ਅਸਪਾ (ਕਾਂਸ਼ੀ ਰਾਮ) ਦੇ ਸਾਬਕਾ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਫੜਿਆ ਝਾੜੂ
ਬੇਅੰਤ ਬਾਜਵਾ, ਲੁਧਿਆਣਾ 14 ਮਈ 2024
ਲੁਧਿਆਣਾ ਲੋਕ ਸਭਾ ਹਲਕੇ ਅਧੀਨ ਪੈਂਦੇ ਇੱਕ ਵਿਧਾਨ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੇ ਮੁੰਡੇ ਨੇ ਵੀ ਅੱਜ ਆਮ ਆਦਮੀ ਪਾਰਟੀ ਦਾ ਝਾੜੂ ਫੜ੍ਹ ਲਿਆ। ਆਪ ਦਾ ਦਾਅਵਾ ਹੈ ਕਿ ਸਾਬਕਾ ਵਿਧਾਇਕ ਦੇ ਪੁੱਤਰ ਦੀ ਆਪ ਵਿੱਚ ਸ਼ਮੂਲੀਅਤ ਨਾਲ ਪਾਰਟੀ ਨੂੰ ਚੋਣਾਂ ਵਿੱਚ ਹੋਰ ਵੀ ਮਜਬੂਤੀ ਮਿਲੇਗੀ। ਰਿਜਰਵ ਹਲਕਾ ਸਿੱਧਵਾਂ ਬੇਟ ਤੋਂ ਸਾਲ 1962 ਤੋਂ 1967 ਤੱਕ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਸਵ. ਬਾਬੂ ਅਜੀਤ ਕੁਮਾਰ ਦੇ ਪੁੱਤਰ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਸਾਬਕਾ ਸੂਬਾਈ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਰਾਜੀਵ ਕੁਮਾਰ ਲਵਲੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਮੁੱਖ ਮੰਤਰੀ ਮਾਨ ਨੇ ਲਵਲੀ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਨਿੱਘਾ ਸਵਾਗਤ ਕੀਤਾ ।
ਵਰਨਣਯੋਗ ਹੈ ਕਿ ਰਾਜੀਵ ਕੁਮਾਰ ਲਵਲੀ ਦੇ ਪਿਤਾ ਸਵ. ਬਾਬੂ ਅਜੀਤ ਕੁਮਾਰ ਅਕਾਲੀ ਦਲ ਦੀ ਟਿਕਟ ਤੇ ਜਿੱਤ ਕੇ ਸਿੱਧਵਾਂ ਬੇਟ ਹਲਕੇ ਤੋਂ ਵਿਧਾਇਕ ਰਹੇ ਹਨ। ਜਦੋਂ ਕਿ ਰਾਜੀਵ ਕੁਮਾਰ ਲਵਲੀ ਆਜਾਦ ਸਮਾਜ ਪਾਰਟੀ (ਕਾਸ਼ੀ ਰਾਮ) ਦੇ ਸਾਬਕਾ ਸੂਬਾ ਪ੍ਰਧਾਨ ਹੋਣ ਤੋਂ ਇਲਾਵਾ, ਅੰਬੇਦਕਰ ਨਵਯੁਵਕ ਦਲ ਦੇ ਸਰਪਰਸਤ, ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ, ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਪ੍ਰਧਾਨ, ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਤੇ ਡਾ ਏ.ਵੀ.ਐਮ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਵੀ ਹਨ।
ਇਸ ਮੌਕੇ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਦੇਸ਼ ਅਤੇ ਸੰਵਿਧਾਨ ਦੀ ਰਾਖੀ ਲਈ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਮੈਂ ਆਪ ‘ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਐਸ.ਸੀ, ਐਸ.ਟੀ ਸਣੇ ਘੱਟ ਗਿਣਤੀ ਭਾਈਚਾਰਿਆਂ ਦੇ ਹਿੱਤਾਂ ਦੀ ਰਾਖੀ ਇਸ ਦੇਸ਼ ਦਾ ਸੰਵਿਧਾਨ ਹੀ ਕਰ ਸਕਦਾ ਹੈ। ਜਿਸ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਇੰਡੀਆ ਗਠਜੋੜ ਦੇ ਬੈਨਰ ਹੇਠ ਸੰਵਿਧਾਨ ਵਿਰੋਧੀ ਤਾਕਤਾਂ ਖਿਲਾਫ ਲੜਾਈ ਲੜੀ ਜਾ ਰਹੀ ਹੈ। ਲਵਲੀ ਨੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਸਣੇ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਦਾ ਧੰਨਵਾਦ ਪ੍ਰਗਟਾਉਂਦਿਆਂ ਹੋਇਆਂ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਜਿਹੜੀ ਵੀ ਜਿੰਮੇਵਾਰੀ ਦਿੱਤੀ ਜਾਵੇਗੀ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ।