ਹਾਕਮਾਂ ਨੂੰ ਸਵਾਲ ਕਰਨਾ ਸਾਡਾ ਜਮਹੂਰੀ ਹੱਕ-ਬੁਰਜਗਿੱਲ, ਧਨੇਰ
ਹਾਕਮਾਂ ਨੂੰ ਸਵਾਲ ਕਰਨਾ ਸਾਡਾ ਜਮਹੂਰੀ ਹੱਕ-ਬੁਰਜਗਿੱਲ, ਧਨੇਰ
- 21 ਜਨਵਰੀ ‘ ਜੁਝਾਰ ਰੈਲੀ’ ਦੀਆਂ ਤਿਆਰੀਆਂ’ਚ ਜੁੱਟ ਜਾਓ
ਰਘਬੀਰ ਹੈਪੀ,ਬਰਨਾਲਾ 10 ਜਨਵਰੀ 2022
ਭਾਰਤ ਦੇ ਪਧਾਨ ਮੰਤਰੀ ਨਰਿੰਦਰ ਮੋਦੀ ਨੇ 5 ਜਨਵਰੀ ਨੂੰ ਇੱਕ ਰੋਜਾ ਪੰਜਾਬ ਫੇਰੀ ਤੇ ਫਿਰੋਜ਼ਪੁਰ ਆਉਣਾ ਸੀ। ਪਧਾਨ ਮੰਤਰੀ ਦੀ ਪੰਜਾਬ ਫੇਰੀ ਇਤਫਾਕੀਆ ਨਹੀਂ, ਸਗੋਂ ਇਸ ਫੇਰੀ ਨਾਲ ਮੋਦੀ ਹਕੂਮਤ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ`ਚ ਗੰਭੀਰ ਸਿਆਸੀ ਲਾਲਸਾਵਾਂ ਛੁਪੀਆਂ ਹੋਈਆਂ ਸਨ। ਮੋਦੀ ਨੂੰ ਫਿਰੋਜ਼ਪੁਰ ਵਿਖੇ ਪੁਲ `ਤੇ ਕੁੱਝ ਮਿੰਟਾਂ ਲਈ ਘਿਰ ਜਾਣ ਤੋਂ ਬਾਅਦ ਫਿਰੋਜ਼ਪੁਰ ਵਾਲਾ ਦੌਰਾ ਵਿੱਚ ਛੱਡਕੇ ਵਾਪਸ ਦਿੱਲੀ ਮੁੜਨਾ ਪਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੀ ਮੀਤ ਪ੍ਰਧਾਨ ਮਨਜੀਤ ਧਨੇਰ,ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਹੀ ਮੋਦੀ ਹੈ ਜਿਸ ਵੱਲੋਂ ਵਿਸ਼ਵ ਵਪਾਰ ਸੰਸਥਾ ਵਰਗੀਆਂ ਲੁਟੇਰੀਆਂ ਸਾਮਰਾਜੀ ਸੰਸਥਾਵਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਦਿਆਂ ਸਿਹਤ, ਸਿੱਖਿਆ,ਰੇਲਵੇ, ਬੀਮਾਰ, ਬੈਂਕਾਂ, ਕੋਇਲਾ ਖਾਣਾਂ, ਜਹਾਜਰਾਨੀ, ਸੜਕਾਂ, ਤੇਲ ਅਤੇ ਕੁਦਰਤੀ ਗੈਸ, ਊਰਜਾ ਖੇਤਰ ਆਦਿ ਸੱਭੇ ਜਨਤਕ ਖੇਤਰ ਦੇ ਅਦਾਰੇ ਅਡਾਨੀਆਂ, ਅੰਬਾਨੀਆਂ, ਮਿੱਤਰਾਂ, ਟਾਟਿਆਂ ਨੂੰ ਕੌਡੀਆਂ ਦੇ ਭਾਅ ਵੇਚ ਦਿੱਤੇ ਹਨ। ਕਿਰਤ ਕਾਨੂੰਨਾਂ ਦਾ ਭੋਗ ਪਾਕੇ ਚਾਰ ਲੇਬਰ ਕੋਡਾਂ ਵਿੱਚ ਤਬਦੀਲ ਕਰਕੇ ਕਿਰਤੀਆਂ ਦੀ ਲੁੱਟ ਤੇਜ਼ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ। ਕਿਸਾਨ ਅੰਦੋਲਨ ਦੌਰਾਨ ਸ਼ਹੀਦ 700 ਤੋਂ ਵਧੇਰੇ ਗਿਣਤੀ ਵਿੱਚ ਕਿਸਾਨਾਂ ਦੀ ਮੌਤ ਦਾ ਜਿੰਮੇਵਾਰ ਵੀ ਇਹੀ ਮੋਦੀ ਹੈ ਜਿਸ ਨੇ ਅੱਜ ਤੱਕ ਇਨ੍ਹਾਂ ਮੌਤਾਂ ਤੇ ਮੂੰਹ ਤੱਕ ਨਹੀਂ ਖੋਲਿਆ। ਬਠਿੰਡਾ ਹਵਾਈ ਅੱਡੇ ਤੇ ਆਪਣੀ ਪਾਰਟੀ ਦੀ ਸਿਆਸੀ ਨਾਕਾਮੀ ਛੁਪਾਉਣ ਲਈ ਪੰਜਾਬ ਦੇ ਲੋਕਾਂ ਪ੍ਰਤੀ ਟਿੱਪਣੀ ਕਿ `ਸ਼ੁਕਰੀਆ ਮੁੱਖ ਮੰਤਰੀ ਮੈਂ ਜਾਨ ਬਚਾਕੇ ਵਾਪਸ ਆ ਗਿਆ ਹਾਂ` ਬਹੁਤ ਗੰਭੀਰ ਮਾਇਨੇ ਰੱਖਦੀ ਹੈ।ਮੀਡੀਏ ਦਾ ਵੱਡਾ ਹਿੱਸਾ ਹੁਣ ਤੱਕ ਸਿਰਫ਼ ਸੁਰੱਖਿਆ ਦੇ ਤਕਨੀਕੀ ਪੱਖ ਨੂੰ ਉਭਾਰ ਰਿਹਾ ਹੈ। ਗੋਦੀ ਮੀਡੀਆ ਤਾਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਬੰਨ੍ਹੇ ਪਾਰ ਕਰਕੇ ਇਉਂ ਚੀਕ ਚਿਹਾੜਾ ਪਾ ਰਿਹਾ ਹੈ, ਜਿਵੇਂ ਕੋਈ ਬਹੁਤ ਵੱਡੀ ਪਰਲੋ ਆ ਗਈ ਹੋਵੇ। ਇਹ ਪ੍ਰਚਾਰ ਵੀ ਜੋਰਾਂ’ਤੇ ਹੈ ਕਿ ਪੰਜਾਬ ਵੱਡੇ ਆਰਥਿਕ ਪੈਕੇਜ ਤੋਂ ਵਾਂਝਾ ਰਹਿ ਗਿਆ ਹੈ। ਜਦ ਕਿ ਸੱਚ ਇਹ ਹੈ ਕਿ ਜੇਕਰ ਆਰਥਿਕ ਪੈਕੇਜ ਦਾ ਅਖੌਤੀ ਐਲਾਨ ਮੋਦੀ ਕਰ ਵੀ ਜਾਂਦਾ ਤਾਂ ਵੀ ਪਹਿਲਾਂ ਕਾਲੇ ਧਨ ਵਾਲੇ 15 ਲੱਖ ਹਰ ਭਾਰਤੀ ਦੇ ਖਾਤੇ ਵਿੱਚ ਆਉਣ ਵਾਲੇ ਜੁਮਲਿਆਂ ਵਾਂਗ ਜੁਮਲਾ ਹੀ ਸਾਬਤ ਹੋਣਾ ਸੀ।ਇੱਕ ਵੀਡੀਓ ਜੋ ਵਾਇਰਲ ਹੋ ਰਹੀ ਹੈ, ਉਸ ਵਿੱਚ ਕਮਲ ਦੇ ਫੁੱਲ ਵਾਲੇ ਝੰਡਿਆਂ ਵਾਲੇ ਭਾਜਪਾਈ ਮੋਦੀ ਦੀ ਜੈ ਜੈ ਕਾਰ ਕਰਦੇ ਬਿਲਕੁਲ ਉਸੇ ਥਾਂ ਦਿਖਾਈ ਦੇ ਰਹੇ ਹਨ, ਜਿੱਥੇ `ਸ਼ੀਮਾਨ` ਪਧਾਨ ਮੰਤਰੀ ਮੋਦੀ ਦਾ ਕਾਫ਼ਲਾ ਪੁਲ ਉੱਤੇ ਕੁੱਝ ਮਿੰਟਾਂ ਲਈ ਰੁਕਿਆ ਹੋਇਆ ਹੈ। ਸਵਾਲ ਕਰਨਾ ਬਣਦਾ ਹੈ ਕਿ ਇਹ ਭਾਜਪਾਈ 70 ਹਜਾਰ ਕੁਰਸੀਆਂ ਵਾਲੇ ਭਾਂ ਭਾਂ ਕਰਦੇ ਆਲੀਸ਼ਾਨ ਪੰਡਾਲ ਦੀ ਥਾਂ ਸੜਕ ਉੱਤੇ ਕੀ ਕਰਨ ਗਏ? ਕਿਸਾਨ ਤਾਂ ਮੁਲਕ ਦੇ ਪਧਾਨ ਮੰਤਰੀ ਨੂੰ ਮਸਲਿਆਂ,`ਤੇ ਲੋਕ ਆਪਣਾ ਸਵਾਲ ਕਰਨ ਦਾ ਜਮਹੂਰੀ ਹੱਕ ਕਰਨ ਲਈ ਸੜਕ ਕਿਨਾਰੇ ਗਏ ਸਨ। ਇਨ੍ਹਾਂ ਸਵਾਲਾਂ ਦਾ ਸਵਾਲ ਪ੍ਰਧਾਨ ਮੰਤਰੀ ਨੂੰ ਦੇਣਾ ਹੀ ਪਵੇਗਾ ਕਿ ਆਖਰ ਪੰਜਾਬ ਦੇ ਦਿੱਲੀ ਦੇ ਬਾਰਡਰਾਂ ਤੇ ਸ਼ਾਂਤਮਈ ਢੰਗ ਨਾਲ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਨ ਵਾਲੇ ਕਿਸਾਨਾਂ ਨੂੰ ਖਾਲਿਸਤਾਨੀ,ਨਕਸਲਵਾਦੀ,ਅੱਤਵਾਦੀ, ਟੁਕੜੇ ਟੁਕੜੇ ਗੈਂਗ ਗਰਦਾਨਣ,26 ਜਨਵਰੀ ਦੀਆਂ ਲਾਲ ਕਿਲੇ ਉੱਪਰ ਝੰਡਾ ਝੁਲਾਉਣ ਅਤੇ ਹੁਣ ਮੋਦੀ ਦੀ ਪੰਜਾਬ ਫੇਰੀ ਸਮੇਂ ਰਸਤਾ ਰੋਕਣ ਦੀ ਸਾਜਿਸ਼ ਰਾਹੀਂ ਰਾਸ਼ਟਰਪਤੀ ਰਾਜ ਲਾਗੂ ਕਰਕੇ ਪੰਜਾਬ ਦੀ ਕਿਸਾਨ ਲਹਿਰ ਨੂੰ ਹਕੂਮਤੀ ਜਬਰ ਦੀ ਮਾਰ ਹੇਠ ਲਿਆਉਣਾ ਚਾਹੁੰਦੀ ਹੈ। ਅਸਲ ਗੱਲ ਇਹ ਹੈ ਕਿ ਮੋਦੀ ਹਕੂਮਤ ਹੁਣ ਤੱਕ ਲੋਕਾਂ ਨਾਲ ਕੀਤੇ ਵਾਅਦਿਆਂ,ਝੂਠੇ ਲਾਰਿਆਂ ਕਾਰਨ ਨੱਕੋਂ ਬੁੱਲੋਂ ਲੱਥ ਚੁੱਕੀ ਹੈ,ਥਾਂ ਥਾਂ ਤੋਂ ਫਿਟਕਾਰਾਂ/ਲਾਹਣਤਾਂ ਮਿਲ ਰਹੀਆਂ ਹਨ।
ਅਜਿਹਾ ਕਰਕੇ ਮੋਦੀ ਵਿਧਾਨ ਸਭਾਈ ਚੋਣਾਂ `ਚ ਝੂਠੀ ਹਮਦਰਦੀ ਬਟੋਰਨ ਦੀ ਲਾਲਸਾ ਪਾਲ ਰਿਹਾ ਹੈ।ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਮੋਦੀ ਹਕੂਮਤ ਦੇ ਲੋਕਾਂ ਦੇ ਆਜ਼ਾਦੀ,ਭਾਈਚਾਰਕ ਸਾਂਝ ਨੂੰ ਤੋੜਨ ਦੇ ਮਨਸੂਬੇ ਸਫ਼ਲ ਨਹੀਂ ਹੋਣਗੇ।ਅਜਿਹੀਆਂ ਸਾਜਿਸ਼ਾਂ ਤੋਂ ਇਨਸਾਫਪਸੰਦ ਜਮਹੂਰੀ ਤਾਕਤਾਂ ਨੂੰ ਰਿਆਸਤ/ਸਟੇਟ ਖਿਲਾਫ ਸੰਘਰਸ਼ ਜਾਰੀ ਰੱਖਦਿਆਂ ਬੇਹੱਦ ਚੌਕਸ ਰਹਿਣਾ ਹੋਵੇਗਾ।