ਹਿੰਮਤ- ਏ- ਮਰਦਾਂ , ਮੱਦਦ-ਏ-ਖੁਦਾ ’ ਦਾ ਪ੍ਰਤੱਖ ਪ੍ਰਮਾਣ ” ਪਦਮ ਸ੍ਰੀ ਰਜਿੰਦਰ ਗੁਪਤਾ ”
‘ਆਨਰਜ਼ ਕਾਜ਼ਾ ’ ਡਿਗਰੀ ਨਾਲ ਨਿਵਾਜਿਆ ਰਜਿੰਦਰ ਗੁਪਤਾ
ਅਸ਼ੋਕ ਵਰਮਾ , ਬਠਿੰਡਾ, 9 ਅਪਰੈਲ 2022
ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਰਜਿੰਦਰ ਗੁਪਤਾ ਨੂੰ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ‘ਆਨਰਜ਼ ਕਾਜ਼ਾ’ ਡਿਗਰੀ ਨਾਲ ਨਿਵਾਜਿਆ ਹੈ ਜੋ ਨਾਂ ਕੇਵਲ ਇਸ ਵੱਡੇ ਸਨਅਤੀ ਗਰੁੱਪ ਲਈ ਮਾਣ ਵਾਲੀ ਗੱਲ ਹੈ ਬਲਕਿ ਬਠਿੰਡਾ ਵਾਸਤੇ ਵੀ ਵਧੇਰੇ ਫਖਰ ਵਾਲਾ ਸਮਾਂ ਹੈ। ਸਨਅਤਕਾਰ ਰਜਿੰਦਰ ਗੁਪਤਾ ਵੱਲੋਂ ਹਾਸਲ ਕੀਤੇ ਇਸ ਮੁਕਾਮ ਪਿੱਛੇ ਸਾਲਾਂ ਬੱਧੀ ਕੀਤੀ ਲਗਾਤਾਰ ਅਣਥੱਕ ਯਤਨਾਂ ਦਾ ਨਤੀਜਾ ਹੈ। ਡਾ ਰਜਿੰਦਰ ਗੁਪਤਾ ਨੂੰ ਅੱਜ ਉਨ੍ਹਾਂ ਦੀਆਂ ਟਰਾਈਡੈਂਟ ਫਾਊਡੇਸ਼ਨ ਰਾਹੀਂ ਕੀਤੀ ਸਮਾਜ ਸੇਵਾ, ਟਰਾਈਡੈਂਟ ਗਰੁੱਪ ਦੇ ਸਨਅਤੀ ਅਦਾਰਿਆਂ ’ਚ ਦਿੱਤੇ ਰੁਜ਼ਗਾਰ ਅਤੇ ਹੋਰ ਵੱਖ ਵੱਖ ਖੇਤਰਾਂ ’ਚ ਪਾਏ ਯੋਗਦਾਨ ਬਦਲੇ ਇਹ ਮਹੱਤਵਪੂਰਨ ਸਨਮਾਨ ਮਿਲਿਆ ਹੈ। ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰਾ ਬੂਟਾ ਸਿੰਘ ਸਿੱਧੂ ਨਾਲ ਇੱਕ ਸ਼ਾਨਦਾਰ ਸਮਾਗਮ ਦੌਰਾਨ ਰਜਿੰਦਰ ਗੁਪਤਾ ਨੂੰ ਆਨਰਜ਼ ਕਾਜ਼ਾ ਡਿਗਰੀ ਪ੍ਰਦਾਨ ਕੀਤੀ ਹੈ। ਅੱਜ ਦੇ ਇਸ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹਾਜ਼ਰ ਸਨ। ਦਰਅਸਲ ਕਈ ਦਹਾਕੇ ਪਹਿਲਾਂ ਡਾ ਰਜਿੰਦਰ ਗੁਪਤਾ ਦਾ ਪ੍ਰੀਵਾਰ ਆਮ ਕਾਰੋਬਾਰੀਆਂ ਵਾਂਗ ਹੀ ਵਪਾਰ ਕਰਦਾ ਸੀ। ਰਜਿੰਦਰ ਗੁਪਤਾ ਦਾ ਜਨਮ ਦੋ ਜਨਵਰੀ 1959 ਨੂੰ ਬਠਿੰਡਾ ’ਚ ਹੋਇਆ ਸੀ। ਰਜਿੰਦਰ ਗੁਪਤਾ ਨੇ ਜਦੋਂ ਜਵਾਨੀ ਵਿੱਚ ਕਦਮ ਰੱਖਿਆ ਤਾਂ ਉਦੋਂ ਤੋਂ ਹੀ ਉਸ ਦੀ ਦਿਲਚਸਪੀ ਕਾਰੋਬਾਰ ਬੁਲੰਦੀਆਂ ਤੇ ਲਿਜਾਣ ਦੀ ਸੀ।
