PATIALA ਦੇ 12 ਕੇਂਦਰਾਂ ਦਾ ਕੀ ਹੈ ਪੂਰਾ ਸੱਚ..? PPSC ਨੇ ਜੈਮਰਾਂ ਤੇ ਸੀਸੀਟੀਵੀ ਦੇ ਸਬੂਤਾਂ ਨਾਲ ਵੱਡਾ ਖੁਲਾਸਾ!

Spread Information

ਗੈਰ-ਹਾਜ਼ਰ ਉਮੀਦਵਾਰਾਂ ਦਾ ਦਾਅਵਾ ਝੂਠਲਾਇਆ, ਕਿਸੇ ਵੀ ਗੈਰ-ਹਾਜ਼ਰ ਪ੍ਰੀਖਿਆਰਥੀ ਨੂੰ ਪਾਸ ਨਹੀਂ ਕੀਤਾ ਪੇਪਰ

ਹਰਿੰਦਰ ਨਿੱਕਾ, ਪਟਿਆਲਾ 5 ਨਵੰਬਰ 2026

        ਪੰਜਾਬ ਸੀਨੀਅਰ ਸਿਵਲ ਸੇਵਾਵਾਂ (PCS ਮੇਨਜ਼ 2025) ਦੀ ਪ੍ਰੀਖਿਆ ਦੇ ਨਤੀਜਿਆਂ ਤੋਂ ਬਾਅਦ ਪਟਿਆਲਾ ਦੇ ਪ੍ਰੀਖਿਆ ਕੇਂਦਰਾਂ ਨੂੰ ਲੈ ਕੇ ਖੜ੍ਹੇ ਕੀਤੇ ਜਾ ਰਹੇ ਸਵਾਲਾਂ ਅਤੇ ਧਾਂਦਲੀ ਦੇ ਖਦਸ਼ਿਆਂ ‘ਤੇ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨੇ ਵੱਡਾ ਖੁਲਾਸਾ ਕਰਦਿਆਂ ਪੂਰਾ ਸੱਚ ਸਾਹਮਣੇ ਲਿਆਉਂਦਾ ਹੈ। ਪ੍ਰੀਖਿਆ ਕੇਂਦਰਾਂ ਦੀ ਸੁਰੱਖਿਆ ਅਤੇ ਪਾਰਦਰਸ਼ਤਾ ‘ਤੇ ਚੁੱਕੇ ਜਾ ਰਹੇ ਸਵਾਲਾਂ ਦਾ ਕਰਾਰਾ ਜਵਾਬ ਦਿੰਦਿਆਂ PPSC ਦੇ ਚੇਅਰਮੈਨ ਮੇਜਰ ਜਨਰਲ (ਰਿਟਾਇਰਡ) ਵਿਨਾਇਕ ਸੈਣੀ ਨੇ ਸੀਸੀਟੀਵੀ ਕੈਮਰਿਆਂ, ਬਾਇਓਮੈਟ੍ਰਿਕ ਹਾਜ਼ਰੀ ਅਤੇ ਕਲਾਸਰੂਮਾਂ ਵਿੱਚ ਲਗਾਏ ਜੈਮਰਾਂ ਵਰਗੇ ਪੁਖਤਾ ਪ੍ਰੋਟੋਕੋਲ ਦੇ ਸਬੂਤਾਂ ਨਾਲ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। 

         ਕਮਿਸ਼ਨ ਦੇ ਚੇਅਰਮੈਨ ਨੇ ਪ੍ਰੀਖਿਆ ਕੇਂਦਰਾਂ ਦੀ ਚੋਣ ‘ਤੇ ਸਪੱਸ਼ਟਤਾ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਕੀ, ਪ੍ਰਬੰਧਕੀ ਅਤੇ ਸੁਰੱਖਿਆ ਕਾਰਨਾਂ ਕਰਕੇ ਹੀ ਸਾਰੇ ਪ੍ਰੀਖਿਆ ਕੇਂਦਰ ਪਟਿਆਲਾ ਅਤੇ ਇਸ ਦੇ ਆਸ-ਪਾਸ ਰੱਖੇ ਗਏ ਸਨ। ਇਹ ਕੋਈ ਨਵਾਂ ਫੈਸਲਾ ਨਹੀਂ, ਸਗੋਂ PPSC ਵੱਲੋਂ ਪਹਿਲਾਂ ਕਰਵਾਈਆਂ ਗਈਆਂ ਸਾਰੀਆਂ ਸਿਵਲ ਸੇਵਾਵਾਂ ਮੇਨਜ਼ ਪ੍ਰੀਖਿਆਵਾਂ ਦਾ ਇੱਕ ਸਥਾਪਿਤ ਪੈਟਰਨ ਰਿਹਾ ਹੈ ਤਾਂ ਜੋ ਪੂਰੀ ਪ੍ਰੀਖਿਆ ਨੂੰ ਇੱਕਸਾਰ ਨਿਗਰਾਨੀ ਹੇਠ ਸੁਰੱਖਿਅਤ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਸਿਆਸੀ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਹਲਕੇ ਵਿੱਚ ਸੱਤਾਧਾਰੀ ਧਿਰ ਦਾ ਵਿਧਾਇਕ ਹੋਣਾ ਇੱਕ ਆਮ ਗੱਲ ਹੈ, ਇਸ ਦਾ ਪ੍ਰੀਖਿਆ ਦੀ ਪਵਿੱਤਰਤਾ ਜਾਂ ਨਤੀਜਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

