PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਬਠਿੰਡਾ ਮਾਲਵਾ ਮੁੱਖ ਪੰਨਾ ਰਾਜਸੀ ਹਲਚਲ

ਡੇਰਾ ਸਿਰਸਾ ਨੇ ਰਾਜਸੀ ਧਿਰਾਂ ਨੂੰ ਪਾਇਆ ’ਸਿਆਸੀ ਚੋਗਾ ”

Advertisement
Spread Information

ਅਸ਼ੋਕ ਵਰਮਾ , ਬਠਿੰਡਾ,19 ਫਰਵਰੀ 2022

     ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ  ਸਿਰਸਾ ਵੱਲੋਂ ਕੀ ਰਾਜਨੀਤਕ ਐਲਾਨ ਕੀਤਾ ਜਾਂਦਾ ਹੈ ਇਸ ਤੇ ਸਿਆਸੀ ਧਿਰਾਂ ਅਤੇ ਸਰਕਾਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਖਾਸ ਤੌਰ ਤੇ ਪੰਜਾਬ ਪੁਲਿਸ ਦਾ ਸੀ ਆਈ ਡੀ ਵਿੰਗ ਤਾਂ ਅੱਜ ਪੂਰਾ ਦਿਨ ਕੰਨਸੋਆਂ ਹਾਸਲ ਕਰਨ ਲਈ ਡੇਰਾ ਆਗੂਆਂ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੀ ਪੈੜ ਨੱਪਦਾ ਰਿਹਾ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚ ਐਂਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣੀਆਂ ਹਨ। ਇਸ ਵਾਰ ਵੱਖ ਵੱਖ ਸਿਆਸੀ ਧਿਰਾਂ ਦੇ ਮੈਦਾਨ ’ਚ ਹੋਣ ਕਰਕੇ ਫਸਵੇਂ ਮੁਕਾਬਲੇ ਹੋਣ ਜਾ ਰਹੇ ਹਨ ਤਾਂ ਡੇਰੇ ਦੇ ਸਿਆਸੀ ਵਿੰਗ ਵੱਲੋਂ ਅਪਣਾਇਆ ਜਾਣ ਵਾਲਾ ਹਰ ਪੈਂਤੜਾ ਅਹਿਮ ਹੋ ਜਾਂਦਾ ਹੈ।
    ਹਾਲਾਂਕਿ ਸਿਆਸੀ ਧਿਰਾਂ ਡੇਰੇ ਵੱਲੋਂ ਹਮਾਇਤ ਕਰਨ ਦੇ ਸ਼ੁੱਕਰਵਾਰ ਤੋਂ ਦਾਅਵੇ ਕਰ ਰਹੀਆਂ ਹਨ । ਪਰ ਅਹਿਮ ਸੂਤਰਾਂ ਅਨੁਸਾਰ ਅੱਜ ਦੇਰ ਸ਼ਾਮ ਤੱਕ ਡੇਰੇ ਦੇ ਪੱਤੇ ਖੁੱਲ੍ਹ ਸਕਦੇ ਹਨ। ਜਾਣਕਾਰੀ ਅਨੁਸਾਰ ਡੇਰਾ ਸਿਰਸਾ ਐਤਕੀਂ ਸਿਆਸੀ ਟਕਰਾਅ ਤੋਂ ਪਾਸਾ ਵੱਟਦਾ ਦਿਖਾਈ ਦੇ ਰਿਹਾ ਹੈ । ਸੂਤਰ ਦੱਸਦੇ ਹਨ ਕਿ ਕਾਂਗਰਸ ਪਾਰਟੀ ਦੇ ਇੱਕਾ ਦੁੱਕਾ ਆਗੂ ਨੂੰ ਛੱਡਕੇ ਬਾਕੀ ਸਿਆਸੀ ਧਿਰਾਂ ਨੂੰ ਇੱਕੋ ਲਿਹਾਜ਼ ਨਾਲ ਗੱਫਾ ਦਿੱਤਾ ਜਾਣਾ ਹੈ। ਪੰਜਾਬ ਵਿੱਚ ਨਵੀਂ ਸਰਕਾਰ ਕਿਸ ਦੀ ਬਣੇਗੀ, ਉਸ ਦਾ ਭੇਤ ਨਾ ਹੋਣ ਕਰਕੇ ਡੇਰਾ ਸਿਰਸਾ ਨੇ ਪੰਜਾਬ ਵਿੱਚ ਸਾਰੀਆਂ ਹੀ ਮੁੱਖ ਧਿਰਾਂ ਦੀ ਬਾਂਹ ਫੜਣ ਦੀ ਰਣਨੀਤੀ ਘੜੀ ਹੈ।  
      ਪੰਜਾਬ ਦੀ ਸੱਤਾ ’ਚ ਫੈਸਲਾਕੁੰਨ ਭੂਮਿਕਾ ਨਿਭਾਉਣ ਵਾਲੇ ਮਾਲਵਾ ਖਿੱਤੇ ਨਾਲ ਸਬੰਧਤ 69 ਵਿਧਾਨ ਸਭਾ ਹਲਕਿਆਂ ਵਿੱਚੋਂ 40 ਤੋਂ 43 ਹਲਕੇ ਅਜਿਹੇ ਹਨ ਜਿੰਨ੍ਹਾਂ ਤੇ ਡੇਰਾ ਸੱਚਾ ਸੌਦਾ ਦਾ ਜਬਰਦਸਤ ਪ੍ਰਭਾਵ ਹੈ। ਖਾਸ ਤੱਥ ਹੈ ਕਿ ਮਾਲਵੇ ਵਿਚਲੇ ਬਾਕੀ ਹਲਕੇ ਵੀ ਡੇਰੇ ਦੇ ਅਸਰ ਤੋਂ ਪੂਰੀ ਤਰਾਂ ਮੁਕਤ ਨਹੀਂ ਹਨ। ਉਂਜ ਡੇਰਾ ਸਿਰਸਾ ਦੇ ਅਖਬਾਰ ’ਚ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਵੋਟਾਂ ਪਾਉਣ ਦੀ ਅਪੀਲ ਕਰਨ ਸਬੰਧੀ ਲੱਗੇ ਇਸ਼ਤਿਹਾਰ ਤੋਂ ਡੇਰੇ ਦਾ ਜਿਆਦਾ ਝੁਕਾਅ ਭਗਵਾ ਪਾਰਟੀ ਵੱਲ ਜਾਪਦਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਇੰਸਾਂ ਦੇ ਜੇਲ੍ਹ ਜਾਣ ਤੋਂ ਬਾਅਦ ਡੇਰਾ ਪ੍ਰਬੰਧਕ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਦੇ ਦਬਾਅ ਹੇਠ ਹਨ।
       ਉਨ੍ਹਾਂ ਕਿਹਾ ਕਿ ਸ਼ਜਾਵਾਂ ਕਾਰਨ ਹੀ ਸਰਕਾਰਾਂ ਡੇਰਾ ਪ੍ਰਬੰਧਕਾਂ ਦੀ ਬਾਂਹ ਮਰੋੜਨ ਦੀ ਸਥਿਤੀ ’ਚ ਹਨ । ਜਿਸ ਕਰਕੇ ਵੀ ਭਾਜਪਾ ਦੀ ਹਮਾਇਤ ਸਿਆਸੀ ਵਿੰਗ ਦੀ ਮਜਬੂਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਡੇਰੇ ਦੀ ਹਮਾਇਤ ਲੈਣ ਲਈ  ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੇਣਾ ਵੀ ਭਾਜਪਾ ਹਕੂਮਤ ਦਾ ਇੱਕ ਪੈਂਤੜਾ ਹੀ ਹੈ। ਇਸ ਦੇ ਬਾਵਜੂਦ ਡੇਰਾ ਸਿਰਸਾ ਨੇ ਸਿਆਸੀ ਧਿਰ ਬਣਨ ਤੋਂ ਗੁਰੇਜ਼ ਕੀਤਾ ਹੈ। ਡੇਰਾ ਸਿਰਸਾ ਪਹਿਲਾਂ ਹੀ ਸਿਆਸੀ ਫੈਸਲਿਆਂ ਨੂੰ ਨਸ਼ਰ ਕਰਕੇ ਵੱਡਾ ਖਾਮਿਆਜਾ ਭੁਤਗ ਚੁੱਕਾ ਹੈ। ਜਿਸ ਕਾਰਣ, ਅੱਗ ਦਾ ਫੂਕਿਆ, ਟਿਮਟਮਾਉਂਦੇ ਜੁਗਨੂੰ ਤੋਂ ਵੀ ਡਰਦਾ ਹੈ। ਇਸੇ ਸੋਚ ਤਹਿਤ ਹੁਣ ਸਿਆਸੀ ਵਿੰਗ ਨੇ ਕਿਸੇ ਵੀ ਇੱਕ ਸਿਆਸੀ ਧਿਰ ਨੂੰ ਸਮਰਥਣ ਦੇਣ ਦੀ ਭੁੱਲ ਕਰਨੀ ਮੁਨਾਸਬ ਨਹੀਂ ਸਮਝੀ ਹੈ।
      ਸਿਆਸੀ ਵਿੰਗ ਦੇ ਆਗੂ ਇਸ ਮਾਮਲੇ ’ਤੇ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ , ਜਦੋਂਕਿ ਕਈ ਪੈਰੋਕਾਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਜੋ ਗੁਪਤ ਸੁਨੇਹੇ ਲਾਏ ਹਨ, ਉਨ੍ਹਾਂ ਅਨੁਸਾਰ ਡੇਰਾ ਸਿਰਸਾ ਨੇ ਕੁੱਝ ਹਲਕਿਆਂ ’ਚ ਅਕਾਲੀ ਦਲ ਅਤੇ ਕਈ ਥਾਈਂ ਭਾਜਪਾ ਦੀ ਸਿਆਸੀ ਮਦਦ ਕਰਨ ਦਾ ਫੈਸਲਾ ਲਿਆ ਹੈ । ਜਦੋਂ ਕਿ ਕਈ ਹਲਕਿਆਂ ਵਿੱਚ ਪੈਰੋਕਾਰਾਂ ਨੂੰ ਝਾੜੂ ਚੁਕਵਾਉਣ ਦੀਆਂ ਖਬਰਾਂ ਵੀ ਹਨ।
      ਵੇਰਵਿਆਂ ਮੁਤਾਬਕ ਕਈ ਥਾਵਾਂ ਤੇ ਅੱਜ ਵੀ ਉਨ੍ਹਾਂ ਡੇਰਾ ਪ੍ਰੇਮੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਤੁਰ ਫਿਰ ਕੇ ਪ੍ਰਚਾਰ ਕੀਤਾ ਜੋ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਨਾਲ ਤੁਰੇ ਹੋਏ ਸਨ। ਇਸੇ ਤਰਾਂ ਹੀ ਕਈ ਖੇਤਰਾਂ ’ਚ ਡੇਰਾ ਪ੍ਰੇਮੀ ਭਾਜਪਾ ,ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਲਈ ਵੀ ਵੋਟਾਂ ਮੰਗਦੇ ਰਹੇ। ਇਸ ਪੱਤਰਕਾਰ ਨੇ ਅੱਜ ਵੱਖ ਵੱਖ ਹਲਕਿਆਂ ਦੇ ਡੇਰਾ ਸ਼ਰਧਾਲੂਆਂ ਨਾਲ ਗੱਲ ਕੀਤੀ ਤਾਂ ਕਈਆਂ ਨੇ ਸਪਸ਼ਟ ਤੌਰ ਤੇ ਤਬਦੀਲੀ ਦੀ ਵਕਾਲਤ ਕੀਤੀ । ਜਦੋਂਕਿ ਕਈਆਂ ਨੇ ਸਿਆਸੀ ਵਿੰਗ ਦੇ ਸੰਦੇਸ਼ ਤੇ ਪਹਿਰਾ ਦੇਣ ਦਾ ਅਹਿਦ ਵੀ ਦੁਰਹਾਇਆ। ਉਨ੍ਹਾਂ ਮੰਨਿਆ ਕਿ ਹੁਣ ਅੰਤਮ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ।

