CM ਚੰਨੀ ਤੇ ਲਟਕੀ ਪੁੱਛਗਿੱਛ ਦੀ ਤਲਵਾਰ , ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਈ ਡੀ ਨੇ ਕੀਤਾ ਗ੍ਰਿਫ਼ਤਾਰ
ਏ.ਐਸ. ਅਰਸ਼ੀ ,ਚੰਡੀਗੜ੍ਹ, 4 ਫਰਵਰੀ, 2022
ਕਾਫੀ ਦਿਨਾਂ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਰਾਡਾਰ ਤੇ ਚੱਲ ਰਹੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੁੰ ਲੰਘੀ ਦੇਰ ਰਾਤ ਕਰੀਬ 7/8 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਮਨੀ ਲਾਂਡਰਿੰਗ ਦੇ ਕੇਸ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਈ ਡੀ ਨੇ ਹਨੀ ਨੂੰ ਆਪਣੇ ਜਲੰਧਰ ਦਫਤਰ ਵਿਚ ਪੁੱਛ ਗਿੱਛ ਕਰਨ ਵਾਸਤੇ ਸੱਦਿਆ ਸੀ। ਹਨੀ ਦੀ ਗਿਰਫਤਾਰੀ ਤੋਂ ਬਾਅਦ ਹੁਣ ਮੁੱਖ ਮੰਤਰੀ ਚੰਨੀ ਦੇ ਵੀ ਈ.ਡੀ ਦੀ ਪੁੱਛਗਿੱਛ ਦੇ ਕਲਾਵੇ ਵਿੱਚ ਆਉਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ।
ਈ. ਡੀ. ਵੱਲੋਂ ਦੇਰ ਰਾਤ ਕਰੀਬ 12.30 ਵਜੇ ਦੇ ਲਗਭਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਲੰਧਰ ਸਿਵਲ ਹਸਪਤਾਲ ‘ਚ ਦੇਰ ਰਾਤ ਹਸਪਤਾਲ ਵਿਚ ਭੁਪਿੰਦਰ ਦਾ ਮੈਡੀਕਲ ਵੀ ਕਰਵਾਇਆ ਗਿਆ ।
ਵਰਨਣਯੋਗ ਹੈ ਕਿ ਜਨਵਰੀ ਮਹੀਨੇ ‘ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਵਿਚ ਲੁਧਿਆਣਾ, ਮੋਹਾਲੀ ਤੇ ਹਰਿਆਣਾ ਦੇ ਪੰਚਕੂਲਾ ‘ਚ ਸਥਿਤ ਕੰਪਲੈਕਸਾਂ ਵਿਚ ਰੇਡ ਕੀਤੀ ਗਈ ਸੀ। ਇਸ ਦੌਰਾਨ ਭੁਪਿੰਦਰ ਹਨੀ ਅਤੇ ਉਸ ਦੇ ਸਾਥੀ ਦੇ ਘਰੋਂ 10 ਕਰੋੜ ਰੁਪਏ ਦੀ ਨਕਦੀ, ਕੁਝ ਕੀਮਤੀ ਘੜੀਆਂ, ਸੋਨਾ ਅਤੇ ਕੁਝ ਅਹਿਮ ਦਸਤਾਵੇਜ਼ ਵੀ ਬਰਾਮਦ ਹੋਏ ਸੀ।
ਖ਼ਬਰ ਏਜੰਸੀ ANI ਨੇ ਈ. ਡੀ. ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ।
ਇਸ ਮਾਮਲੇ ਦੀ ਜਾਂਚ ਤੋਂ ਬਾਅਦ ਭੁਪਿੰਦਰ ਸਿੰਘ ਹਨੀ ਨੂੰ 3 ਫਰਵਰੀ ਨੂੰ ਜਲੰਧਰ ਸਥਿਤ ਈ. ਡੀ. ਦਫ਼ਤਰ ਵਿਚ ਬੁਲਾਇਆ ਗਿਆ ਸੀ, ਜਿੱਥੇ ਸ਼ਾਮੀਂ 6 ਵਜੇ ਦੇ ਲਗਭਗ ਉਹ ਪੇਸ਼ ਹੋਏ। ਈ. ਡੀ. ਨੇ ਉਨ੍ਹਾਂ ਕੋਲੋਂ 6-7 ਘੰਟੇ ਦੀ ਲੰਮੀ ਪੁੱਛਗਿੱਛ ਤੋਂ ਬਾਅਦ ਰਾਤ 12.30 ਵਜੇ ਦੇ ਲਗਭਗ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਈ. ਡੀ. ਦੇ ਦਫ਼ਤਰ ਦੇ ਅੰਦਰ ਬਣੀ ਬੈਰਕ ‘ਚ ਉਸ ਨੂੰ ਰੱਖਿਆ ਗਿਆ ।
ਜ਼ਿਕਰਯੋਗ ਹੈ ਕਿ 19 ਜਨਵਰੀ ਇਸ ਮਾਮਲੇ ਵਿਚ ਭੁਪਿੰਦਰ ਹਨੀ ਦੇ ਪਾਰਟਨਰ ਕੁਦਰਤ ਦੀਪ ਸਿੰਘ, ਸ਼ੇਅਰ ਹੋਲਡਰ ਕੰਵਰ ਮਹੀਪ ਸਿੰਘ, ਮਨਪ੍ਰੀਤ ਸਿੰਘ, ਸੁਨੀਲ ਕੁਮਾਰ ਜੋਸ਼ੀ, ਜਗਬੀਰ ਇੰਦਰ ਸਿੰਘ ਸਮੇਤ ਰਣਦੀਪ ਸਿੰਘ (ਪ੍ਰੋਵਾਈਡਰ ਓਵਰਸੀਜ਼ ਕੰਪਨੀ ਮਾਲਕ) ਦੇ ਘਰ ਵੀ ਸਰਚ ਕੀਤੀ ਗਈ ਸੀ। ਇਨ੍ਹਾਂ ‘ਚੋਂ ਕਈ ਲੋਕਾਂ ਕੋਲੋਂ ਫ਼ਿਲਹਾਲ ਈ. ਡੀ. ਨੇ ਅਜੇ ਪੁੱਛਗਿੱਛ ਕਰਨੀ ਹੈ।
ਚੇਤੇ ਰਹੇ ਕਿ ਇਸ ਮਾਮਲੇ ਤੋਂ ਬਾਅਦ ਮੁੱਖ ਮੰਤਰੀ ਚੰਨੀ ਵੀ ਉਨ੍ਹਾਂ ਦੇ ਰਾਜਨੀਤਕ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਸੀ। ਜਦੋਂ ਕਿ ਚੰਨੀ ਨੇ ਇਸ ਨੂੰ ਸਿਆਸੀ ਬਦਲਾਖੋਰੀ ਦੱਸਿਆ ਸੀ ।