PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਾਈਟ ਐਂਡ ਸਾਊਂਡ ਸ਼ੋਅ, ਨਾਟਕ ‘ਸਰਹਿੰਦ ਦੀ ਦੀਵਾਰ’ ਦਾ ਹੋਵੇਗਾ ਮੰਚਨ: ਡਿਪਟੀ ਕਮਿਸ਼ਨਰ

Advertisement
Spread Information

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ‘ਨਵੀਂ ਜ਼ਿੰਦਗੀ’ ਨੁੱਕੜ ਨਾਟਕ ਵੀ ਖੇਡਿਆ ਜਾਵੇਗਾ

ਰਘਵੀਰ ਹੈਪੀ, ਬਰਨਾਲਾ, 27 ਮਾਰਚ 2025
           ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਲਾਈਟ ਐਂਡ ਸਾਊਂਡ ਸ਼ੋਅ ਵੱਡੇ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਦਰਸਾਉਂਦਾ ਨਾਟਕ ‘ਸਰਹਿੰਦ ਦੀ ਦੀਵਾਰ’ ਦਾ ਮੰਚਨ ਹੋਵੇਗਾ। ਇਸ ਤੋਂ ਇਲਾਵਾ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੁੱਕੜ ਨਾਟਕ ‘ਨਵੀਂ ਜ਼ਿੰਦਗੀ’ ਵੀ ਖੇਡਿਆ ਜਾਵੇਗਾ ਅਤੇ ਹੋਰ ਗਤੀਵਿਧੀਆਂ ਵੀ ਹੋਣਗੀਆਂ।
           ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਲਾਈਟ ਐਂਡ ਸਾਊਂਡ ਸ਼ੋਅ ਸਬੰਧੀ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਲਾਈਟ ਐਂਡ ਸਾਊਂਡ ਸ਼ੋਅ 30 ਮਾਰਚ ਦਿਨ ਐਤਵਾਰ ਸ਼ਾਮ 6:30 ਵਜੇ ਟ੍ਰਾਈਡੈਂਟ (ਸੰਘੇੜਾ ਕੰਪਲੈਕਸ), ਰਾਏਕੋਟ ਰੋਡ, ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਸ਼ਿਰਕਤ ਕਰਨਗੇ।
      ਉਨ੍ਹਾਂ ਕਿਹਾ ਕਿ ਇਸ ਮੌਕੇ ਨਾਟਕ ‘ਸਰਹਿੰਦ ਦੀ ਦੀਵਾਰ’ ਲਈ ਉੱਘੇ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਅਤੇ ਨਿਰਦੇਸ਼ਕ ਮਨਪਾਲ ਟਿਵਾਣਾ ਟੀਮ ਸਮੇਤ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸਿਕ ਨਾਟਕ ‘ਸਰਹਿੰਦ ਦੀ ਦੀਵਾਰ’ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਯਾਦ ਕਰਾਉਂਦਾ ਹੈ ਜਿਨ੍ਹਾਂ ਨੇ ਛੋਟੀ ਉਮਰ ਹੋਣ ਦੇ ਬਾਵਜੂਦ ਵੀ ਈਨ ਨਹੀਂ ਮੰਨੀ ਸਗੋਂ ਹੱਕ, ਸੱਚ ਤੇ ਧਰਮ ਲਈ ਡਟੇ ਰਹੇ। ਇਹ ਨਾਟਕ ਪਿਛਲੇ 59 ਸਾਲਾਂ ਤੋਂ ਪੂਰੇ ਭਾਰਤ ਅਤੇ ਵੱਖ ਵੱਖ ਦੇਸ਼ਾਂ ਵਿੱਚ ਸਫਲਤਾ ਪੂਰਬਕ ਖੇਡਿਆ ਜਾ ਚੁੱਕਾ ਹੈ।                                             
          ਇਸ ਮੌਕੇ ਨਾਟਕ ਦੇ ਨਿਰਦੇਸ਼ਕ ਮਨਪਾਲ ਟਿਵਾਣਾ ਨੇ ਦੱਸਿਆ ਕਿ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਮਹਾਨ ਕਲਾਕਾਰ ਜਿਨ੍ਹਾਂ ਵਿੱਚ ਮਰਹੂਮ ਓਮਪੁਰੀ ਤੋਂ ਇਲਾਵਾ ਰਾਜ ਬੱਬਰ, ਗਿਰਜਾ ਸ਼ੰਕਰ, ਨੀਨਾ ਟਿਵਾਣਾ, ਨਿਰਮਲ ਰਿਸ਼ੀ, ਸਰਦਾਰ ਸੋਹੀ ਸਮੇਂ ਸਮੇਂ ਸਿਰ ਇਸ ਨਾਟਕ ਦਾ ਹਿੱਸਾ ਰਹੇ ਹਨ। ਪਦਮ ਸ਼੍ਰੀ ਨਿਰਮਲ ਰਿਸ਼ੀ ਹੁਣ ਵੀ ਇਸ ਨਾਟਕ ਦਾ ਹਿੱਸਾ ਹੈ, ਜੋ ਕਿ ਬਰਨਾਲਾ ਵਿੱਚ ਇਸ ਨਾਟਕ ਨੂੰ ਪੇਸ਼ ਕਰਨਗੇ।                                                               
       ਇਹ ਨਾਟਕ ਪੰਜਾਬੀ ਰੰਗਮੰਚ ਦੇ ਬਾਬਾ ਬੋਹੜ ਮਰਹੂਮ ਹਰਪਾਲ ਟਿਵਾਣਾ ਵਲੋਂ ਲਿਖਿਆ ਗਿਆ ਹੈ ਅਤੇ ਸੰਗੀਤ ਪਦਮ ਵਿਭੂਸ਼ਣ ਜਗਜੀਤ ਸਿੰਘ ਜੀ ਵਲੋਂ ਦਿੱਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੁੱਕੜ ਨਾਟਕ ‘ਨਵੀਂ ਜ਼ਿੰਦਗੀ’ ਖੇਡਿਆ ਜਾਵੇਗਾ ਅਤੇ ਹੋਰ ਗਤੀਵਿਧੀਆਂ ਵੀ ਕਰਾਈਆਂ ਜਾਣਗੀਆਂ। ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਉੱਘੇ ਹਸਰਸ ਕਲਾਕਾਰ ਗੁਰਦੀਪ ਮਨਾਲੀਆ ਵੀ ਸਮਾਗਮ ਦਾ ਹਿੱਸਾ ਬਣਨਗੇ।
          ਉਨ੍ਹਾਂ ਕਿਹਾ ਕਿ ਇਸ ਸਮਾਗਮ ਦੀ ਐਂਟਰੀ ਬਿਲਕੁਲ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਾ ਵਾਸੀ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਇਸ ਸ਼ੋਅ ਲਈ ਪੁੱਜਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ, ਐੱਸ ਡੀ ਐਮ ਬਰਨਾਲਾ ਗੁਰਬੀਰ ਸਿੰਘ ਕੋਹਲੀ, ਐੱਸ ਡੀ ਐਮ ਤਪਾ ਰਿਸ਼ਭ ਬਾਂਸਲ, ਐੱਸ ਡੀ ਐਮ ਮਹਿਲ ਕਲਾਂ ਹਰਕੰਵਲਜੀਤ ਸਿੰਘ ਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।


Spread Information
Advertisement
error: Content is protected !!