          ਚੇਅਰਮੈਨ ਨੇ ਦੱਸਿਆ ਕਿ ਪਟਿਆਲਾ ਦੇ 12 ਕੇਂਦਰਾਂ ਵਿੱਚ ਕੁੱਲ 3,959 ਉਮੀਦਵਾਰ ਬੈਠੇ ਸਨ, ਜਿਨ੍ਹਾਂ ਵਿੱਚੋਂ 751 ਉਮੀਦਵਾਰਾਂ (ਲਗਭਗ 19%) ਨੂੰ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਕਿਸੇ ਇੱਕ ਕੇਂਦਰ ਤੋਂ 24% ਉਮੀਦਵਾਰ ਪਾਸ ਹੋਣ ਦੇ ਦਾਅਵੇ ਨੂੰ ਖਾਰਜ ਕਰਦਿਆਂ ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਸਫਲਤਾ ਵਾਲੇ ਕੇਂਦਰ ਤੋਂ 106 ਉਮੀਦਵਾਰ (14.1%) ਹੀ ਪਾਸ ਹੋਏ ਹਨ, ਕਿਉਂਕਿ ਉੱਥੇ ਕੁੱਲ ਉਮੀਦਵਾਰਾਂ ਦੀ ਗਿਣਤੀ (496) ਵੀ ਦੂਜੇ ਨੰਬਰ ‘ਤੇ ਸਭ ਤੋਂ ਵੱਧ ਸੀ।

            ਇੱਕੋ ਕਲਾਸ ਤੋਂ 10-10 ਉਮੀਦਵਾਰਾਂ ਅਤੇ ਲਗਾਤਾਰ ਰੋਲ ਨੰਬਰਾਂ ਦੇ ਪਾਸ ਹੋਣ ਦੇ ਦੋਸ਼ਾਂ ‘ਤੇ ਉਨ੍ਹਾਂ ਕਿਹਾ ਕਿ 179 ਕਲਾਸਰੂਮਾਂ ਵਿੱਚ 19% ਦੀ ਸਫਲਤਾ ਦਰ ਮੁਤਾਬਕ ਅਜਿਹਾ ਹੋਣਾ ਅੰਕੜਾ-ਵਿਗਿਆਨਕ ਭਿੰਨਤਾ (Random Variation) ਦੇ ਦਾਇਰੇ ਵਿੱਚ ਹੀ ਆਉਂਦਾ ਹੈ। 2018 ਵਿੱਚ ਲਗਾਤਾਰ ਰੋਲ ਨੰਬਰਾਂ ਦੇ 26 ਗਰੁੱਪ ਅਤੇ 2020 ਵਿੱਚ 28 ਗਰੁੱਪ ਸਾਹਮਣੇ ਆਏ ਸਨ, ਜਦਕਿ 2025 ਵਿੱਚ 751 ਉਮੀਦਵਾਰਾਂ ਵਿੱਚੋਂ 118 ਗਰੁੱਪ ਬਣੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਕਿਸੇ ਵੀ ਗੈਰ-ਹਾਜ਼ਰ ਉਮੀਦਵਾਰ ਨੂੰ ਪਾਸ ਨਹੀਂ ਕੀਤਾ ਗਿਆ ਅਤੇ ਸਾਰੇ ਨਿਯਮਾਂ ਦੀ ਪੂਰੀ ਸਖ਼ਤੀ ਨਾਲ ਪਾਲਣਾ ਕੀਤੀ ਗਈ ਹੈ।

bit.ly/PCS-Mains-Results-PPSC-Statement

#PCS2025 #PPSC #PunjabNews #BreakingNews #PunjabGovernment #Patiala #PCSMainsResult


Spread Information
error: Content is protected !!
Scroll to Top