ਫਾਇਨਾਂਸ ਕੰਪਨੀ ਦੇ EX ਅਧਿਕਾਰੀਆਂ ਦੀ ਸਾਜਿਸ਼ ਨਾਲ ਅੰਜਾਮ ਦਿੱਤੀ ਗਈ ਵਾਰਦਾਤ
ਹਰਿੰਦਰ ਨਿੱਕਾ , ਪਟਿਆਲਾ 9 ਦਸੰਬਰ 2021
ਜਿਲ੍ਹੇ ਦੇ ਪਿੰਡ ਢਾਬੀ ਗੁੱਜਰਾਂ ਨੇੜੇ ਮੋਟਰ ਸਾਈਕਲ ਤੇ ਜਾ ਰਹੇ ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਦੇ ਅਧਿਕਾਰੀਆਂ ਤੋਂ ਬਿਨਾਂ ਨੰਬਰ ਮੋਟਰਸਾਇਕ ਸਵਾਰ 2 ਲੁਟੇਰੇ ਕਰੀਬ 10 ਲੱਖ ਰੁਪਏ ਦੀ ਨਗਦੀ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਦੋਸ਼ੀਆਂ ਦੀ ਸ਼ਨਾਖਤ ਕਰਕੇ, 2 ਲੁਟੇਰਿਆਂ ਅਤੇ ਲੁੱਟ ਦੀ ਸਾਜਿਸ਼ ਵਿੱਚ ਸ਼ਾਮਿਲ ਫਾਇਨਾਂਸ ਕੰਪਨੀ ਦੇ 2 ਸਾਬਕਾ ਅਧਿਕਾਰੀਆਂ ਖਿਲਾਫ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਕਿਵੇਂ ਅੰਜਾਮ ਦਿੱਤੀ ਲੁੱਟ-ਖੋਹ ਦੀ ਵਾਰਦਾਤ
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਭਾਰਤ ਫਾਇਨਾਂਸ ਇੰਨਕਲੂਜਨ ਲਿਮ. ਕੰਪਨੀ ਦੇ ਡਿਪਟੀ ਡਵੀਜਨਲ ਮਨੈਜਰ ਮਹੀਪਾਲ ਸਿੰਘ ਯਾਦਵ ਵਾਸੀ ਨਿੰਦੋਲਾ ,ਥਾਣਾ ਗੋਬਿੰਦਗੜ੍ਹ , ਜਿਲਾ ਜੈਪੁਰ ਰਾਜਸਥਾਨ ਨੇ ਦੱਸਿਆ ਕਿ ਦਾਤਾ ਸਿੰਘ ਵਾਲਾ (ਗੜ੍ਹੀ) ਬ੍ਰਾਂਚ ਵੀ ਮੁਦਈ ਦੇ ਅਧੀਨ ਹੀ ਹੈ। ਇਸ ਬ੍ਰਾਂਚ ਵਿੱਚ ਦੋਸ਼ੀ ਮੋਹਿਤ ਕ੍ਰੈਡਿਟ ਮਨੈਜਰ ਅਤੇ ਦੋਸ਼ੀ ਅਨਿਲ ਕੁਮਾਰ ਵੀ ਬਤੋਰ ਮਨੈਜਰ ਕੰਮ ਕਰਦਾ ਸੀ । ਜਿਸ ਨੂੰ ਕਰੀਬ 15 ਦਿਨ ਪਹਿਲਾਂ ਮੁਦਈ ਨੇ ਕੱਢ ਦਿੱਤਾ ਸੀ। ਉਨਾਂ ਦੱਸਿਆ ਕਿ ਮੋਹਿਤ ਅਤੇ ਅਨਿਲ ਕੁਮਾਰ ਪਾਸ ਉਹਨਾਂ ਦੇ ਸਾਥੀ ਵਿਕਾਸ ਅਤੇ ਸਚਿਨ ਅਕਸਰ ਹੀ ਆਉਂਦੇ- ਜਾਂਦੇ ਰਹਿੰਦੇ ਸਨ। ਮਿਤੀ 08/12/2021 ਨੂੰ ਮੁਦਈ ਮੋਹਿਤ ਕੁਮਾਰ ਸਮੇਤ ਮੋਟਰਸਾਇਕਲ ਪਰ ਸਵਾਰ ਹੋ ਕੇ ਜਮ੍ਹਾ ਹੋਏ ਕੈਸ਼ 9,75,250 ਰੁਪਏ ਦੀ ਰਾਸ਼ੀ ਬੈਂਕ ਵਿੱਚ ਜਮ੍ਹਾ ਕਰਾਉਣ ਜਾ ਰਿਹਾ ਸੀ। ਸਮਾਂ ਸਵੇਰੇ ਕਰੀਬ 10.30 ਵਜੇ,ਜਦੋਂ ਉਹ ਢਾਬੀ ਗੁੱਜਰਾਂ ਨੇੜੇ ਪੁੱਜੇ ਤਾਂ 2 ਨਾ—ਮਾਲੂਮ ਮੂੰਹ ਬੰਨ੍ਹੇ ਵਿਅਕਤੀ ਬਿਨ੍ਹਾਂ ਨੰਬਰੀ ਮੋਟਰਸਾਇਕਲ ਪਰ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਮੁਦਈ ਦੇ ਮੋਟਰਸਾਇਕਲ ਅੱਗੇ ਆਪਣਾ ਮੋਟਰਸਾਇਕਲ ਲਗਾ ਕੇ ਰੋਕ ਲਿਆ ਅਤੇ ਤਲਵਾਰ ਦਿਖਾ ਕੇ ਕੈਸ਼ ਵਾਲਾ ਬੈਗ ਦੇਣ ਲਈ ਕਿਹਾ, ਜੋ ਮੁਦਈ ਦੇ ਪਿੱਛੇ ਬੈਠੇ ਕ੍ਰੈਡਿਟ ਮੈਨੇਜ਼ਰ ਮੋਹਿਤ ਕੁਮਾਰ ਨੇ ਬਿਨ੍ਹਾ ਕਿਸੇ ਵਿਰੋਧ ਦੇ ਮੂੰਹ ਬੰਨ੍ਹੇ ਵਿਅਕਤੀਆਂ ਦੇ ਹਵਾਲੇ ਕਰ ਦਿੱਤਾ, ਜੋ ਕੈਸ਼ ਵਾਲਾ ਬੈਗ ਲੈ ਕੇ ਮੌਕਾ ਤੋ ਫਰਾਰ ਹੋ ਗਏ।
ਮਹੀਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੋਇਆ ਕਿ ਉਹ ਨਾ—ਮਾਲੂਮ ਵਿਅਕਤੀ ਵਿਕਾਸ ਅਤੇ ਸਚਿਨ ਹੀ ਸਨ। ਜਿੰਨ੍ਹਾਂ ਨੇ ਉਕਤ 2 ਦੋਸ਼ੀਆਨ ਨਾਲ ਮਿਲੀ ਭੁਗਤ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਹੀਂਪਾਲ ਸਿੰਘ ਦੇ ਬਿਆਨ ਪਰ ਨਾਮਜ਼ਦ ਦੋਸ਼ੀਆਂ ਮੋਹਿਤ ਪੁੱਤਰ ਗੋਵਰਧਨ ਵਾਸੀ ਤਿਹਾੜ ਕਲਾਂ ,ਥਾਣਾ ਸਦਰ ਸੋਨੀਪਤ ,ਜਿਲਾ ਸੋਨੀਪਤ, ਅਨਿਲ ਕੁਮਾਰ ਪੁੱਤਰ ਦਯਾਨੰਦ ਵਾਸੀ ਸਾਮਨ , ਜਿਲ੍ਹਾ ਰੋਹਤਕ ਹਰਿਆਣਾ, ਵਿਕਾਸ ਪੁੱਤਰ ਰਾਮ ਨਿਵਾਸ ਵਾਸੀ ਕਰਨਾਲ ਜਿਲਾ ਪਾਨੀਪਤ , ਹਰਿਆਣਾ ਅਤੇ ਸਚਿਨ ਪੁੱਤਰ ਰਣਬੀਰ ਸਿੰਘ ਵਾਸੀ ਅੰਮ੍ਰਿਤਪੁਰ ਖੁਰਦ ਜਿਲ੍ਹਾ ਕਰਨਾਲ ਹਰਿਆਣਾ ਦੇ ਖਿਲਾਫ ਅਧੀਨ ਜ਼ੁਰਮ 379-B,120-B IPC ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰਕੇ, ਖੋਹਿਆ ਹੋਇਆ ਕੈਸ਼ ਬਰਾਮਦ ਕਰਵਾ ਲਿਆ ਜਾਵੇਗਾ।
