ਹਰਿੰਦਰ ਨਿੱਕਾ, ਬਰਨਾਲਾ 27 ਮਾਰਚ 2025
ਜ਼ਿਲ੍ਹੇ ਦੇ ਪਿੰਡ ਸੇਖਾ ਦੇ ਰਹਿਣ ਵਾਲੇ ਪੀਆਰਟੀਸੀ ਦੇ ਇੱਕ ਕੰਡਕਟਰ ਨੇ ਆਪਣੇ ਮਹਿਕਮੇ ਦੇ ਅਧਿਕਾਰੀਆਂ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਮ੍ਰਿਤਕ ਦੇ ਲੜਕੇ ਦੇ ਬਿਆਨ ਪਰ, ਪੀਆਰਟੀਸੀ ਦੇ ਫਲਾਇੰਗ ਅਫਸਰ,ਦੋ ਇੰਸਪੈਕਟਰਾਂ ਸਣੇ ਚਾਰ ਮੁਲਾਜ਼ਮਾਂ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਤਹਿਤ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮੁਦਈ ਅਨਮੋਲ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਸੰਧੂ ਪੱਤੀ ਸੇਖਾ ਨੇ ਲਿਖਾਇਆ ਕਿ ਉਸ ਦੇ ਪਿਤਾ ਹਾਕਮ ਸਿੰਘ ਮਹਿਕਮਾ ਪੀ.ਆਰ.ਟੀ.ਸੀ ਮਹਿਕਮਾ ਜਿਲਾ ਬਰਨਾਲਾ ਵਿਖੇ ਬਤੌਰ ਕੰਡਕਟਰ ਨੌਕਰੀ ਕਰਦੇ ਸਨ। ਉਸਦੇ ਪਿਤਾ ਕਈ ਦਿਨ ਤੋਂ ਡਿਊਟੀ ਪਰ ਵੀ ਨਹੀ ਗਏ ਸਨ ਅਤੇ ਮਾਨਸਿਕ ਤੌਰ ਤੇ ਕਾਫੀ ਪ੍ਰੇਸਾਨ ਰਹਿੰਦੇ ਸਨ। ਉਨ੍ਹਾਂ ਨੂੰ ਜਦੋਂ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਅਤੇ ਡਿਊਟੀ ਤੇ ਨਾ ਜਾਣ ਦਾ ਕਾਰਨ ਪੁੱਛਿਆ ਤਾਂ ਉਸ ਦੇ ਪਿਤਾ ਹਾਕਮ ਸਿੰਘ ਨੇ ਦੱਸਿਆ ਸੀ ਕਿ ਪੀ.ਆਰ.ਟੀ.ਸੀ. ਮਹਿਕਮੇ ਵਿੱਚ ਤਾਇਨਾਤ ਫਲਾਇੰਗ ਅਫਸਰ ਸਬ ਇੰਸਪੈਕਟਰ ਹਰਜੀਤ ਸਿੰਘ ਪੀ.ਆਰ.ਟੀ.ਸੀ ਡੀਪੂ ਬਰਨਾਲਾ, ਚੀਫ ਇੰਸਪੈਕਟਰ ਹਰਪ੍ਰੀਤ ਸਿੰਘ ਗਰੇਵਾਲ ਪੀ.ਆਰ.ਟੀ.ਸੀ ਡੀਪੂ ਲੁਧਿਆਂਣਾ, ਚੀਫ ਇੰਸਪੈਕਟਰ ਸੁਖਪਾਲ ਸਿੰਘ ਪੀ.ਆਰ.ਟੀ.ਸੀ ਡੀਪੂ ਬਰਨਾਲਾ ਅਤੇ ਸਬ ਇੰਸਪੈਕਟਰ ਦਲਜੀਤ ਸਿੰਘ ਪੀ.ਆਰ.ਟੀ.ਸੀ ਡੀਪੂ ਸੰਗਰੂਰ, ਉਸ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ ਅਤੇ ਉਸ ਤੋਂ ਪੈਸਿਆ ਦੀ ਮੰਗ ਕਰਦੇ ਹਨ ਅਤੇ ਕਹਿੰਦੇ ਸਨ ਜੇਕਰ ਤੂੰ ਸਾਨੂੰ ਪੈਸੇ ਦੇਵੇਗਾ ਤਾਂ ਤੇਰੇ ਹੱਕ ਵਿੱਚ ਰਿਪੋਰਟ ਕਰ ਦੇਵਾਂਗੇ। ਜੇਕਰ ਤੂੰ ਪੈਸੇ ਨਾ ਦਿੱਤੇ ਤਾਂ ਉਨ੍ਹਾਂ ਨੂੰ ਡਿਉਟੀ ਤੋਂ ਕਢਵਾ ਦੇਣ ਦੀਆ ਧਮਕੀਆਂ ਦਿੰਦੇ ਰਹਿੰਦੇ ਹਨ।
ਮ੍ਰਿਤਕ ਦੇ ਲੜਕੇ ਨੇ ਦੱਸਿਆ ਕਿ ਉਸ ਦੇ ਪਿਤਾ ਹਾਕਮ ਸਿੰਘ ਨੇ ਕੋਈ ਜਹਿਰੀਲੀ ਚੀਜ ਖਾ ਪੀ ਲਈ, ਜਿੰਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਲਿਆਦਾ ਗਿਆ, ਜਿੱਥੇ ਡਾਕਟਰ ਸਾਹਿਬ ਨੇ ਉਸ ਦੇ ਪਿਤਾ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ। ਮੁਦਈ ਨੇ ਕਿਹਾ ਕਿ ਉਸ ਦੇ ਪਿਤਾ ਨੇ ਉਕਤ ਸਾਰੇ ਨਾਮਜ਼ਦ ਦੋਸ਼ੀਆਂ ਤੋਂ ਤੰਗ ਆਕੇ ਹੀ ਆਤਮ ਹੱਤਿਆ ਕੀਤੀ ਹੈ। ਪੁਲਿਸ ਨੇ ਮੁਦਈ ਦੇ ਬਿਆਨ ਪਰ, ਨਾਮਜ਼ਦ ਦੋਸ਼ੀਆਂ ਦੇ ਖ਼ਿਲਾਫ਼ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਕੇ, ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