ਚੋਗੇ ਦੇ ਬਾਵਜੂਦ ਕਾਂਗਰਸ ਪਛੜੀ
ਕਾਂਗਰਸ ਨੂੰ ਡੇਰਾ ਸਿਰਸਾ ਦੀ ਸਿਆਸੀ ਹਮਾਇਤ ਦਾ ਆਸ਼ੀਰਵਾਦ ਨਹੀਂ ਮਿਲ ਸਕਿਆ ਹੈ। ਸੂਤਰਾਂ ਦੀ ਮੰਨੀਏ ਤਾਂ ਲੰਘੇ ਬੁੱਧਵਾਰ ਨੂੰ ਤਲਵੰਡੀ ਹਲਕੇ ’ਚ ਚੋਣ ਪ੍ਰਚਾਰ ਕਰਨ ਆਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਡੇਰਾ ਸਿਰਸਾ ਮੁਖੀ ਦੇ ਕੁੜਮ ਅਤੇ ਤਲਵੰਡੀ ਸਾਬੋ ਤੋਂ ਆਜਾਦ ਚੋਣ ਲੜ ਰਹੇ ਹਰਮਿੰਦਰ ਸਿੰਘ ਜੱਸੀ ਨਾਲ ਇਸ ਸਬੰਧ ’ਚ ਮੀਟਿੰਗ ਕੀਤੀ ਸੀ । ਸੂਤਰਾਂ ਮੁਤਾਬਕ ਇਸ ਮੌਕੇ ਮੁੱਖ ਮੰਤਰੀ ਨੇ ਜੱਸੀ ਨੂੰ ਜਿਤਾਉਣ ਦਾ ਚੋਗਾ ਪਾਇਆ ਸੀ । ਸੂਤਰਾਂ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਨੇ ਹੋਰ ਵੀ ਕਈ ਵਾਅਦੇ ਕੀਤੇ ਸਨ ਜਿੰਨ੍ਹਾਂ ਨੂੰ ਠੁਕਾਰਉਣ ਕਾਰਨ ਗੱਲ ਬਣ ਨਹੀਂ ਸਕੀ ਹੈ। ਇਸ ਤੋਂ ਬਾਅਦ ਹੀ ਜੱਸੀ ਨੂੰ ਕਾਂਗਰਸ ਚੋਂ ਕੱਢਣ ਦੇ ਰਾਹ ਪਈ ਹੈ ਜਦੋਂਕਿ ਪਹਿਲਾਂ ਸਿਆਸੀ ਖੈਰ ਦੀ ਝਾਕ ‘ਚ ਮਾਮਲਾ ਲਟਕਾ ਕੇ ਰੱਖਿਆ ਹੋਇਆ ਸੀ


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!