ਚੋਣਾਂ ਦੌਰਾਨ ਬੱਕਰੇ ਬੁਲਾਉਣ ਲਈ ‘ਰੂੜੀ ਮਾਰਕਾ’ ਨੇ ਲੋਰ ਚੜ੍ਹਾਈ
ਚੋਣਾਂ ਦੌਰਾਨ ਬੱਕਰੇ ਬੁਲਾਉਣ ਲਈ ‘ਰੂੜੀ ਮਾਰਕਾ’ ਨੇ ਲੋਰ ਚੜ੍ਹਾਈ
ਅਸ਼ੋਕ ਵਰਮਾ,ਬਠਿੰਡਾ, 2 ਫਰਵਰੀ2022:
ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਪੱਟੀ ’ਚ ਵੋਟਰਾਂ ਨੂੰ ਰਿਝਾਉਣ ਲਈ ਬਰਫੀ ਗੁੜ ਦੀ ਸਹਾਇਤਾ ਨਾਲ ਤਿਆਰ ਕੀਤੀ ਜਾਂਦੀ ਰੂੜੀ ਮਾਰਕਾ ਦੀਆਂ ਲਹਿਰਾਂ ਬਹਿਰਾਂ ਲੱਗੀਆਂ ਹੋਈਆਂ ਹਨ। ਹਾਲਾਂਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਮਾਨਸਾ ਅਤੇ ਬਠਿੰਡਾ ਜਿਲਿ੍ਹਆਂ ’ਚ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਸਖਤੀ ਕਾਰਨ ਭਾਰੀ ਮਾਤਰਾ ’ਚ ਲਾਹਣ ਬਰਾਮਦ ਕੀਤੀ ਗਈ ਹੈ ਫਿਰ ਵੀ ਜੋ ਘਰ ਦੀ ਕੱਢੀ ਸ਼ਰਾਬ ਦੇ ਸ਼ੌਕੀਨ ਹਨ, ਉਨ੍ਹਾਂ ਨੂੰ ਰੂੜੀ ਮਾਰਕਾ ਪਰੋਸਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਉਂਜ ਜਿੰਨ੍ਹਾਂ ਥਾਵਾਂ ਤੇ ਸਿਆਸੀ ਲੋਕਾਂ ਦਾ ਸਿੱਧੇ ਜਾਂ ਅਸਿੱਧੇ ਰੂਪ ’ਚ ਸ਼ਰਾਬ ਦੇ ਠੇਕਿਆਂ ਵਿੱਚ ਹਿੱਸਾ ਪੱਤੀ ਹੈ ਉੱਥੇ ਰੂੜੀ ਮਾਰਕਾ ਦਾ ਪ੍ਰਚਲਣ ਕੁੱਝ ਘੱਟ ਦੱਸਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਜਿਲਿ੍ਹਆਂ ਦੀ ’ਪੁਲਿਸ ਨੇ ਚੋਣ ਜਾਬਤਾ ਲੱਗਣ ਤੋਂ ਬਾਅਦ ਰੂੜੀ ਮਾਰਕਾ ਤਿਆਰ ਕਰਨ ਲਈ ਬਣਾਇਆ ਜਾਣ ਵਾਲਾ ਲਾਹਣ ਭਾਰੀ ਮਾਤਰਾ ’ਚ ਬਰਾਮਦ ਕੀਤਾ ਹੈ। ਭਾਵੇਂ ਅਧਿਕਾਰੀ ਮੁਸਤੈਦੀ ਦੇ ਜਿੰਨੇ ਮਰਜੀ ਦਾਅਵੇ ਕਰੀ ਜਾਣ ਪਰ ਰੋਜਾਨਾ ਘਰ ਦੀ ਸ਼ਰਾਬ ਬਨਾਉਣ ਵਾਲਿਆਂ ਨਾਲ ਸਬੰਧਤ ਮਾਮਲਿਆਂ ਦਾ ਸਾਹਮਣੇ ਆਉਣਾ ਦੱਸਦਾ ਹੈ ਕਿ ਹਰਿਆਣਾ ਦੇ ਨਾਲ ਲੱਗਣ ਵਾਲਾ ਇਹ ਖਿੱਤਾ ਰੂੜੀ ਮਾਰਕਾ ਤੋਂ ਅਛੂਤਾ ਨਹੀਂ ਰਹਿ ਸਕਿਆ ਹੈ। ਇਸ ਵਾਰ ਮੁਕਾਬਲੇ ਸਖਤ ਅਤੇ ਧਿਰਾਂ ਜਿਆਦਾ ਹੋਣ ਕਾਰਨ ਸ਼ਰਾਬ ਦੇ ਸ਼ੌਕੀਨਾਂ ਦੀਆਂ ਪੰਜੇ ਘਿਓ ’ਚ ਬਣੀਆਂ ਹੋਈਆਂ ਹਨ।
