PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

ਡੇਰਾ ਸਿਰਸਾ ਨੇ ਹੁਣ ਖੇਡਿਆ ਆਹ ਹੋਰ ਦਾਅ

Advertisement
Spread Information

ਡੇਰੇ ਨੇ ਸਿਆਸੀ ਵਿੰਗ ਭੰਗ ਕਰਕੇ ਪੈਰੋਕਾਰਾਂ ਦੇ ਵੋਟਾਂ ਵਾਲੇ ਹੱਥ ਖੋਹਲੇ

ਅਸ਼ੋਕ ਵਰਮਾ ਬਠਿੰਡਾ ,13 ਮਾਰਚ 2023
    ਡੇਰਾ ਸੱਚਾ ਸੌਦਾ ਸਿਰਸਾ ਨੇ ਹੈਰਾਨੀਜਨਕ ਫੈਸਲਾ ਲੈਂਦਿਆਂ ਆਪਣਾ ਸਿਆਸੀ ਵਿੰਗ ਭੰਗ ਕਰ ਦਿੱਤਾ ਹੈ ਜੋ ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਨੂੰ ਹਮਾਇਤ ਦੇਣ ਲਈ ਬਣਾਇਆ ਗਿਆ ਸੀ। ਡੇਰਾ ਸਿਰਸਾ ਦਾ ਸਿਆਸੀ ਵਿੰਗ ਕਰੀਬ 17 ਵਰ੍ਹੇ ਪਹਿਲਾਂ ਸਾਲ 2006 ਦੌਰਾਨ ਸਾਲ 2007 ਦੀਆਂ ਵਿਧਾਨ  ਸਭਾ ਚੋਣਾਂ ਮੌਕੇ ਹੋਂਦ ਵਿੱਚ ਆਇਆ ਸੀ।   ਬਿਨਾਂ ਸ਼ੱਕ ਡੇਰਾ  ਪ੍ਰਬੰਧਕ ਇਸ ਤੋਂ  ਪਹਿਲਾਂ ਵੀ ਸਿਆਸੀ  ਧਿਰਾਂ ਦੀ ਹਮਾਇਤ ਕਰਦੇ ਸਨ , ਪਰ  ਉਦੋਂ  ਇਹ ਵਰਤਾਰਾ ਗੁਪਤ ਰੂਪ ਵਿੱਚ ਵਰਤਾਇਆ ਜਾਂਦਾ ਸੀ।
       ਦੱਸਿਆ ਜਾਂਦਾ ਹੈ ਕਿ ਸਿਆਸੀ ਵਿੰਗ ਬਣਾਉਣ ਦਾ ਮਕਸਦ ਡੇਰਾ ਪ੍ਰੇਮੀਆਂ ਦੀ ਰਾਜਨੀਤਕ  ਤਾਕਤ ਨੂੰ  ਮਜ਼ਬੂਤ ਕਰਕੇ  ਵੋਟਾਂ ਵੇਲੇ ਇੱਕ ਮੋਰੀ ਲੰਘਣਾ ਸੀ।  ਉਸ ਵੇਲੇ  ਇਹ ਵੀ ਆਖਿਆ ਗਿਆ ਸੀ ਕੀ ਇਸ ਵਿੰਗ ਦੇ ਆਗੂ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਦੀਆ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਸ਼ਕਾਇਤਾਂ ਨੂੰ ਸਰਕਾਰ ਅਤੇ ਪ੍ਰਸ਼ਾਸ਼ਨਿਕ ਪੱਧਰ ਤੇ  ਹੱਲ ਕਰਵਾਇਆ ਕਰਨਗੇ।   ਮੁੱਢਲੇ ਪੜਾਅ ਤੇ ਸਿਆਸੀ ਵਿੰਗ ਦੇ ਸੱਤ ਮੈਂਬਰ ਬਣਾਏ ਗਏ ਸਨ , ਜਿਨ੍ਹਾਂ ਨੂੰ ਬਾਅਦ ਵਿੱਚ 14 ਤੱਕ ਵਧਾ ਦਿੱਤਾ ਗਿਆ ਸੀ।
      ਸਾਲ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਸਿਆਸੀ ਵਿੰਗ ਨੇ ਪਹਿਲੀ ਵਾਰ ਕਾਂਗਰਸ ਪਾਰਟੀ ਨੂੰ ਖੁੱਲ੍ਹੇਆਮ ਸਿਆਸੀ ਹਮਾਇਤ ਦਿੱਤੀ ਸੀ।  ਡੇਰਾ ਪੈਰੋਕਾਰਾਂ ਨੇ ਖੁੱਲ ਕੇ ਨਿੱਤਰਨ ਦਾ ਹੀ ਸਿੱਟਾ ਸੀ ਕਿ ਇਨ੍ਹਾਂ ਚੋਣਾਂ ਦੌਰਾਨ ਮਾਲਵੇ ਵਿੱਚ ਅਕਾਲੀ ਦਲ ਦੇ ਵੱਡੇ ਵੱਡੇ ਥੰਮ੍ਹ ਹਾਰ ਗਏ ਸਨ।  ਡੇਰੇ ਦੀ ਇੰਨੀ ਵੱਡੀ ਹਮਾਇਤ ਦੇ ਬਾਵਜੂਦ ਕਾਂਗਰਸ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਛੜ ਗਈ ਸੀ। 
       ਇਹਨਾਂ ਚੋਣਾਂ ਦੌਰਾਨ ਮਾਲਵੇ ਦੀਆਂ 65 ਸੀਟਾਂ ਵਿਚੋਂ ਕਾਂਗਰਸ ਨੇ 37 ਹਲਕਿਆਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਜਦਕਿ ਅਕਾਲੀ ਦਲ ਕੇਵਲ 13  ਹਲਕਿਆਂ ਵਿੱਚ ਜਿੱਤ ਸਕਿਆ ਸੀ। ਦਿਲਚਸਪ ਪਹਿਲੂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮਾਲਵਾ ਪੱਟੀ ਵਿਚ ਪੰਜ ਸੀਟਾਂ ਤੇ ਚੋਣ ਜਿੱਤੀ ਸੀ। ਇਹਨਾਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਮਾਝੇ ਤੇ ਦੁਆਬੇ ਵਿੱਚ ਆਸ ਨਾਲੋ ਵੱਧ ਸਫਲਤਾ ਮਿਲੀ।
     ਦੂਜੇ ਪਾਸੇ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ 19 ਵਿਧਾਨ ਸਭਾ ਹਲਕਿਆਂ ਵਿੱਚ ਹਾਸਲ ਹੋਈ ਜਿੱਤ ਕਾਰਨ ਅਕਾਲੀ ਦਲ ਸਰਕਾਰ ਬਨਾਉਣ ਵਿੱਚ ਸਫਲ ਰਿਹਾ । ਭਾਵੇਂ ਸਰਕਾਰ ਅਕਾਲੀ ਦਲ ਭਾਜਪਾ ਗਠਜੋੜ ਦੀ ਬਣੀ ਪਰ ਅਕਾਲੀ ਦਲ ਦੀ ਚੜ੍ਹਤ ਵਾਲੇ ਇਲਾਕੇ ਮਾਲਵੇ ਵਿਚ ਜ਼ਿਆਦਾਤਰ ਸੀਟਾਂ ਤੇ ਕਾਂਗਰਸ ਜਿੱਤੀ ਹੋਣ ਕਰਕੇ ਡੇਰਾ ਸੱਚਾ ਸੌਦਾ ਦਾ ਜਬਰਦਸਤ ਪ੍ਰਭਾਵ ਸਾਹਮਣੇ ਆਇਆ ਸੀ।
      ਇਹਨਾ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਕਰਕੇ ਡੇਰਾ ਪੈਰੋਕਾਰਾਂ ਨੂੰ ਕਈ ਥਾਵਾਂ ਤੇ ਅਕਾਲੀ ਵਰਕਰਾਂ ਦੀਆਂ ਵਧੀਕੀਆਂ ਦਾ ਸਾਹਮਣਾ ਕਰਨਾ ਪਿਆ ਸੀ।  ਕਾਫੀ ਥਾਵਾਂ ਤੇ ਅਕਾਲੀ ਵਰਕਰਾਂ ਅਤੇ ਡੇਰਾ ਪੈਰੋਕਾਰਾਂ ਵਿਚਕਾਰ ਟਕਰਾਅ ਹੋਇਆ ।ਸਿੱਟੇ ਵਜੋਂ ਪ੍ਰੇਮੀਆਂ ਖਿਲਾਫ ਪੁਲਿਸ ਕੇਸ ਵੀ ਦਰਜ ਕੀਤੇ ਗਏ ਅਤੇ ਉਨ੍ਹਾਂ ਨੂੰ ਅਦਾਲਤੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਿਆ ।
    ਅੱਜ ਵੀ ਇੱਕ ਸੀਨੀਅਰ ਡੇਰਾ ਪੈਰੋਕਾਰਾਂ ਨੇ ਦੱਸਿਆ ਕਿ ਆਮ ਸੰਗਤ ਨੂੰ ਸਿਆਸੀ ਵਿੰਗ ਦਾ ਕੋਈ ਫਾਇਦਾ ਨਹੀਂ ਹੋਇਆ ਬਲਕਿ  ਉਹਨਾਂ ਨੂੰ  ਆਪਣੇ ਕੰਮ-ਧੰਦੇ ਕਰਵਾਉਣ ਲਈ ਸਿਆਸੀ ਲੋਕਾਂ ਦੇ ਬੂਹੇ ਖੜਕਾਉਣੇ ਪੈਂਦੇ ਸਨ ਜੋ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਸਨ। ਉਹਨਾਂ ਕਿਹਾ ਕਿ ਸਾਧਾਰਨ ਡੇਰਾ ਪ੍ਰੇਮੀਆਂ ਲਈ ਇਹ ਇੱਕ ਚੰਗਾ ਫੈਸਲਾ ਹੈ।
     ਹਾਲਾਂਕਿ ਅਕਾਲੀ ਦਲ ਦੇ ਰਾਜ ਭਾਗ ਦਾ ਦੌਰਾਨ ਡੇਰਾ ਪੈਰੋਕਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ , ਪਰ ਡੇਰਾ ਸੱਚਾ ਸੌਦਾ ਦਾ ਸਿਆਸੀ ਵਿੰਗ ਹਰ ਤਰਾਂ ਦੀਆਂ ਚੋਣਾਂ ਦੌਰਾਨ ਆਪਣੀ ਸਰਗਰਮ  ਭੂਮਿਕਾ ਨਿਭਾਉਂਦਾ ਨਜ਼ਰ ਆਇਆ। ਦਿਲਚਸਪ ਗੱਲ ਹੈ ਕਿ ਡੇਰਾ ਪੈਰੋਕਾਰ ਵੀ ਸਿਆਸੀ ਵਿੰਗ ਵੱਲੋਂ ਕੀਤੇ ਜਾਂਦੇ ਸਮਾਗਮਾਂ ਦੌਰਾਨ ਨਿੱਠ ਕੇ ਹਾਜ਼ਰੀ ਭਰਦੇ ਜੋਕਿ ਸਿਆਸੀ ਧਿਰਾਂ ਨੂੰ ਆਪਣਾ ਦਮਖਮ ਦਿਖਾਉਣਾ ਮੰਨਿਆ ਜਾਂਦਾ ਸੀ। ਇਸ ਮਾਮਲੇ ਦਾ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਬਹੁਤੀਆਂ ਸਿਆਸੀ ਧਿਰਾਂ ਦੇ ਆਗੂ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਡੇਰਾ ਸੱਚਾ ਸੌਦਾ ਦੀ ਹਾਜ਼ਰੀ ਭਰਦੇ ਸਨ ਤਾਂ ਜੋ ਡੇਰਾ ਪੈਰੋਕਾਰਾਂ ਦੀਆ ਵੋਟਾਂ ਪ੍ਰਾਪਤ ਕੀਤੀਆਂ ਜਾ ਸਕਣ।
     ਹੁਣ ਅਚਾਨਕ ਡੇਰਾ ਸੱਚਾ ਸੌਦਾ ਵੱਲੋਂ ਲਏ ਫ਼ੈਸਲੇ ਨੇ ਇਕ ਵਾਰ ਸਿਆਸੀ ਧਿਰਾਂ ਅਤੇ ਆਮ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਸੂਤਰ ਦੱਸਦੇ ਹਨ ਕੀ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਵੱਲੋਂ ਆਪਣੀ ਆਪਣੀ ਪੈਰੋਲ ਦੌਰਾਨ ਇਹ ਫੈਸਲਾ ਲਿਆ ਗਿਆ ਸੀ ਜਿਸ ਨੂੰ ਹੁਣ ਲਾਗੂ ਕਰ ਦਿੱਤਾ ਹੈ।  ਮੰਨਿਆ ਜਾ ਰਿਹਾ ਹੈ ਕਿ ਡੇਰਾ ਸਿਰਸਾ ਨੇ ਹੁਣ ਆਪਣਾ ਸਮੁੱਚਾ ਧਿਆਨ ਸਮਾਜ ਸੇਵਾ ਦੇ ਕੰਮਾਂ ਤੇ ਫੋਕਸ ਕਰਨਾ ਚਾਹੁੰਦਾ ਹੈ।  ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਇਨ੍ਹਾਂ ਦਿਨਾਂ ਦੌਰਾਨ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ  ਭੁਗਤ ਰਹੇ ਹਨ।
ਸਿਆਸੀ ਵਿੰਗ ਭੰਗ ਕੀਤਾ -ਚੇਅਰਮੈਨ 
  ਸਿਆਸੀ ਵਿੰਗ ਦੇ ਪ੍ਰਮੁੱਖ ਆਗੂ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਦੇ ਸਮੁੱਚੇ ਪ੍ਰਬੰਧਾਂ ਵਿਚ ਤਬਦੀਲੀ ਕੀਤੀ ਗਈ ਹੈ । ਜਿਸ  ਤਹਿਤ ਹੀ ਰਾਜਨੀਤਕ ਵਿੰਗ ਵੀ ਭੰਗ ਕਰ ਦਿੱਤਾ ਗਿਆ ਹੈ। ਸੀਨੀਅਰ ਡੇਰਾ ਆਗੂ ਤੇ  ਸਿਆਸੀ ਵਿੰਗ ਦੇ  ਮੈਂਬਰ  ਬਲਰਾਜ ਸਿੰਘ ਨੇ ਵੀ ਇਸ ਫੈਸਲੇ ਦੀ ਪੁਸ਼ਟੀ ਕੀਤੀ  ਹੈ।  ਉਨ੍ਹਾਂ ਕਿਹਾ ਕਿ ਸਿਆਸੀ ਵਿੰਗ ਹੀ ਨਹੀਂ , ਬਲਕਿ  ਡੇਰੇ  ਦੇ ਪ੍ਰਬੰਧਕੀ  ਢਾਂਚੇ ਵਿੱਚ ਹੋਰ ਵੀ ਅਹਿਮ ਤਬਦੀਲੀਆਂ ਕੀਤੀਆਂ ਗਈਆਂ ਹਨ।

Spread Information
Advertisement
Advertisement
error: Content is protected !!