੇਸ਼ ਕੀਤੇ। ਕਨਵੈਨਸ਼ਨ ਤੋਂ ਬਾਅਦ ਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ ਚੈਂਕ ਤੱਕ ਇਨਕਲਾਬੀ ਮਾਰਚ ਕੀਤਾ ਗਿਆ। ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ ਮਨਜੀਤ ਧਨੇਰ, ਬਲਵੰਤ ਉੱਪਲੀ, ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਮਾਂਗੇਵਾਲ, ਅਮਰਜੀਤ ਕੌਰ, ਜੁਗਰਾਜ ਹਰਦਾਸਪੁਰਾ,ਬਾਬੂ ਸਿੰਘ ਖੁੱਡੀਕਲਾਂ, ਕੁਲਵੰਤ ਸਿੰਘ ਭਦੌੜ, ਗੁਰਮੀਤ ਸੁਖਪੁਰਾ,ਹਰਪ੍ਰੀਤ, ਜਗਮੀਤ, ਸਾਹਿਬ ਸਿੰਘ ਬਡਬਰ,ਬਲਵਿੰਦਰ ਬਰਨਾਲਾ, ਬਿੱਕਰ ਔਲਖ, ਪਰੇਮਪਾਲ ਕੌਰ, ਡਾ ਸੁਖਵਿੰਦਰ, ਖੁਸ਼ਮੰਦਰਪਾਲ, ਵਿੰਦਰ ਠੀਕਰੀਵਾਲਾ, ਜਸਪਾਲ ਚੀਮਾ, ਹਰਚਰਨ ਚੰਨਾ,ਬਲਦੇਵ ਸੰਦੇਵਾਹਕ,ਕਾਲਾ ਜੈਦ ਆਦਿ ਆਗੂ ਵਰਕਰ ਵੀ ਸ਼ਾਮਲ ਹੋਏ। ਸਟੇਜ ਸਕੱਤਰ ਡਾ ਰਾਜਿੰਦਰ ਪਾਲ ਨੇ ਬਾਖੂਬੀ ਨਿਭਾਏ।