ਮਾਮਲੇ ਦਾ ਗੰਭੀਰ ਪਹਿਲੂ ਹੈ ਕਿ ਅਜਿਹੀ ਸ਼ਰਾਬ ਕਾਰਨ ਕਿਸੇ ਵੱਡੇ ਹਾਦਸੇ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ ਫਿਰ ਵੀ ਲੋਕ ‘ਮੁਫਤ ਦਾ ਤੇਲ ਜੁੱਤੀ ’ਚ ਪੁਆਉਣ’ ਨੂੰ ਤਰਜੀਹ ਦੇ ਰਹੇ ਹਨ। ਮਹੱਤਵਪੂਰਨ ਤੱਥ ਹੈ ਕਿ ਵੋਟਾਂ ਖਾਤਰ ਸਿਆਸੀ ਨੇਤਾ ਇੱਕ ਦੂਸਰੇ ਖਿਲਾਫ ਭੰਡੀ ਪ੍ਰਚਾਰ ਕਰਨ ’ਚ ਕੋਈ ਕਸਰ ਬਾਕੀ ਨਹੀਂ ਰੱਖਦੇ ਪਰ ਇਸ ਮਾਮਲੇ ’ਚ ਜਿਆਦਾਤਰ ਲੀਡਰ ਘਿਓ ਖਿਚੜੀ ਦੱਸੇ ਜਾ ਰਹੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਠੇਕੇ ਦੀ ਸ਼ਰਾਬ ਦੀ ਕੋਈ ਤੋਟ ਹੈ ਪਰ ਰੂੜੀ ਮਾਰਕਾ ਦੀ ਫਰਮਾਇਸ਼ ਵਧੀ ਹੈ।ਪਤਾ ਲੱਗਿਆ ਹੈ ਕਿ ਚੋਣ ਜਾਬਤਾ ਲੱਗਣ ਦੀਆਂ ਕਨਸੋਆਂ ਵਾਲੇ ਦਿਨਾਂ ਤੋਂ ਬਾਅਦ ਪੰਜਾਬ ’ਚ ਬਾਹਰੋਂ ਬਰਫ਼ੀ ਗੁੜ ਦੀ ਆਮਦ ਵਧੀ ਹੈ ਜਦੋਂਕਿ ਸਥਾਨਕ ਪੱਧਰ ਤੇ ਵਿਕਰੀ ’ਚ ਕਮੀ ਦਰਜ ਕੀਤੀ ਗਈ ਹੈ ।
ਮਾਨਸਾ ਜਿਲ੍ਹੇ ਦੇ ਮਾਨਸਾ ਬੁਢਲਾਡਾ,ਬਰੇਟਾ ਅਤੇ ਦੋ ਤਿੰਨ ਹੋਰ ਥਾਵਾਂ ਤੇ ਬਰਫੀ ਗੁੜ ਦੀ ਵਿੱਕਰੀ ਘਟ ਜਾਣ ਦੇ ਬਾਵਜੂਦ ਲਾਹਣ ਬਰਾਮਦਗੀ ਦੇ ਮਾਮਲੇ ਲਗਾਤਾਰ ਆ ਰਹੇ ਹਨ। ਇਸੇ ਤਰਾਂ ਹੀ ਬਠਿੰਡਾ ਜਿਲ੍ਹੇ ’ਚ ਵੀ ਨਵੰਬਰ ਤੋਂ ਬਾਅਦ ਬਰਫੀ ਗੁੜ ਦਾ ਭਾਅ ਸਥਿਰ ਚੱਲਿਆ ਆ ਰਿਹਾ ਹੈ ਫਿਰ ਵੀ ਲਾਹਣ ਦਾ ਮਿਲਣਾ ਜਾਰੀ ਹੈ। ਕੁੱਝ ਗੁੜ ਵਪਾਰੀਆਂ ਨੇ ਤਾਂ ਇਸ ਮੁੱਦੇ ਤੇ ਕਿਸੇ ਵੀ ਟਿੱਪਣੀ ਤੋਂ ਇਨਕਾਰ ਕਰ ਦਿੱਤਾ। ਇੱਕ ਗੁੜ ਵਿਕਰੇਤਾ ਦਾ ਕਹਿਣਾ ਸੀ ਕਿ ਉਹ ਤਾਂ ਵਿਹਲੇ ਬੈਠੇ ਹਨ ਪਰ ਘਰ ਦੀ ਸ਼ਰਾਬ ਲਈ ਫਤਿਹਾਬਾਦ ਅਤੇ ਸਰਸਾ ਤੋਂ ਲਗਾਤਾਰ ਗੁੜ ਪੰਜਾਬ ’ਚ ਆ ਰਿਹਾ ਹੈ।
ਸੂਤਰ ਦੱਸਦੇ ਹਨ ਕਿ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਸ਼ਹਿਰਾਂ ’ਚ ਗੁੜ ਦੀ ਵਿੱਕਰੀ ’ਚ ਵਾਧਾ ਹੋਇਆ ਹੈ। ਸੂਤਰਾਂ ਮੁਤਾਬਕ ਕਈ ਪਿੰਡਾਂ ਵਿੱਚ ਸਿਆਸੀ ਲੋਕਾਂ ਦੇ ਨੇੜਲਿਆਂ ਨੇ ਵੋਟਰਾਂ ਨੂੰ ਚੋਗਾ ਪਾਉਣ ਵਾਸਤੇ ਚੋਰੀ ਛਿਪੇ ਰੂੜੀ ਮਾਰਕਾ ਦਾ ਪ੍ਰਬੰਧ ਕੀਤਾ ਹੋਇਆ ਹੈ। ਪੁਲਿਸ ਰਿਕਾਰਡ ਅਨੁਸਾਰ ਮਾਨਸਾ ਜਿਲ੍ਹੇ ਵਿੱਚ ਕਰੀਬ ਇੱਕ ਦਰਜਨ ਪਿੰਡ ਰੂੜੀ ਮਾਰਕਾ ਸ਼ਰਾਬ ਕੱਢਣ ਦੇ ਮਾਮਲੇ ’ਚ ਮਸ਼ਹੂਰ ਹਨ। ਬਠਿੰਡਾ ਦੇ ਐਨ ਨਾਲ ਬੀੜ ਤਲਾਬ ਦਾ ਇਲਾਕਾ ਵੀ ਰੂੜੀ ਮਾਰਕਾ ਸ਼ਰਾਬ ਲਈ ਜਾਣਿਆ ਜਾਂਦਾ ਹੈ। ਚੋਣਾਂ ਦੌਰਾਨ ਪੁਲਿਸ ਦੀ ਪੈਨੀ ਨਜ਼ਰ ਸ਼ਰਾਬ ਤਸਕਰਾਂ ਨੂੰ ਕਾਬੂ ਕਰਨ ’ਚ ਤਾਂ ਸਫਲ ਹੋ ਰਹੀ ਹੈ ਫਿਰ ਵੀ ਪੂਰੀ ਤਰਾਂ ਲਗਾਮ ਨਹੀਂ ਕੱਸੀ ਜਾ ਸਕੀ ਹੈ।
ਦੱਸਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਤੱਕ ਕਾਂਗਰਸ ,ਅਕਾਲੀ ਦਲ ਭਾਜਪਾ ਗੱਠਜੋੜ ਅਤੇ ਆਮ ਆਦਮੀ ਪਾਰਟੀ ਸਮੇਤ ਤਿੰਨ ਪ੍ਰਮੁੱਖ ਧਿਰਾਂ ਚੋਣ ਮੈਦਾਨ ’ਚ ਸਨ। ਇਸ ਵਾਰ ਅਕਾਲੀ ਭਾਜਪਾ ਗੱਠਜੋੜ ਟੁੱਟਣ ਕਾਰਨ ਬੀਜੇਪੀ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਲੀ ਵਾਲੇ ਸੰਯੁਕਤ ਅਕਾਲੀ ਦਲ ਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਦਾ ਸੰਯੁਕਤ ਸਮਾਜ ਮੋਰਚਾ ਵੀ ਚੋਣਾਂ ਲੜ ਰਿਹਾ ਹੈ। ਵੱਡੀ ਗਿਣਤੀ ਬਾਗੀਆਂ ਅਤੇ ਅਜਾਦ ਉਮੀਦਵਾਰਾਂ ਦੇ ਚੋਣ ਜੰਗ ’ਚ ਕੁੱਦਣ ਕਾਰਨ ਹਰੇਕ ਹਲਕਾ ਵਕਾਰੀ ਬਣਿਆ ਹੋਇਆ ਹੈ।
ਵਿਭਾਗ ਮੁਸਤੈਦ: ਸਹਾਇਕ ਕਮਿਸ਼ਨਰ
ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਜਿਲਿ੍ਹਆਂ ’ਚ ਰੂੜੀ ਮਾਰਕਾ ਸ਼ਰਾਬ ’ਤੇ ਨਜ਼ਰ ਰੱਖਣ ਵਾਸਤੇ ਉਨ੍ਹਾਂ ਉਡਣ ਦਸਤੇ ਬਣਾਏ ਹੋਏ ਹਨ ਅਤੇ ਕੁੱਝ ਖਾਸ ਇਲਾਕਿਆਂ ’ਤੇ ਨਜ਼ਰ ਵੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਲਾਹਣ ਅਤੇ ਹੋਰ ਨਜਾਇਜ ਸ਼ਰਾਬ ਫੜੀ ਗੲਂੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦੇ ਸਹਿਯੋਗ ਨਾਲ ਪੰਜਾਬ ਹਰਿਆਣਾ ਸੀਮਾ ਤੇ ਵਿਸ਼ੇਸ਼ ਗ਼ਸ਼ਤ ਕੀਤੀ ਜਾ ਰਹੀ ਤਾਂ ਜੋ ਉਧਰੋਂ ਸ਼ਰਾਬ ਆਦਿ ਇੱਧਰ ਨਾ ਆ ਸਕੇ। ਉਨ੍ਹਾਂ ਦੱਸਿਆ ਕਿ ਕਿਧਰੋਂ ਵੀ ਇਸ ਸਬੰਧ ’ ਕੋਈ ਸੂਚਨਾ ਨਹੀਂ ਮਿਲੀ ਫਿਰ ਵੀ ਆਬਕਾਰੀ ਵਿਭਾਗ ਪੂਰੀ ਤਰਾਂ ਮੁਸਤੈਦ ਹੈ।