ਕਲਾ ਕੁੰਭ ਪੇਂਟਿੰਗ ਵਰਕਸ਼ਾਪ ਦਾ ਉਦਘਾਟਨ ਪੰਜਾਬ ‘ਚਿਤਕਾਰਾ ਯੂਨੀਵਰਸਿਟੀ’
ਕਲਾ ਕੁੰਭ – 7 ਦਿਨੀਂ ਪੇਂਟਿੰਗ ਵਰਕਸ਼ਾਪ ਚਿਤਕਾਰਾ ਯੂਨੀਵਰਸਿਟੀ, ਪੰਜਾਬ ਵਿਖੇ ਸ਼ੁਰੂ
- 75ਵਾ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਤਹਿਤ ਕੀਤਾ ਜਾ ਰਿਹਾ ਹੈ ਆਯੋਜਨ
ਰਿਚਾ ਨਾਗਪਾਲ,ਰਾਜਪੁਰਾ, 26 ਦਸੰਬਰ 2021
ਕਲਾ ਦੇ ਵੱਖ-ਵੱਖ ਰੂਪਾਂ ਦੀ ਨੁਮਾਇੰਦਗੀ ਕਰਨ ਵਾਲੇ ਲਗਭਗ 250 ਪੇਂਟਿੰਗ ਕਲਾਕਾਰਾਂ ਨੇ ਮਿਲਕੇ 500 ਮੀਟਰ ਲੰਬੀ ਅਤੇ 3 ਮੀਟਰ ਉਂਚੀ ਇੱਕ ਵਿਸ਼ਾਲ ਸਕਰੋਲ/ਕੈਨਵਸ ਨੂੰ ਪੇਂਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ 26 ਜਨਵਰੀ 2022 ਨੂੰ ਗਣਤੰਤਰ ਦਿਵਸ ਦੇ ਜਸ਼ਨ ਦੌਰਾਨ ਨਵੀਂ ਦਿੱਲੀ ਵਿਖੇ ਰਾਜ ਪਥ ਤੇ ਪ੍ਰਦਰਸ਼ਿਤ ਕੀਤਾ ਜਾਵੇਗਾ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤਾ ਜਾਵੇਗਾ। 75ਵੇਂ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਤਹਿਤ ਇਹ ਵਰਕਸ਼ਾਪ ਲਗਾਈ ਜਾ ਰਹੀ ਹੈ ਜਿਨੂੰ ਸੱਭਿਆਚਾਰਕ ਮੰਤਰਾਲੇ, ਰੱਖਿਆ ਮੰਤਰਾਲੇ ਅਤੇ ਨਵੀਂ ਦਿੱਲੀ ਦੇ ਰਾਸ਼ਟਰੀ ਆਧੁਨਿਕ ਕਲਾ ਸੰਗ੍ਆਲਯ (ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ) ਮਿਲਕੇ ਆਯੋਜਿਤ ਕਰ ਰਹੇ ਹਨ।
ਕਲਾ ਕੁੰਭ ਵਰਕਸ਼ਾਪ ਦਾ ਉਦਘਾਟਨ ਕਰਨ ਮੌਕੇ ਰਾਸ਼ਟਰੀ ਆਧੁਨਿਕ ਕਲਾ ਸੰਗ੍ਆਲਯ ਦੇ ਮਹਾਨਿਦੇਸ਼ਕ ਅਦਵੈਤ ਗਰਨਾਇਕ ਨੇ ਕਿਹਾ ਕਿ ਇਸ ਦੇ ਜ਼ਰੀਏ ਨਾ ਸਿਰਫ ਕਲਾਕਾਰਾਂ ਨੂੰ ਇੱਕ ਦੂਜੇ ਨੂੰ ਮਿਲਣ ਅਤੇ ਪ੍ਰੇਰਿਤ ਹੋਣ ਦਾ ਮੌਕਾ ਮਿਲਿਆ ਹੈ, ਸਗੋਂ ਭਾਰਤ ਦੇ ਅਣਗਿਣਤ ਨਾਇਕਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਚ ਆਪਣਾ ਯੋਗਦਾਨ ਦਿੱਤਾ, ੳਨਾਂ ਦੀਆਂ ਪ੍ਰੇਰਕ ਕਹਾਣੀਆਂ ਵੀ ਇਹ ਕਲਾਕਾਰ ਆਪਣੀ ਕਲਾ ਦੇ ਜ਼ਰੀਏ ਦਰਸਾਉਣਗੇ।
ਇਸ ਵਰਕਸ਼ਾਪ ਵਿੱਚ ਪਹੁੰਚੇ ਕਲਾਕਾਰਾਂ ਨੇ ਨਾ ਸਿਰਫ਼ ਅਣਜਾਣ ਆਜ਼ਾਦੀ ਦੇ ਮਹਾਨ ਯੋਧਿਆਂ ਬਾਰੇ ਖੋਜ ਕੀਤੀ ਹੈ, ਸਗੋਂ ਉਸ ਸਮੇਂ ਦੇ ਕਈ ਖੇਤਰੀ ਅਤੇ ਸਥਾਨਕ ਨਾਇਕਾਂ ਦੇ ਯੋਗਦਾਨ ਨੂੰ ਵੀ ਪੇਂਟਿੰਗਾਂ ਵਿੱਚ ਉਜਾਗਰ ਕਰਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਣ ਅਤੇ ਦੇਸ਼ ਪਿਆਰ ਦੀ ਭਾਵਨਾ ਨੂੰ ਨਵੀਂ ਪੀੜ੍ਹੀ ਚ ਉਜਾਗਰ ਕਰਨ ਚ ਪ੍ਰਦਰਸ਼ਨੀ ਕਾਰਗਰ ਸਾਬਤ ਹੋਵੇਗੀ ਇਹ ਉਮੀਦ ਵੀ ਦਿਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਵੱਡੀ ਸਕਰੋਲ ਪੇਂਟਿੰਗ ਆਪਣੀ ਕਿਸਮ ਦੀ ਹੋਵੇਗੀ ਜੋ ਪਹਿਲਾਂ ਦੇਸ਼ ਦੀ ਰਾਜਧਾਨੀ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਲਿਜਾਈ ਜਾਵੇਗੀ ਤਾਂ ਜੋ ਸਾਰੇ ਨਾਗਰਿਕ ਦੇਸ਼ ਦੇ ਗੌਰਵ ਅਤੇ ਇਤਿਹਾਸਕ ਪਰੰਪਰਾ ਨਾਲ ਸਬੰਧਤ ਇਨ੍ਹਾਂ ਕਲਾਕ੍ਰਿਤੀਆਂ ਨੂੰ ਦੇਖ ਸਕਣ।
ਰਾਸ਼ਟਰੀ ਆਧੁਨਿਕ ਕਲਾ ਸੰਗ੍ਆਲਯ ਦੀ ਸਲਾਹਕਾਰ ਕਮੇਟੀ ਦੇ ਮੁਖੀ ਸ਼੍ਰੀ ਹਰਸ਼ਵਰਧਨ ਸ਼ਰਮਾ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕਲਾਕਾਰਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਕਾਰਾਤਮਕ ਅਤੇ ਸਿਰਜਣਾਤਮਕ ਲੋਕ ਇੱਥੇ ਇੱਕ ਮਹਾਨ ਉਦੇਸ਼ ਲਈ ਇਕੱਠੇ ਹੋਏ ਹਨ ਜੋਕਿ ਨਿਸ਼ਚਤ ਰੂਪ ਵਿੱਚ ਇੱਕ ਅਜਿਹਾ ਕੰਮ ਸਿਰਜਣਗੇ ਜਿਹੜਾ ਅੰਤਿਮ ਰੂਪ ਵਿੱਚ ਪ੍ਰਦਰਸ਼ਿਤ ਹੋਵੇਗਾ ਤਾਂ ਸਾਰੇ ਦਰਸ਼ਕਾਂ ਨੂੰ ਹੈਰਾਨ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਸਾਰੇ ਕਲਾਕਾਰਾਂ ਦਾ ਉਦੇਸ਼ ਵਿਸ਼ਾਲ ਸਕਰੋਲ ਪੇਂਟਿੰਗ ਰਾਹੀਂ ਦੇਸ਼ ਦੇ ਅਣਗਿਣਤ ਨਾਇਕਾਂ ਨੂੰ ਦਰਸਾਉਣਾ ਹੈ ਜਿਨ੍ਹਾਂ ਨੇ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਇਸ ਮੌਕੇ ਪਟਿਆਲਾ ਦੇ ੳਤਰ ਖੇਤਰੀ ਸਭਿਆਚਾਰਕ ਕੇਂਦਰ ਦੇ (ਨਾਰਥ ਜ਼ੋਨ ਕਲਚਰਲ ਸੈਂਟਰ) ਕਲਾਕਾਰਾਂ ਨੇ ਭੰਗੜਾ ਅਤੇ ਗਿੱਧਾ ਸਮੇਤ ਪੰਜਾਬ ਦੇ ਵੱਖ-ਵੱਖ ਨਾਚ ਪੇਸ਼ ਕੀਤੇ।
ਚਿਤਕਾਰਾ ਸਕੂਲ ਆਫ਼ ਡਿਜ਼ਾਈਨ ਦੇ ਡੀਨ ਡਾ: ਰੰਜਨ ਮਲਿਕ ਜੋ ਕਿ ਵਰਕਸ਼ਾਪ ਦੇ ਮੇਜ਼ਬਾਨ ਦੇ 10 ਸਲਾਹਕਾਰਾਂ ਵਿੱਚੋਂ ਇੱਕ ਹੈ, ਨੇ ਆਸ ਪ੍ਰਗਟਾਈ ਕਿ ਇਹ ਵਰਕਸ਼ਾਪ ਸੁੰਦਰ ਅਤੇ ਅਰਥਪੂਰਨ ਵਿਸ਼ਾਲ ਕਲਾ ਰਚਨਾ ਦੀ ਸਿਰਜਣਾ ਵਿੱਚ ਸਫਲ ਹੋਵੇਗੀ।
ਚੰਡੀਗੜ੍ਹ ਦੇ ਰੀਜਨਲ ਆਊਟਰੀਚ ਬਿਊਰੋ ਨੇ ਇੱਕ ਫੋਟੋ ਪ੍ਰਦਰਸ਼ਨੀ ਲਗਾਈ ਹੈ ਜਿਸ ਵਿੱਚ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਦੇ ਜੀਵਨ ਅਤੇ ਯਾਤਰਾ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਅਤੇ ਇਹ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਜਸ਼ਨ ਦਾ ਹਿੱਸਾ ਹੈ। ਵਰਕਸ਼ਾਪ ਦੇ ਦਿਨਾਂ ਦੌਰਾਨ ਵੱਖ-ਵੱਖ ਰਾਜਾਂ ਦੇ ਸੱਭਿਆਚਾਰਕ ਟੋਲੇ ਪ੍ਰਦਰਸ਼ਨ ਕਰਨਗੇ ਅਤੇ ਪੇਂਟਿੰਗ ਕਲਾਕਾਰ ਲਗਭਗ ਅੱਧਾ ਕਿਲੋਮੀਟਰ ਦੀ ਸਕ੍ਰੌਲ ਪੇਂਟਿੰਗ ਨੂੰ ਅੰਤਿਮ ਰੂਪ ਦੇਣ ਲਈ ਦੋ ਸਥਾਨਾਂ ‘ਤੇ ਪੂਰਾ ਦਿਨ ਕੰਮ ਕਰਨਗੇ।