ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ ਸਬੰਧੀ ਪਾਬੰਦੀਆਂ ’ਚ 8 ਫਰਵਰੀ ਤੱਕ ਦਾ ਵਾਧਾ
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ ਸਬੰਧੀ ਪਾਬੰਦੀਆਂ ’ਚ 8 ਫਰਵਰੀ ਤੱਕ ਦਾ ਵਾਧਾ
ਪਰਦੀਪ ਕਸਬਾ ,ਸੰਗਰੂਰ, 2 ਫਰਵਰੀ, 2022
ਜ਼ਿਲਾ ਮੈਜਿਸਟ੍ਰੇਟ-ਕਮ- ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵੱਲੋਂ ਜਾਰੀ ਹਦਾਇਤਾਂ ਤਹਿਤ ਕੋਵਿਡ ਸਥਿਤੀ ਦੇ ਮੱਦੇਨਜ਼ਰ ਹੁਕਮ ਜਾਰੀ ਕਰ ਕੇ ਜ਼ਿਲੇ ਅੰਦਰ ਪਹਿਲਾਂ ਤੋਂ ਲਾਗੂ ਪਾਬੰਦੀਆਂ ‘ਚ ਸੋਧ ਕਰਦਿਆਂ 8 ਫਰਵਰੀ 2022 ਤੱਕ ਦਾ ਵਾਧਾ ਕਰ ਦਿੱਤਾ ਹੈ।
ਹੁਕਮਾਂ ਅਨੁਸਾਰ ਕਿਸੇ ਸਥਾਨ ਦੀ 50 ਫੀਸਦੀ ਸਮਰੱਥਾ ਨਾਲ ਇਨਡੋਰ 500 ਅਤੇ ਆਊਟਡੋਰ 1000 ਵਿਅਕਤੀਆਂ ਤੱਕ ਦੇ ਇਕੱਠ ਦੀ ਇਜਾਜ਼ਤ ਹੋਵੇਗੀ। ਇਹ ਇਕੱਠ ਵੀ ਕੋਵਿਡ ਸਬੰਧੀ ਲਾਗੂ ਪ੍ਰੋਟੋਕਾਲ ਦੀ ਪਾਲਣਾ ਨਾਲ ਹੀ ਕੀਤਾ ਜਾ ਸਕੇਗਾ।
ਹੁਕਮ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਅਤੇ ਕੰਮ ਦੀਆਂ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸੇ ਤਰਾਂ ਸਾਰੀਆਂ ਗਤੀਵਿਧੀਆਂ ਕਰਨ ਸਮੇਂ ਘੱਟੋ ਘੱਟ 6 ਫੁੱਟ ਦੀ ਸਮਾਜਿਕ ਦੂਰੀ ਰੱਖਣਾ ਯਕੀਨੀ ਬਣਾਇਆ ਜਾਵੇ। ਇਸੇ ਤਰਾਂ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ ਸਾਰੀਆਂ ਗ਼ੈਰਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਵਾਜਾਈ ’ਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਸ਼ਹਿਰਾਂ ਅਤੇ ਕਸਬਿਆਂ ਦੀਆਂ ਮਿਉਂਸੀਪਲ ਹੱਦਾਂ ਵਿਚ ਰੋਕ ਰਹੇਗੀ।
ਹਾਲਾਂਕਿ ਜ਼ਰੂਰੀ ਗਤੀਵਿਧੀਆਂ ਸਮੇਤ ਉਦਯੋਗਾਂ ਦਫ਼ਤਰਾਂ ਆਦਿ (ਸਰਕਾਰੀ ਅਤੇ ਪ੍ਰਾਈਵੇਟ ) ਵਿੱਚ ਕੰਮ-ਕਾਜ, ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਯਾਤਰਾ ਕਰਦੇ ਵਿਅਕਤੀਆਂ, ਮਾਲ ਦੀ ਆਵਾਜਾਈ ਅਤੇ ਬੱਸਾਂ, ਰੇਲ ਗੱਡੀਆਂ ਅਤੇ ਰੇਲ ਤੋਂ ਉਤਰਨ ਤੋਂ ਬਾਅਦ ਵਿਅਕਤੀਆਂ ਦੀ ਉਨਾਂ ਦੀਆਂ ਮੰਜ਼ਿਲਾਂ ਤੱਕ, ਮਾਲ ਦੀ ਢੋਆ-ਢੁਆਈ ਅਤੇ ਹਵਾਈ ਜਹਾਜ਼ ਰਾਹੀ ਯਾਤਰਾ ਸਬੰਧੀ ਇਜਾਜ਼ਤ ਹੋਵੇਗੀ। ਹੁਕਮਾਂ ਅਨੁਸਾਰ ਵੈਕਸੀਨ, ਮੈਡੀਕਲ ਉਪਕਰਨਾਂ ਅਤੇ ਡਾਇਗਨੋਸਟਿਕ ਕਿੱਟਾਂ ਸਮੇਤ ਫਾਰਮਾਸਿਊਟੀਕਲ ਦਵਾਈਆਂ ਦੇ ਨਿਰਮਾਣ ਨਾਲ ਸਬੰਧਤ ਕੱਚਾ ਮਾਲ, ਤਿਆਰ ਮਾਲ ਕਰਮਚਾਰੀਆਂ ਆਦਿ ਦੀ ਆਵਾਜਾਈ ਤੇ ਕੋਈ ਪਾਬੰਦੀ ਨਹੀਂ ਹੈ।
ਹੁਕਮਾਂ ਅਨੁਸਾਰ ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੰਸਥਾਵਾਂ ਆਦਿ ਬੰਦ ਰਹਿਣਗੇ ਜਦ ਕਿ ਆਨਲਾਈਨ ਵਿਧੀ ਨਾਲ ਪੜਾਈ ਜਾਰੀ ਰਹੇਗੀ। ਮੈਡੀਕਲ ਤੇ ਨਰਸਿੰਗ ਕਾਲਜ ਰੋਜ਼ਾਨਾ ਦੇ ਆਧਾਰ ’ਤੇ ਕੰਮ ਕਰਨਗੇ। ਇਸੇ ਤਰਾਂ ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਜਿਮ, ਖੇਡ ਕੰਪਲੈਕਸ, ਮਿਊਜ਼ੀਅਮ,ਚਿੜੀਆਘਰ ਆਦਿ 50 ਫ਼ੀਸਦੀ ਸਮੱਰਥਾ ਨਾਲ ਹੀ ਖੋਲਣ ਦੀ ਆਗਿਆ ਹੋਵੇਗੀ, ਬਾਸ਼ਰਤੇ ਸਾਰੇ ਸਟਾਫ ਦਾ ਮੁਕੰਮਲ ਟੀਕਾਕਰਨ ਹੋਇਆ ਹੋਵੇ। ਏ.ਸੀ. ਬੱਸਾਂ 50 ਫੀਸਦੀ ਸਮੱਰਥਾ ਨਾਲ ਹੀ ਚੱਲ ਸਕਣਗੀਆਂ।
ਇਸੇ ਤਰਾਂ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਤੋਂ ਕੋਈ ਵੀ ਸੇਵਾ ਉਸੇ ਵਿਅਕਤੀ ਨੂੰ ਮਿਲੇਗੀ ਜਿਸ ਨੇ ਮਾਸਕ ਪਾਇਆ ਹੋਵੇਗਾ। ਮੁਕੰਮਲ ਟੀਕਾਕਰਨ, ਕੋਵਿਡ ਤੋਂ ਠੀਕ ਹੋਇਆ ਵਿਅਕਤੀ ਜਾਂ 72 ਘੰਟਿਆਂ ਤੋਂ ਪਹਿਲਾਂ ਆਰ.ਟੀ.ਪੀ.ਸੀ.ਆਰ ਨੈਗੇਟਿਵ ਰਿਪੋਰਟ ਵਾਲਿਆਂ ਨੂੰ ਹੀ ਜ਼ਿਲੇ ਅੰਦਰ ਆਉਣ ਦੀ ਇਜਾਜ਼ਤ ਹੋਵੇਗੀ। ਅਜਿਹਾ ਨਾ ਹੋਣ ‘ਤੇ ਉਨ੍ਹਾਂ ਦਾ ਆਰ.ਏ.ਟੀ. ਟੈਸਟ ਕੀਤਾ ਜਾਵੇਗਾ। ਹਵਾਈ ਸਫਰ ਰਾਹੀ ਯਾਤਰਾ ਕਰਨ ਵਾਲਿਆਂ ਲਈ ਇਨ੍ਹਾਂ ਤਿੰਨਾਂ ‘ਚੋਂ ਇਕ ਦਾ ਹੋਣਾ ਲਾਜ਼ਮੀ ਹੈ। ਦਿਵਿਆਂਗਜਨ ਅਤੇ ਗਰਭਵਤੀ ਮਹਿਲਾ ਕਰਮਚਾਰੀਆਂ ਨੂੰ ਦਫਤਰ ਆਉਣ ਤੋਂ ਛੋਟ ਰਹੇਗੀ, ਪਰ ਘਰ ਤੋਂ ਕੰਮ ਕਰਨਾ ਜਾਰੀ ਰੱਖਣਗੇ। ਹੁਕਮਾਂ ਅਨੁਸਾਰ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ (ਸਰਕਾਰੀ ਤੇ ਪ੍ਰਾਈਵੇਟ) ਆਦਿ ਦੇ ਪ੍ਰਬੰਧਕ 15 ਤੋਂ 18 ਸਾਲ ਦੀ ਉਮਰ ਦੇ ਵਿਦਿਆਰਥੀਆਂ ਦਾ ਟੀਕਾਕਰਨ ਕਰਵਾਉਣ ਲਈ ਸਾਰੇ ਯਤਨ ਕਰਨਗੇ।