“ਵਿਸ਼ਵਾਸਘਾਤ ਦਿਵਸ” ਦੇ ਮੌਕੇ ਰਾਸ਼ਟਰਪਤੀ ਨੂੰ ਕਿਸਾਨਾਂ ਵੱਲੋਂ ਮੰਗ ਪੱਤਰ ਭੇਜੇ ਗਏ
“ਵਿਸ਼ਵਾਸਘਾਤ ਦਿਵਸ” ਦੇ ਮੌਕੇ ਰਾਸ਼ਟਰਪਤੀ ਨੂੰ ਕਿਸਾਨਾਂ ਵੱਲੋਂ ਮੰਗ ਪੱਤਰ ਭੇਜੇ ਗਏ
- ਵਿਧਾਨ ਸਭਾ ਚੋਣਾਂ ਦੇ ਸ਼ੋਰੋਗੁਲ ਮੌਕੇ ਵੀ ਸੰਘਰਸ਼ ਦਾ ਬਿਗੁਲ ਜਾਰੀ ਰੱਖੋ-ਬੁਰਜਗਿੱਲ
ਰਘਬੀਰ ਹੈਪੀ,ਬਰਨਾਲਾ 31 ਜਨਵਰੀ 2022
“ਸੰਯੁਕਤ ਕਿਸਾਨ ਮੋਰਚਾ” ਦੇ ਬੈਨਰ ਹੇਠ ਦੇਸ਼ ਦੇ ਕਿਸਾਨਾਂ-ਮਜਦੂਰਾਂ ਨੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ, ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਪ੍ਰਾਪਤ ਕਰਨ ਅਤੇ ਹੋਰ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਬੇਮਿਸਾਲ ਅੰਦੋਲਨ ਸ਼ੁਰੂ ਕਰਨ ਦੀ ਕੜੀ ਵਜੋਂ ਕਚਿਹਰੀ ਚੌਂਕ ਵਿੱਚ ਵਿਸ਼ਾਲ ਧਰਨਾ ਦੇਣ ਤੋਂ ਬਾਅਦ ਡੀਸੀ ਦਫਤਰ ਤੱਕ ਮਾਰਚ ਕਰਕੇ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਸਮੇਂ ਸੰਬੋਧਨ ਕਰਨ ਵਾਲੇ ਬੁਲਾਰਿਆਂ ਸਰਵਸ਼ ਬੂਟਾ ਸਿੰਘ ਬੁਰਜ ਗਿੱਲ, ਬਲਵੰਤ ਸਿੰਘ ਉੱਪਲੀ,ਦਰਸ਼ਨ ਸਿੰਘ ਉੱਗੋਕੇ,ਜਗਸੀਰ ਸਿੰਘ ਸੀਰਾ, ਭੁਪਿੰਦਰ ਸਿੰਘ ਲੌਂਗੋਵਾਲ,ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ ਨੇ ਕਿਹਾ ਕਿ 9 ਦਸੰਬਰ ਨੂੰ ਕਿਸਾਨ ਅੰਦੋਲਨ ਮੁਲਤਵੀ ਕਰਨ ਮੌਕੇ ਮੋਦੀ ਹਕੂਮਤ ਨੂੰ ਚਿਤਾਵਨੀ ਦਿੱਤੀ ਸੀ ਕਿ ਕੇਂਦਰ ਸਰਕਾਰ ਦੇ ਜਾਰੀ ਕੀਤੇ ਪੱਤਰ ਅਨੁਸਾਰ ਬਣੀ ਸਹਿਮਤੀ ਨੂੰ ਅਮਲ ਵਿੱਚ ਲਿਆਂਦਾ ਜਾਵੇ। 15 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਹੋਈ ਸਮੀਖਿਆ ਮੀਟਿੰਗ ਵਿੱਚ ਜਾਣਕਾਰੀ ਮਿਲੀ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਕੀਤੇ ਫੈਸਲੇ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਣ ਦੀ ਤਾਕ ਵਿੱਚ ਹੈ। ਪਰ ਸੰਯੁਕਤ ਕਿਸਾਨ ਮੋਰਚਾ ਅਜਿਹਾ ਹਰਗਿਜ਼ ਨਹੀਂ ਹੋਣ ਦੇਵੇਗਾ। ਅੱਜ ਸਮੁੱਚੇ ਭਾਰਤ ਦੇ 500 ਤੋਂ ਵਧੇਰੇ ਜਿਲ੍ਹਿਆਂ ਵਿੱਚ ਮੋਦੀ ਹਕੂਮਤ ਦੀ ਵਾਅਦਾਖਿਲਾਫੀ ਵਿਰੁੱਧ ਅਰਥੀ ਸਾੜ ਮੁਜਾਹਰੇ ਵਕਰ ਸੰਘਰਸ਼ ਦਾ ਮੁੜ ਬਿਗੁਲ ਵਜਾਉਣ ਚਿਤਾਵਨੀ ਵਜੋਂ ਡੀਸੀ/ਐਸਡੀਐਮ ਨੂੰ ਮੰਗ ਪੱਤਰ ਸੌਂਪੇ ਗਏ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਪੰਜਾਬ ਦੇ ਨਾਂ ਵੀ ਕਿਸਾਨਾਂ ਸਿਰ ਚੜਿਆ ਕਰਜ਼ਾ ਮੁਆਫ਼ ਕਰਨ, ਕਿਸਾਨਾਂ ਦੀਆਂ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਦਾ ਜਾਰੀ ਹੋਇਆ ਮੁਆਵਜਾ ਜਲਦ ਕਿਸਾਨਾਂ-ਮਜਦੂਰਾਂ ਨੂੰ ਅਦਾ ਕਰਨ, ਬੀਤੇ ਦਿਨੀਂ ਸੂਬੇ ਵਿੱਚ ਅਨੇਕਾਂ ਥਾਵਾਂ ‘ਤੇ ਭਾਰੀ ਮੀਂਹ ਕਾਰਨ ਆਲੂਆਂ ਅਤੇ ਸਬਜੀਆਂ ਦੀ ਫਸਲ ਬਰਬਾਦ ਹੋਈ ਹੈ। ਸਰਕਾਰ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੁਲਾਰਿਆਂ ਮੰਗ ਕੀਤੀ ਕਿ ਜਲਦ ਗਿਰਦਾਵਰੀ ਕਰਵਾਕੇ ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਅਦਾ ਕੀਤਾ ਜਾਵੇ। ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ ਖੋਲ੍ਹੇ ਜਾਣ। ਆਗੂਆਂ ਕਿਹਾ ਕਿ ਇਸ ਸਮੇਂ ਅਸੀਂ ਇਹ ਦੱਸਦੇ ਹੋਏ ਬਹੁਤ ਦੁਖੀ ਅਤੇ ਗੁੱਸੇ ਵਿੱਚ ਹਾਂ ਕਿ ਇੱਕ ਵਾਰ ਫਿਰ ਦੇਸ਼ ਦੇ ਕਿਸਾਨਾਂ ਨਾਲ ਧੋਖਾ ਹੋਇਆ ਹੈ। ਭਾਰਤ ਸਰਕਾਰ ਦਾ 9 ਦਸੰਬਰ ਦਾ ਪੱਤਰ, ਜਿਸ ਦੇ ਆਧਾਰ ‘ਤੇ ਅਸੀਂ ਮੋਰਚਾ ਚੁੱਕਣ ਦਾ ਫੈਸਲਾ ਕੀਤਾ ਸੀ, ਉਨ੍ਹਾਂ ‘ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਸਮੇਂ ਬਾਬੂ ਸਿੰਘ ਖੁੱਡੀਕਲਾਂ, ਪਰਮਿੰਦਰ ਸਿੰਘ ਹੰਡਿਆਇਆ, ਸੰਪੂਰਨ ਸਿੰਘ ਚੂੰਘਾਂ, ਗੁਰਚਰਨ ਸਿੰਘ ਸਰਪੰਚ, ਮੇਲਾ ਸਿੰਘ ਕੱਟੂ ਆਦਿ ਬਹੁਤ ਸਾਰੇ ਬੁਲਾਰਿਆਂ ਨੇ ਵੀ ਸੰਬੋਧਨ ਕਰਦਿਆਂ ਕਿਸੇ ਵੀ ਪਾਰਲੀਮਾਨੀ ਪਾਰਟੀ/ਸਰਕਾਰ ਤੋਂ ਭਲੇ ਦੀ ਝਾਕ ਛੱਡਦਿਆਂ ਚੋਣਾਂ ਦੀ ਘੜਮੱਸ ਮੌਕੇ ਆਪੋ ਆਪਣੀਆਂ ਜਥੇਬੰਦੀਆਂ ਦਾ ਘੇਰਾ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਪੱਤਰ ਰਾਹੀਂ ਦੇਸ਼ ਦੇ ਅੰਨਦਾਤਾ ਦੇਸ਼ ਦੇ ਮੁਖੀ ਨੂੰ ਬੇਨਤੀ ਕਰਦੇ ਹਨ ਕਿ ਸਰਕਾਰ ਉਨ੍ਹਾਂ ਦਾ ਭਰੋਸਾ ਨਾ ਤੋੜੇ, ਤੁਸੀਂ ਕੇਂਦਰ ਸਰਕਾਰ ਨੂੰ ਉਸ ਦੇ ਲਿਖਤੀ ਵਾਅਦੇ ਯਾਦ ਕਰਵਾਓ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾਵੇ। ਜੇਕਰ ਕੇਂਦਰ ਸਰਕਾਰ ਆਪਣੇ ਲਿਖਤੀ ਭਰੋਸੇ ਤੋਂ ਮੁਕਰ ਗਈ ਤਾਂ ਕਿਸਾਨਾਂ ਕੋਲ ਆਪਣਾ ਅੰਦੋਲਨ ਮੁੜ ਸ਼ੁਰੂ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ।