PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਸਿਹਤ ਨੂੰ ਸੇਧ ਪੰਜਾਬ ਫ਼ਾਜ਼ਿਲਕਾ

ਮਾਂ ਦਾ ਦੁੱਧ ਪਿਲਾਉਣ ਦੇ ਲਾਭਾਂ ਬਾਰੇ ਜਾਗਰੂਕ ਕਰਨ ਹਿਤ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੋਸਟਰ ਰਿਲੀਜ

Advertisement
Spread Information

ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 31 ਜੁਲਾਈ 2023


    ਹਰ ਸਾਲ 1 ਤੋਂ 7 ਅਗਸਤ ਤੱਕ ਵਿਸ਼ਵ ਸਤਨਪਾਨ ਹਫ਼ਤਾ,ਇੱਕ ਵਿਸ਼ਵਵਿਆਪੀ ਮੁਹਿੰਮ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਨਵ-ਜਨਮੇ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਦੀ ਜਲਦੀ ਸ਼ੁਰੂਆਤ ਕੀਤੀ ਜਾ ਸਕੇ। ਇਸ ਹਫ਼ਤੇ ਦਾ ਮੁੱਖ ਉਦੇਸ਼ ਮਾਂ ਦਾ ਦੁੱਧ ਪਿਲਾਉਣ ਨੂੰ ਉਤਸ਼ਾਹਤ ਕਰਨਾ ਹੈ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੁਰੱਖਿਅਤ ਕਰਨ ਸਬੰਧੀ ਜਾਗਰੂਕ ਕਰਨਾ ਹੈ।

   ਸਿਵਲ ਸਰਜਨ ਫਾਜ਼ਿਲਕਾ ਅਤੇ ਹੋਰ ਅਧਿਕਾਰੀਆ ਨੇ ਇਸ ਸੰਬਧੀ ਪੋਸਟਰ ਜਾਰੀ ਕਰਦੇ ਹੋਏ ਸਮੂਹ ਸਟਾਫ ਨੂੰ ਪੂਰਾ ਹਫ਼ਤਾ ਲੋਕਾ ਨੂੰ ਜਾਗਰੂਕ ਕਰਨ ਦੀਆ ਹਦਾਇਤਾਂ ਜਾਰੀ ਕੀਤੀਆ। ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਨੇ ਦੱਸਿਆ ਕਿ ਵਿਭਾਗ ਵੱਲੋਂ ਆਮ ਲੋਕਾਂ ਨੂੰ ਮਾਂ ਦਾ ਦੁੱਧ ਪਿਲਾਉਣ ਦੇ ਲਾਭਾਂ ਬਾਰੇ ਜਾਗਰੂਕ ਕਰਨ ਅਤੇ ਇਸ ਬਾਰੇ ਕਿਸੇ ਵੀ ਕਿਸਮ ਦੀ ਗਲਤ ਧਾਰਨਾ ਨੂੰ ਦੂਰ ਕਰਨ ਲਈ ਇੱਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਹਫ਼ਤਾ ਭਰ ਚਲਾਈ ਜਾਣ ਵਾਲੀ ਇਸ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ, ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਿਰੰਤਰ ਯਤਨ ਕਰ ਰਿਹਾ ਹੈ ।                                 

   ਜਿਲਾ ਪਰਿਵਾਰ ਭਲਾਈ ਅਫ਼ਸਰ ਡਾ: ਕਵਿਤਾ ਸਿੰਘ ਨੇ ਮਾਂ ਦਾ ਦੁੱਧ ਪਿਲਾਉਣ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਜਨਮ ਦੇ ਪਹਿਲੇ 6 ਮਹੀਨੇ ਕੇਵਲ ਮਾਂ ਦਾ ਦੁੱਧ ਪਿਲਾਉਣ ਅਤੇ ਘੱਟੋ ਘੱਟ 2 ਸਾਲ ਜਾਂ ਇਸ ਤੋਂ ਵੱਧ ਉਮਰ ਤੱਕ ਹੋਰ ਖੁਰਾਕ ਦੇ ਨਾਲ਼ ਮਾਂ ਦਾ ਦੁੱਧ ਜਾਰੀ ਰੱਖਣ ਨਾਲ ਨਵਜੰਮੇ ਬੱਚਿਆਂ ਅਤੇ ਮਾਵਾਂ ਨੂੰ ਬਹੁਤ ਲਾਭ ਹੁੰਦੇ ਹਨ। ਮਾਂ ਦਾ ਦੁੱਧ ਕਈ ਬਿਮਾਰੀਆਂ ਦੇ ਵਿਰੁੱਧ ਖਾਸ ਤੌਰ ਤੇ ਪ੍ਰਭਾਵਸ਼ਾਲੀ ਹੁੰਦਾ ਹੈ ਕਿਉਂਕਿ ਇਹ ਮਾਂ ਤੋਂ ਐਂਟੀਬਾਡੀਜ਼ ਨੂੰ ਸਿੱਧੇ ਬੱਚੇ ਵਿੱਚ ਤਬਦੀਲ ਕਰਕੇ ਰੋਗ-ਪ੍ਰਤੀਰੋਧੀ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ। ਮਾਂ ਦਾ ਦੁੱਧ ਪਿਲਾਉਣ ਦੇ ਲਾਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਹੀ ਨਵਜੰਮੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ । ਮਾਂ ਦੇ ਦੁੱਧ ਦੇ ਵਿਕਲਪਾਂ, ਵਪਾਰਕ ਫਾਰਮੂਲਾ ਭੋਜਨ ਆਦਿ ਦੇ ਪ੍ਰਚਾਰ ਤੋਂ ਬਚਣ ‘ਤੇ ਵੀ ਜ਼ੋਰ ਦਿੱਤਾ ਜਾਵੇ ਅਤੇ ਇਸ ਹਫ਼ਤੇ ਦੌਰਾਨ ਬੋਤਲ ਰਾਹੀਂ ਦੁੱਧ ਪਿਲਾਉਣ ‘ਤੇ ਰੋਕ ਲਗਾਉਣ ਬਾਰੇ ਜਾਗਰੂਕਤਾ ਵੀ ਕੀਤੀ ਜਾਣੀ ਹੈ।

   ਵਿਸ਼ਵ ਸਤਨਪਾਨ ਹਫ਼ਤੇ ਦੇ ਸੰਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ, ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ ਕਿਹਾ ਕਿ ਇਸ ਦੌਰਾਨ ਨਾਰਮਲ ਡਲਿਵਰੀ ਲਈ ਅੱਧੇ ਘੰਟੇ ਦੇ ਅੰਦਰ ਅਤੇ ਸਿਜ਼ੇਰੀਅਨ ਡਲਿਵਰੀ ਲਈ ਦੋ ਘੰਟਿਆਂ ਦੇ ਅੰਦਰ ਮਾਂ ਦਾ ਦੁੱਧ ਪਿਲਾਉਣ ਦੀ ਸ਼ੁਰੂਆਤ ਨੂੰ ਯਕੀਨੀ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕਰਕੇ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਮਾਂ ਦੇ ਪਹਿਲੇ ਗਾੜ੍ਹੇ ਦੁੱਧ (ਕੋਲੋਸਟ੍ਰਮ) ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ । ਇਸ ਸੰਬਧੀ ਸਮੂਹ ਸਟਾਫ ਅਤੇ ਲੇਬਰ ਰੂਮ  ਸਟਾਫ ਨੂੰ ਹਿਦਾਇਤ ਦਿੱਤੀ ਗਈ ਹੈ।


Spread Information
Advertisement
Advertisement
error: Content is protected !!