Barnala-83 ਮਾਮਲਿਆਂ ਨੇ ਹਿਲਾਇਆ ਪ੍ਰਸ਼ਾਸਨ..! ਵੱਡੇ ਅਫ਼ਸਰਾਂ ਨੇ ਖੇਤਾਂ ‘ਚ ਮਾਰਿਆ ਛਾਪਾ

Spread Information

ਪ੍ਰਸ਼ਾਸਨ ਦਾ ਸਖ਼ਤ ਫਰਮਾਨ,ਅੱਗ ਲਾਉਣ ਤੋਂ ਪਹਿਲਾਂ 100 ਵਾਰ ਸੋਚਣ ਕਿਸਾਨ..! 

ਹਰਿੰਦਰ ਨਿੱਕਾ, ਬਰਨਾਲਾ 5 ਨਵੰਬਰ 2026

       ਜ਼ਿਲ੍ਹੇ ਦੇ ਖੇਤਾਂ ‘ਚ ਪਰਾਲੀ ਨੂੰ ਅੱਗ ਲਗਾਉਣ ਦੇ ਲਗਾਤਾਰ ਸਾਹਮਣੇ ਆ ਰਹੇ 83 ਮਾਮਲਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। ਧੂੰਏਂ ਦੇ ਇਸ ਗੰਭੀਰ ਸੰਕਟ ਨਾਲ ਨਜਿੱਠਣ ਅਤੇ ਵਾਤਾਵਰਨ ਦੇ ਰਾਖਿਆਂ ਦਾ ਹੌਸਲਾ ਵਧਾਉਣ ਲਈ ਅੱਜ ਖੁਦ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਐੱਸ.ਐੱਸ.ਪੀ. ਮੁਹੰਮਦ ਸਰਫਰਾਜ਼ ਆਲਮ ਨੇ ਪੂਰੇ ਦਲਬਲ ਨਾਲ ਖੇਤਾਂ ‘ਚ ਅਚਾਨਕ ਛਾਪੇਮਾਰੀ ਕੀਤੀ। ਪ੍ਰਸ਼ਾਸਨ ਦੀ ਇਸ ਤਾਬੜਤੋੜ ਚੈਕਿੰਗ ਨਾਲ ਜਿੱਥੇ ਕਾਨੂੰਨ ਉਲੰਘਣਾ ਕਰਨ ਵਾਲਿਆਂ ਵਿੱਚ ਭਾਜੜਾਂ ਪੈ ਗਈਆਂ, ਉੱਥੇ ਹੀ ਅਧਿਕਾਰੀਆਂ ਨੇ ਵਾਤਾਵਰਨ ਪੱਖੀ ਕਿਸਾਨਾਂ ਦੀ ਪਿੱਠ ਥਾਪੜੀ ਗਈ।

           ਇਸ ਅਚਾਨਕ ਚੈਕਿੰਗ ਦੌਰਾਨ ਦੋਵੇਂ ਵੱਡੇ ਅਧਿਕਾਰੀ ਪਿੰਡ ਜੋਧਪੁਰ ਦੇ ਖੇਤਾਂ ਵਿੱਚ ਪਹੁੰਚੇ, ਜਿੱਥੇ ਬੇਲਰ ਮਸ਼ੀਨਾਂ ਰਾਹੀਂ ਧੜੱਲੇ ਨਾਲ ਪਰਾਲੀ ਦੀਆਂ ਗੱਠਾਂ ਬਣਾਈਆਂ ਜਾ ਰਹੀਆਂ ਸਨ। ਅਧਿਕਾਰੀਆਂ ਨੇ ਮੌਕੇ ‘ਤੇ ਜਾ ਕੇ ਕਿਸਾਨਾਂ ਅਤੇ ਬੇਲਰ ਮਾਲਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਇਸ ਸ਼ਲਾਘਾਯੋਗ ਤੇ ਪ੍ਰੇਰਣਾਦਾਇਕ ਉੱਦਮ ਦੀ ਜੰਮ ਕੇ ਪ੍ਰਸ਼ੰਸਾ ਕੀਤੀ।

        ਮੌਕੇ ‘ਤੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਪਰਾਲੀ ਬਾਲਣ ਦੇ 83 ਮਾਮਲੇ ਸਾਹਮਣੇ ਆ ਚੁੱਕੇ ਹਨ। ਪ੍ਰਸ਼ਾਸਨ ਨੇ ਸਖ਼ਤ ਰੁੱਖ ਅਪਣਾਉਂਦਿਆਂ 29 ਦੋਸ਼ੀਆਂ ਦੇ ਚਲਾਨ ਕੱਟ ਕੇ 1,45,000 ਰੁਪਏ ਦਾ ਭਾਰੀ ਜੁਰਮਾਨਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਟੀਮਾਂ ਦੀ ਰਿਪੋਰਟ ਅਨੁਸਾਰ 31 ਮਾਮਲਿਆਂ ਵਿੱਚ ਅੱਗ ਨਾ ਲਗਾਉਣ (‘ਨੋ ਬਰਨਿੰਗ’) ਦੀ ਪੁਸ਼ਟੀ ਹੋਈ ਹੈ, ਜਦਕਿ ਬਾਕੀ ਕੇਸਾਂ ਦੀ ਜਾਂਚ ਰਿਪੋਰਟ ਆਉਣੀ ਹਾਲੇ ਬਾਕੀ ਹੈ।                                         

      ਡੀ.ਸੀ. ਨੇ ਮਾਲ ਵਿਭਾਗ ਅਤੇ ਸਬੰਧਤ ਅਧਿਕਾਰੀਆਂ ਨੂੰ ਕੜੇ ਨਿਰਦੇਸ਼ ਦਿੱਤੇ ਹਨ ਕਿ ਬਾਕੀ ਰਹਿੰਦੇ ਮਾਮਲਿਆਂ ਦੀ ਜਾਂਚ ਰਿਪੋਰਟ ਤੁਰੰਤ ਸੌਂਪੀ ਜਾਵੇ ਤਾਂ ਜੋ ਨਿਯਮ ਤੋੜਨ ਵਾਲਿਆਂ ਵਿਰੁੱਧ ਬਿਨਾਂ ਕਿਸੇ ਢਿੱਲ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹਵਾ ਨੂੰ ਜ਼ਹਿਰੀਲੀ ਬਣਾਉਣ ਦੀ ਥਾਂ ਖੇਤੀਬਾੜੀ ਵਿਭਾਗ, ਸਹਿਕਾਰੀ ਸੋਸਾਇਟੀਆਂ ਅਤੇ ਨੋਡਲ ਅਫ਼ਸਰਾਂ ਨਾਲ ਤਾਲਮੇਲ ਕਰਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ। ਉਨ੍ਹਾਂ ਸਾਫ਼ ਚੇਤਾਵਨੀ ਦਿੱਤੀ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।


Spread Information
error: Content is protected !!
Scroll to Top