ਵਿਧਾਨ ਸਭਾ ਹਲਕਾ ਸ਼ੁਤਰਾਣਾ ‘ਚ ਵੋਟਰ ਜਾਗਰੂਕਤਾ ਲਈ ਸਾਈਕਲ ਰੈਲੀ ਦਾ ਆਯੋਜਨ
ਵਿਧਾਨ ਸਭਾ ਹਲਕਾ ਸ਼ੁਤਰਾਣਾ ‘ਚ ਵੋਟਰ ਜਾਗਰੂਕਤਾ ਲਈ ਸਾਈਕਲ ਰੈਲੀ ਦਾ ਆਯੋਜਨ
- ਤਹਿਸੀਲਦਾਰ ਸੁਰਿੰਦਰ ਸਿੰਘ ਨੇ ਦਿਖਾਈ ਰੈਲੀ ਨੂੰ ਝੰਡੀ
ਰਿਚਾ ਨਾਗਪਾਲ,ਪਾਤੜਾਂ( ਪਟਿਆਲਾ )22 ਦਸੰਬਰ:2021
ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ‘ਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ‘ਚ ਸਵੀਪ ਮੁਹਿੰਮ ਤਹਿਤ ਕਰਵਾਈਆਂ ਜਾ ਰਹੀਆਂ ਵੋਟਰ ਜਾਗਰੂਕਤਾ ਸਰਗਰਮੀਆਂ ਤਹਿਤ ਅੱਜ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਸ਼ਹਿਰ ਪਾਤੜਾਂ ਵਿਖੇ ਸਾਈਕਲ ਰੈਲੀ ਕਰਵਾਈ ਗਈ। ਜਿਸ ਨੂੰ ਐਸ.ਡੀ.ਐਮ. ਕੰਪਲੈਕਸ ‘ਚੋਂ ਤਹਿਸੀਲਦਾਰ ਪਾਤੜਾਂ ਸੁਰਿੰਦਰ ਸਿੰਘ ਨੇ ਝੰਡੀ ਦਿਖਾਕੇ ਰਵਾਨਾ ਕੀਤਾ। ਇਸ ਰੈਲੀ ਦੀ ਅਗਵਾਈ ਸਵੀਪ ਦੇ ਜ਼ਿਲ੍ਹਾ ਆਈਕਾਨ ਤੇ ਕੌਮਾਂਤਰੀ ਸਾਈਕਲਿਸਟ ਜਗਵਿੰਦਰ ਸਿੰਘ ਤੇ ਸਵੀਪ ਨੋਡਲ ਅਫ਼ਸਰ ਸ਼ੁਤਰਾਣਾ ਹਲਕਾ ਰਾਹੁਲ (ਸੀਡੀਪੀਓ) ਨੇ ਕੀਤੀ। ਇਸ ਮੌਕੇ ਆਪਣੇ ਸੰਬੋਧਨ ‘ਚ ਤਹਿਸੀਲਦਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ਼ੁਤਰਾਣਾ ਹਲਕੇ ‘ਚ ਹਰ ਵਰਗ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸਰਗਰਮੀਆਂ ਕਰਵਾਈਆਂ ਜਾ ਰਹੀਆਂ ਹਨ। ਜਿਸ ਤਹਿਤ ਨੌਜਵਾਨਾਂ ਵੱਲੋਂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਸ਼ਹਿਰ ਦੇ ਮੁੱਖ ਬਜ਼ਾਰਾਂ, ਮਦਰ ਇੰਡੀਆ ਕਾਲਜ ‘ਚੋਂ ਹੁੰਦੀ ਹੋਈ ਨਿਆਲ ਕਾਲਜ ਵਿਖੇ ਸਮਾਪਤ ਹੋਈ। ਇਸ ਰੈਲੀ ਦਾ ਮਦਰ ਇੰਡੀਆ ਕਾਲਜ ਦੇ ਚੇਅਰਮੈਨ ਰਾਕੇਸ਼ ਗਰਗ ਤੇ ਨਿਆਲ ਕਾਲਜ ਦੇ ਪ੍ਰੋ. ਗੁਰਜੀਤ ਸਿੰਘ ਰਾਹੀਂ ਤੇ ਸਟਾਫ਼ ਨੇ ਸਵਾਗਤ ਕੀਤਾ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੇ ਆਦੇਸ਼ ਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਅਗਵਾਈ ‘ਚ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਆਪਣੀ ਵੋਟ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਈਕਲ ਰੈਲੀਆਂ, ਨੁੱਕੜ ਨਾਟਕਾਂ, ਚਿੱਤਰਕਾਰੀ ਤੇ ਹੋਰਨਾਂ ਸਾਧਨਾਂ ਰਾਹੀ ਵੋਟਰਾਂ ਨੂੰ ਐਥੀਕਲ ਵੋਟਿੰਗ, ਸੀ-ਵੀਜ਼ੂਲ ਐਪ, ਵੋਟਰ ਹੈਲਪ ਲਾਈਨ ਤੇ ਹੋਰਨਾਂ ਐਪਸ ਦੀ ਵਰਤੋਂ ਸਬੰਧੀ ਵੱਖ-ਵੱਖ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸੁਵਿਧਾ ਲਈ ਕੁਝ ਐਪਸ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਬਾਰੇ ਵੋਟਰਾਂ ਨੂੰ ਜਾਣਕਾਰੀ ਦੇਣ ਲਈ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਇਸ ਮੌਕੇ ਸਾਈਕਲਿਸਟ ਜਗਵਿੰਦਰ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਲੋਕਤੰਤਰ ਨੂੰ ਮਜ਼ਬੂਤ ਬਣਾਇਆ ਜਾ ਸਕੇ। ਉਸ ਨੇ ਕਿਹਾ ਕਿ ਉਹ ਜ਼ਿਲ੍ਹਾ ਆਈਕਨ ਵਜੋਂ ਉਹ ਆਪਣੇ ਚਿੱਤਰਾਂ ਰਾਹੀਂ ਤੇ ਸਾਈਕਲ ਰੈਲੀਆਂ ਰਾਹੀਂ ਨਿਰੰਤਰ ਵੋਟਰਾਂ ਨੂੰ ਜਾਗਰੂਕ ਕਰ ਰਿਹਾ ਹੈ ਅਤੇ ਇੱਕ ਚੰਗੇ ਨਾਗਰਿਕ ਵਜੋਂ ਆਪਣੇ ਫ਼ਰਜ਼ ਨਿਭਾ ਰਿਹਾ ਹੈ। ਇਸ ਮੌਕੇ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਉਨ੍ਹਾਂ ਦੀ ਨਾਟਕ ਮੰਡਲੀ, ਸਵੀਪ ਨੋਡਲ ਅਫ਼ਸਰ ਸ਼ੁਤਰਾਣਾ ਰਾਹੁਲ, ਸਹਾਇਕ ਨੋਡਲ ਜਗਤਾਰ ਸਿੰਘ, ਸੁਖਪ੍ਰੀਤ ਕੌਰ ਤੇ ਚੋਣ ਅਮਲੇ ਦੇ ਨੁਮਾਇੰਦੇ ਹਾਜ਼ਰ ਸਨ।