ਡੱਬਵਾਲਾ ਕਲਾਂ ਬਲਾਕ ਅਧੀਨ ਪਿੰਡਾਂ ਨੇ 100 ਫੀਸਦੀ ਟੀਕਾਕਰਨ ਦਾ ਟੀਚਾ ਕੀਤਾ ਹਾਸਲ
ਡੱਬਵਾਲਾ ਕਲਾਂ ਬਲਾਕ ਅਧੀਨ ਪਿੰਡਾਂ ਨੇ 100 ਫੀਸਦੀ ਟੀਕਾਕਰਨ ਦਾ ਟੀਚਾ ਕੀਤਾ ਹਾਸਲ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 9 ਫਰਵਰੀ :2022
ਫਾਜਿ਼ਲਕਾ ਜਿ਼ਲ੍ਹੇ ਅਧੀਨ ਪੈਂਦੀ ਸੀਐਚਸੀ ਡੱਬਵਾਲਾ ਕਲਾਂ ਅਧੀਨ 17 ਪਿੰਡਾਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਦਾ 100 ਫੀਸਦੀ ਟੀਕਾਕਰਨ ਦਾ ਟੀਚਾ ਪ੍ਰਾਪਤ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਇਹ ਪ੍ਰਾਪਤੀ ਕਰਨ ਵਾਲੀ ਸਿਹਤ ਵਿਭਾਗ ਦੀਆਂ ਟੀਮਾਂ ਦੀ ਹੌਂਸਲਾਂ ਅਫਜਾਈ ਕਰਦਿਆਂ ਇੰਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੀ ਹੋਰਨਾਂ ਲਈ ਰਾਹ ਦਸੇਰੇ ਬਣਨ ਲਈ ਵਧਾਈ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਗਾਮੀ ਚੋਣਾਂ ਦੇ ਮੱਦੇਨਜਰ ਚੋਣ ਕਮਿਸ਼ਨ ਵਲੋਂ ਵੈਕਸੀਨੇਸ਼ਨ ਪ੍ਰੋਗਰਾਮ ਦੀ ਨਿਯਮਤ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਪਿੰਡਾਂ ਤੋਂ ਪ੍ਰੇਰਣਾ ਲੈ ਕੇ ਤੁਰੰਤ ਵੈਕਸੀਨੇਸ਼ਨ ਕਰਵਾਉਣ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੱਬਵਾਲਾ ਕਲਾਂ ਦੇ ਐਸਐਮਓ ਡਾ: ਰੁਪਾਈ ਮਹਾਜਨ ਨੇ ਦੱਸਿਆ ਕਿ 17 ਪਿੰਡਾਂ ਵਿਚ 100 ਫੀਸਦੀ ਟੀਕਾਕਰਨ ਦਾ ਟੀਚਾ ਪ੍ਰਾਪਤ ਕਰ ਲਿਆ ਹੈ ਅਤੇ ਦੂਜੀ ਡੋਜ਼ ਲਗਵਾਉਣ ਲਈ ਵੀ ਇੰਨ੍ਹਾਂ ਪਿੰਡਾਂ ਦੇ ਲੋਕ ਪੂਰੀ ਰੂਚੀ ਲੈ ਰਹੇ ਹਨ ਅਤੇ ਤੈਅ ਸਮੇਂ ਤੇ ਦੂਸਰੀ ਡੋਜ਼ ਵੀ ਲਗਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸਤੋਂ ਬਿਨ੍ਹਾਂ 30 ਹੋਰ ਪਿੰਡ ਹਨ ਜਿੱਥੇ 95 ਫੀਸਦੀ ਤੋਂ ਜਿਆਦਾ ਪਹਿਲੀ ਡੋਜ਼ ਲੱਗੀ ਚੁੱਕੀ ਹੈ।ਉਨ੍ਹਾਂ ਨੇ ਕਿਹਾ ਕਿ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਤਿਸਰੀ ਲਹਿਰ ਵਿਚ ਕੋਵਿਡ ਦਾ ਜਿਆਦਾ ਖਤਰਨਾਕ ਰੂਪ ਵੇਖਣ ਨੂੰ ਨਹੀਂ ਮਿਲਿਆ ਇਸਦਾ ਵੀ ਇਹੀ ਕਾਰਨ ਹੈ ਕਿਉਂਕਿ ਕਾਫੀ ਲੋਕਾਂ ਦੇ ਵੈਕਸੀਨ ਲੱਗੀ ਹੋਈ ਸੀ।ਉਨ੍ਹਾਂ ਨੇ ਕਿਹਾ ਕਿ ਇਹ ਟੀਚਾ ਪ੍ਰਾਪਤ ਕਰਨ ਵਿਚ ਸਿਹਤ ਵਿਭਾਗ ਦੀਆਂ ਟੀਮਾਂ, ਆਸ਼ਾ ਵਰਕਰ, ਹੈਲਥ ਵਰਕਰ, ਸੀਐਚਓ, ਪਿੰਡਾਂ ਦੇ ਪੰਚ ਸਰਪੰਚ ਤੇ ਨੰਬਰਦਾਰਾਂ ਆਦਿ ਦਾ ਬਹੁਤ ਸਹਿਯੋਗ ਰਿਹਾ ਹੈ।
ਬਲਾਕ ਦੇ ਬੀਈਈ ਦਿਵੇਸ਼ ਕੁਮਾਰ ਨੇ ਦੱਸਿਆ ਕਿ ਬਲਾਕ ਦੇ ਪਿੰਡਾਂ ਵੱਡੀ ਔਡੀਆਂ, ਸੁਰੇਸ਼ ਵਾਲਾ, ਹਸਤਾਂ ਕਲਾਂ, ਕੋਠਾ, ਮੁਹੰਮਦ ਪੀਰਾਂ, ਓਝਾ ਵਾਲੀ, ਘੁੜਿਆਣਾ, ਜੱਟਵਾਲੀ, ਸੈਦੋ ਕੇ ਹਿਠਾੜ, ਛੋਟੀ ਔਡੀਆ, ਚੱਕ ਬੰਨ ਵਾਲਾ, ਚਿਮਨੇ ਵਾਲਾ, ਕਿੱਕਰ ਵਾਲਾ ਰੂਪਾ, ਕਮਾਲ ਵਾਲਾ, ਢਾਣੀ ਕੇਹਰ ਸਿੰਘ, ਢਿੱਪਾਂ ਵਾਲੀ, ਮੁਹੰਮਦ ਅਮੀਰਾ ਵਿਚ 100 ਫੀਸਦੀ ਟੀਕਾਕਰਨ ਹੋਇਆ ਹੈ।