
ਭੋਲ਼ੇ ਵਿਅਕਤੀ ਨੂੰ ਘਰ ਬੁਲਾ ਕੇ ਕਰਦੇ ‘ਅਗਵਾ’ ਤੇ ਮੰਗਦੇ ਸੀ ਫਿਰੌਤੀ
ਰਘਬੀਰ ਹੈਪੀ, ਬਰਨਾਲਾ 22 ਨਵੰਬਰ 2025

ਬਰਨਾਲਾ ਪੁਲਿਸ ਨੇ ਮਾਂ ਪੁੱਤ ਵੱਲੋਂ ਮਿਲ ਕੇ,ਚਲਾਏ ਜਾ ਰਹੇ ਇੱਕ ਅਜਿਹੇ ਖ਼ਤਰਨਾਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਹੜਾ ਭੋਲੇਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ, ਪਹਿਲਾਂ ਆਪਣੇ ਘਰ ਬੁਲਾਉਂਦੇ ਸੀ ਅਤੇ ਫਿਰ ਉਨ੍ਹਾਂ ਨੂੰ ਬੰਦੀ ਬਣਾ ਕੇ, ਬਲੈਕਮੇਲ ਕਰਕੇ ਲੱਖਾਂ ਰੁਪਏ ਦੀ ਫਿਰੌਤੀ ਮੰਗਦੇ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਗਿਰੋਹ ਚਲਾਉਣ ਵਾਲੀ ਮਾਂ-ਪੁੱਤ ਦੀ ਜੋੜੀ ਸਣੇ ਚਾਰ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ, ਇੱਕ ਔਰਤ ਸਣੇ ਤਿੰਨ ਜਣਿਆਂ ਨੂੰ ਗਿਰਫ਼ਤਾਰ ਕਰ ਲਿਆ ਅਤੇ ਗਿਰੋਹ ਦੇ ‘ਬੰਦੀਖਾਨੇ’ ਵਿੱਚੋਂ ਬੰਦੀ ਬਣਾਏ ਵਿਅਕਤੀ ਨੂੰ ਸੁਰੱਖਿਅਤ ਛੁਡਾ ਲਿਆ ਹੈ।
ਇੰਝ ਬਣਾਉਂਦੇ ਸੀ ਸ਼ਿਕਾਰ ਫਸਾਉਂਦੇ
ਡੀਐਸਪੀ ਸਤਵੀਰ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ, ਇਹ ਗਿਰੋਹ ਲੋਕਾਂ ਨੂੰ ਧੋਖੇ ਨਾਲ ਆਪਣੇ ਜਾਲ ਵਿੱਚ ਫਸਾਉਂਦਾ ਸੀ। ਫਿਰ ਉਨ੍ਹਾਂ ਨੂੰ ਬਰਨਾਲਾ ਸਥਿਤ ਆਪਣੇ ਘਰ ਬੁਲਾ ਕੇ ਬੰਦੀ ਬਣਾ ਲੈਂਦਾ ਸੀ ਅਤੇ ਜ਼ਬਰਦਸਤੀ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਡੀ ਮਾਤਰਾ ਵਿੱਚ ਪੈਸਿਆਂ ਦੀ ਮੰਗ ਕਰਕੇ ਬਲੈਕਮੇਲ ਕਰਦਾ ਸੀ। ਪੁਲਿਸ ਅਨੁਸਾਰ, ਇਹ ਸਾਰਾ ਕਾਲਾ ਕਾਰੋਬਾਰ ਸੁਖਵਿੰਦਰ ਕੌਰ (ਮਾਂ), ਹਰਸਿਮਰਨਪ੍ਰੀਤ ਸਿੰਘ ਉਰਫ਼ ਹੈਰੀ (ਪੁੱਤ), ਰਾਜਵੀਰ ਕੌਰ ਵਾਸੀ ਲਾਡਵਣਜਾਰਾ ਖੁਰਦ ਅਤੇ ਭੋਲਾ ਸਿੰਘ ਉਰਫ਼ ਕਾਲਾ ਵਾਸੀ ਦੁਗਾਲ, ਪਾਤੜਾਂ ਦੋਵੇਂ ਜ਼ਿਲ੍ਹਾ ਸੰਗਰੂਰ ਦਾ ਗੈਂਗ ਮਿਲ ਕੇ ਚਲਾ ਰਿਹਾ ਸੀ। 
ਕਿਵੇਂ ਹੋਇਆ ਵੱਡਾ ਖ਼ੁਲਾਸਾ !