ਮੁਲਕ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਹੋਛੀ ਸਿਆਸਤ ਭਰਪੂਰ ਬੇਬੁਨਿਆਦ ਟਿੱਪਣੀ ਬਿਨ੍ਹਾਂ ਸ਼ਰਤ ਵਾਪਸ ਲੈਣੀ ਚਾਹੀਦੀ ਹੈ। ਪੰਜਾਬ ਉਹ ਖਿੱਤਾ ਹੈ ਜਿਸ ਨੇ ਬਾਬਰ ਤੋਂ ਲੈਕੇ ਬਰਤਾਨਵੀ ਸਾਮਰਾਜੀਆਂ ਤੋਂ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਹਜ਼ਾਰਾਂ ਸ਼ਹਾਦਤਾਂ ਦਿੱਤੀਆਂ ਹਨ। ਖੇਤੀ ਕਾਲੇ ਕਾਨੂੰਨਾਂ ਖਿਲਾਫ਼ ਪੰਜਾਬ ਦੇ ਕਿਸਾਨਾਂ ਨੇ ਮੁਲਕ ਭਰ ਦੀਆਂ 472 ਕਿਸਾਨ ਜਥੇਬੰਦੀਆਂ ਨੂੰ ਨਾਲ ਲੈਕੇ ਸਾਂਝੇ ਸੰਘਰਸ਼ ਦਾ ਸੂਹਾ ਪਰਚਮ ਬੁਲੰਦ ਕਰਕੇ ਮੋਦੀ ਹਕੂਮਤ ਦੀ ਹਰ ਸਾਜਿਸ਼ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਮੋਦੀ ਹਕੂਮਤ ਨੂੰ ਕਾਲੇ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕਰਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਹੁਣ ਵੀ ਮੋਦੀ ਹਕੂਮਤ ਦੀ ਕਿਸਾਨ ਲਹਿਰ ਨੂੰ ਹਕੂਮਤੀ ਜਬਰ ਹੇਠ ਮਾਰ ਲੈਕੇ ਆਉਣ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਆਗੂਆਂ ਨੇ 21 ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ਜੁਝਾਰ ਰੈਲੀ ਨੂੰ ਸਫ਼ਲ ਬਨਾਉਣ ਲਈ ਹੁਣੇ ਤੋਂ ਤਿਆਰੀਆਂ ਵਿੱਚ ਜੁੱਟ ਜਾਣ ਦੀ ਜੋਰਦਾਰ ਅਪੀਲ ਕੀਤੀ। ਇਸ ਸਮੇਂ ਸੂਬਾ ਆਗੂ ਬਲਵੰਤ ਸਿੰਘ ਉੱਪਲੀ, ਬਲਵੀਰ ਕੌਰ, ਦਰਸ਼ਨ ਸਿੰਘ ਉੱਗੋਕੇ, ਹਰਮੇਲ ਸਿੰਘ ਖੁੱਡੀਕਲਾਂ, ਜਗਤਾਰ ਸਿੰਘ ਮੂੰਮ ਆਦਿ ਕਿਸਾਨ ਆਗੂ ਵੀ ਮੌਜੂਦ ਸਨ।