ਆਪਣੇ ਸੁਫਨੇ ਨੂੰ ਸਾਕਾਰ ਕਰਨ ਲਈ ਆਪਣੀ ਸਿੱਖਿਆ ਦੇ ਇੱਕ ਅਹਿਮ ਭਾਗ ਵਜੋਂ ਰਜਿੰਦਰ ਗੁਪਤਾ ਨੇ ਹਾਰਵਰਡ ਬਿਜ਼ਨਸ ਸਕੂਲ ’ਚ ਐਡਵਾਂਸਡ ਮੈਨੇਜਮੈਂਟ ਪ੍ਰੋਗਰਾਮ ਸਫਲਤਾਪੂਰਵਕ ਮੁਕੰਮਲ ਕੀਤਾ। ਇਸ ਦੌਰਾਨ ਸਿੱਖੀਆਂ ਬਿਜ਼ਨਸ ਮੈਨੇਜਮੈਂਟ ਦੀਆਂ ਬਰੀਕੀਆਂ ਤੇ ਕੰਮ ਸ਼ੁਰੂ ਕੀਤਾ ਤਾਂ ਉਦੋਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਇਹ ਗਰੁੱਪ ਇੱਕ ਦਿਨ ਵੱਡੇ ਸਨਅਤੀ ਘਰਾਣੇ ਦਾ ਰੂਪ ਧਾਰਨ ਕਰ ਲਵੇਗਾ। ਅਪਣੀ ਲਗਨ ਅਤੇ ਦ੍ਰਿੜ ਨਿਸਚੇ ਦੇ ਸਿਰ ’ਤੇ ਗੁਪਤਾ ਨੇ ਟਰਾਈਡੈਂਟ ਨੂੰ ਸਫਲਤਾ ਦੀਆਂ ਸਿਖਰਾਂ ‘ਤੇ ਪਹੁੰਚਾਇਆ ਹੈ।
ਅੱਜ ਇਹ ਸਨਅਤੀ ਗਰੁੱਪ ਟੈਕਸਟਾਈਲ ਸਨਅਤ ਦੇ ਸਰਦਾਰ ਵਜੋਂ ਉੱਭਰਿਆ ਹੈ। ਇਸ ਵੇਲੇ ਟਰਾਈਡੈਂਟ ਗਰੁੱਪ ਮੁੱਖ ਤੌਰ ‘ਤੇ ਘਰੇਲੂ ਟੈਕਸਟਾਈਲ, ਪੇਪਰ ਮੈਨੂਫੈਕਚਰਿੰਗ, ਕੈਮੀਕਲਜ਼ ਅਤੇ ਪਾਵਰ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਉਹ ਭਾਰਤ ਦੇ ਸਭ ਤੋਂ ਵੱਡੇ ਧਾਗਾ, ਦੁਨੀਆਂ ਦੇ ਵੱਡੇ ਟੈਰੀ ਤੌਲੀਏ ਨਿਰਮਾਤਾਵਾਂ ਵਿੱਚੋਂ ਇੱਕ ਹੈ। ਟਰਾਈਡੈਂਟ ਸਨਅਤ ਵਿਸ਼ਵ ਦੇ ਸਭ ਤੋਂ ਵੱਡੇ ਕਣਕ ਦੀ ਪਰਾਲੀ ਅਧਾਰਤ ਕਾਗਜ਼ ਨਿਰਮਾਤਾਵਾਂ ਵਿੱਚੋਂ ਵੀ ਇੱਕ ਹੈ। ਇਸ ਤੋਂ ਬਿਨਾਂ ਰਜਿੰਦਰ ਗੁਪਤਾ ਦੀ ਅਗਵਾਈ ਹੇਠ ਟਰਾਈਡੈਂਟ ਗਰੁੱਪ ਲਗਾਤਾਰ ਤਰੱਕੀ ਦੀਆਂ ਮੰਜਿਲਾਂ ਵੱਲ ਵਧ ਰਿਹਾ ਹੈ ਜਿਸ ਨੂੰ ਦੇਖਦਿਆਂ ਆਉਣ ਵਾਲੇ ਸਮੇਂ ਦੌਰਾਨ ਐਫ ਐਮ ਸੀ ਜੀ ਪ੍ਰੋਡੈਕਟ ਬਜ਼ਾਰ ਦੀ ਸ਼ੋਭਾ ਵਧਾਉਣ ਜਾ ਰਹੇ ਹਨ।
ਸਨਅਤ, ਵਪਾਰ ਅਤੇ ਰੁਜਗਾਰ ਦੇ ਖੇਤਰਾਂ ’ਚ ਅਹਿਮ ਯੋਗਦਾਨ ਪਾਉਣ ਬਦਲੇ ਭਾਰਤ ਦੇ ਤੱਤਕਾਲੀ ਰਾਸ਼ਟਰਪਤੀ ਡਾਕਟਰ ਏ ਪੀ ਜੇ ਅਬਦੁਲ ਕਲਾਮ ਨੇ ਸਾਲ 2007 ’ਚ ਡਾ. ਰਜਿੰਦਰ ਗੁਪਤਾ ਉਨ੍ਹਾਂ ਨੂੰ ਪਦਮ ਸ੍ਰੀ ਪੁਰਸਕਾਰ ਨਾਲ ਨਿਵਾਜਿਆ ਸੀ। ਸਾਲ 2004 ਵਿੱਚ ‘ਅਰਨਸਟ ਐਂਡ ਯੰਗ’ ਨੇ ਗੁਪਤਾ ਨੂੰ ਭਾਰਤ ’ਚ ਚੋਟੀ ਦੇ 20 ਉੱਦਮੀਆਂ ’ਚ ਸ਼ਾਮਲ ਕੀਤਾ ਸੀ। ਪੰਜਾਬ ਸਰਕਾਰ ਉਨ੍ਹਾਂ ਨੂੰ ਉਦਯੋਗ ਰਤਨ ਐਵਾਰਡ ਨਾਲ ਨਿਵਾਜ਼ ਚੁੱਕੀ ਹੈ। ਰਜਿੰਦਰ ਗੁਪਤਾ ਪੰਜਾਬ ਕਿ੍ਰਕਟ ਐਸੋਸੀਏਸ਼ਨ ਨਾਲ ਵੀ ਜੁੜੇ ਹੋਏ ਹਨ। ਉਹ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ ਦੇ ਡਾਇਰੈਕਟਰ ਰਹਿ ਚੁੱਕੇ ਹਨ।
ਸਾਲ 2013 ਵਿੱਚ ਉਨ੍ਹਾਂ ਨੂੰ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ ਆਫ ਕਾਮਰਸ ਐਂਡ ਇੰਡਸਟਰੀਜ਼ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਸਲਾਹਕਾਰ ਕੌਂਸਲ ਦਾ ਚੇਅਰਪਰਸਨ ਵੀ ਨਿਯੁਕਤ ਕੀਤਾ ਗਿਆ ਸੀ। ਟਰਾਈਡੈਂਟ ਗਰੁੱਪ ਦੇ ਬਰਨਾਲਾ ਅਤੇ ਬੁਦਨੀ (ਮੱਧ ਪ੍ਰਦੇਸ਼) ਵਿੱਚ ਨਿਰਮਾਣ ਯੂਨਿਟ ਹਨ। ਇਸ ਤੋਂ ਇਲਾਵਾ ਬਰਨਾਲਾ ਜਿਲ੍ਹੇ ਦੇ ਸੰਘੇੜਾ ’ਚ ਕੰਪਨੀ ਦਾ ਧਾਗਾ ਤਿਆਰ ਕਰਨ ਦਾ ਯੂਨਿਟ ਵੀ ਹੈ। ਸਿਰਫ ਭਾਰਤ ਵਿੱਚ ਹੀ ਨਹੀਂ, ਸਗੋਂ ਵਿਸ਼ਵ ਭਰ ਦੇ 100 ਤੋਂ ਮੁਲਕਾਂ ’ਚ ਟਰਾਈਡੈਂਟ ਦੇ ਕਾਰੋਬਾਰੀ ਭਾਈਵਾਲ ਹਨ ਜੋ ਉਨ੍ਹਾਂ ਦਾ ਤਿਆਰ ਕੀਤਾ ਸਮਾਨ ਅੱਗਿਓ ਗਾਹਕਾਂ ਤੱਕ ਪੁੱਜਦਾ ਕਰਦੇ ਹਨ।
ਇੰਨ੍ਹਾਂ ਕਾਰਨਾਂ ਕਰਕੇ ਹੀ ਅੱਜ ਟਰਾਈਡੈਂਟ ਗਰੁੱਪ ਦੀ ਦੁਨੀਆਂ ਭਰ ਦੇ ਵੱਡੇ ਸਨਅਤੀ ਅਦਾਰਿਆਂ ’ਚ ਗਿਣਤੀ ਹੁੰਦੀ ਹੈ। ਪਦਮ ਸ੍ਰੀ ਰਜਿੰਦਰ ਗੁਪਤਾ ਨੂੰ ਮਿਲੇ ਇਸ ਸਨਮਾਨ ਕਾਰਨ ਟਰਾਈਡੈਂਟ ਗਰੁੱਪ ਦੀਆਂ ਸਮੂਹ ਇਕਾਈਆਂ ਦੇ ਵਰਕਰਾਂ, ਅਧਿਕਾਰੀਆਂ ਅਤੇ ਉਨ੍ਹਾਂ ਦੇ ਸ਼ਭਚਿੰਤਕਾਂ ’ਚ ਖੁਸ਼ੀ ਦਾ ਮਹੌਲ ਬਣਿਆ ਹੋਇਆ ਹੈ।