ਇਹ ਸਾਰੀ ਖੌਫ਼ਨਾਕ ਵਾਰਦਾਤ ਉਦੋਂ ਸਾਹਮਣੇ ਆਈ ਜਦੋਂ ਮਾਨਸਾ ਜ਼ਿਲ੍ਹੇ ਦੇ ਵਸਨੀਕ ਸੰਦੀਪ ਸਿੰਘ (ਗੁਰਜੰਟ ਸਿੰਘ ਦੇ ਪੁੱਤਰ) ਨੇ ਰੋਂਦੇ ਹੋਏ ਪੁਲਿਸ ਕੋਲ ਸ਼ਿਕਾਇਤ ਕੀਤੀ। ਸੰਦੀਪ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਗੁਰਜੰਟ ਸਿੰਘ ਨੂੰ ਅਣਜਾਣ ਵਿਅਕਤੀਆਂ ਨੇ ਬੰਦੀ ਬਣਾ ਲਿਆ ਹੈ ਅਤੇ ਫ਼ਿਰੌਤੀ ਮੰਗ ਰਹੇ ਹਨ। ਪੁਲਿਸ ਨੇ ਸੰਦੀਪ ਦੇ ਬਿਆਨਾਂ ‘ਤੇ ਤੁਰੰਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।

ਬੰਦੀਖਾਨੇ ਦਾ ਪਰਦਾਫਾਸ਼, ਫ਼ਿਰੌਤੀ ਦੀ ਰਕਮ ਬਰਾਮਦ
ਡੀਐਸਪੀ ਬੈਂਸ ਨੇ ਦੱਸਿਆ ਕਿ ਤਫ਼ਤੀਸ਼ ਵਿੱਚ ਪੁਲਿਸ ਨੇ ਬਰਨਾਲਾ ਵਾਸੀ ਹਰਸਿਮਰਨਪ੍ਰੀਤ ਸਿੰਘ ਉਰਫ਼ ਹੈਰੀ ਅਤੇ ਰਾਜਵੀਰ ਕੌਰ ਨੂੰ ਗਰਚਾ ਰੋਡ ਬਰਨਾਲਾ ਤੋਂ ਕਾਬੂ ਕੀਤਾ। ਇਨ੍ਹਾਂ ਪਾਸੋਂ ਬਲੈਕਮੇਲਿੰਗ ਵਿੱਚ ਵਰਤਿਆ ਗਿਆ ਮੋਬਾਈਲ ਫੋਨ ਸਮੇਤ ਕੁੱਲ ਤਿੰਨ ਮੋਬਾਈਲ ਫੋਨ, ਇੱਕ ਮੋਟਰਸਾਈਕਲ, ਅਤੇ ਫ਼ਿਰੌਤੀ ਦੇ 50 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ।
ਇਸ ਤੋਂ ਬਾਅਦ, ਪੁੱਛਗਿੱਛ ਦੇ ਆਧਾਰ ‘ਤੇ ਪੁਲਿਸ ਵੱਲੋਂ ਤੀਜੇ ਦੋਸ਼ੀ ਭੋਲਾ ਸਿੰਘ ਉਰਫ਼ ਕਾਲਾ ਨੂੰ ਖੁੱਡੀ ਰੋਡ ਪਾਰਕ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਸਭ ਤੋਂ ਵੱਡੀ ਸਫਲਤਾ ਇਹ ਰਹੀ ਕਿ ਪੁਲਿਸ ਨੇ ਬੰਦੀ ਬਣਾਏ ਗਏ ਗੁਰਜੰਟ ਸਿੰਘ ਨੂੰ ਸੁਰੱਖਿਅਤ ਰਿਹਾਅ ਕਰਵਾ ਲਿਆ ਅਤੇ ਉਨ੍ਹਾਂ ਦਾ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ।
ਗਿਰੋਹ ਦੀ ਸਰਗਨਾ ਹਾਲੇ ਵੀ ਫ਼ਰਾਰ
ਡੀਐਸਪੀ ਬੈਂਸ ਨੇ ਦੱਸਿਆ ਕਿ ਗਿਰੋਹ ਦੀ ਮੁੱਖ ਸਰਗਨਾ ਸੁਖਵਿੰਦਰ ਕੌਰ (ਹੈਰੀ ਦੀ ਮਾਤਾ), ਜੋ ਕਿ ਬਲਵੀਰ ਸਿੰਘ ਦੀ ਪਤਨੀ ਅਤੇ ਖੁੱਡੀ ਰੋਡ ਦੀ ਵਾਸੀ ਹੈ, ਹਾਲੇ ਵੀ ਫ਼ਰਾਰ ਹੈ। ਉਸ ਦੀ ਤਲਾਸ਼ੀ ਲਈ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਕਾਬੂ ਕਰਕੇ ਇਸ ‘ਕਾਲੇ ਕਾਰੋਬਾਰ’ ਦਾ ਪੂਰੀ ਤਰ੍ਹਾਂ ਅੰਤ ਕੀਤਾ ਜਾਵੇਗਾ। ਇਸ ਮੌਕੇ ਥਾਣਾ ਸਿਟੀ 2 ਦੇ ਐਸ ਐਚ ਓ ਚਰਨਜੀਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।








