Skip to content
Advertisement
ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ 28 ਉਮੀਦਵਾਰਾਂ ਨੇ ਭਰੇ ਕਾਗਜ਼
– ਰਣਦੀਪ ਸਿੰਘ ਨਾਭਾ, ਕੁਲਜੀਤ ਸਿੰਘ ਨਾਗਰਾ ਅਤੇ ਗੁਰਪ੍ਰੀਤ ਸਿੰਘ ਜੀ.ਪੀ. ਨੇ ਵੀ ਦਾਖਲ ਕੀਤੇ ਨਾਮਜ਼ਦਗੀ ਪੱਤਰ
– ਜਿ਼ਲ੍ਹਾ ਚੋਣ ਅਫਸਰ ਨੇ ਚੋਣ ਪ੍ਰਕ੍ਰਿਆ ਅਮਨ ਤੇ ਸਾਂਤੀ ਨਾਲ ਨੇਪਰੇ ਚਾੜਨ ਲਈ ਲੋਕਾਂ ਤੋ ਮੰਗਿਆ ਸਹਿਯੋਗ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 31 ਜਨਵਰੀ 2022
ਅਗਾਮੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ ਅੱਜ 28 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਸਬੰਧਤ ਰਿਟਰਨ ਅਫਸਰਾਂ ਕੋਲ ਦਾਖਲ ਕਰਵਾਏ। , ਵਿਧਾਨ ਸਭਾ ਹਲਕਾ 54-ਬਸੀ ਪਠਾਣਾ ਤੋਂ 08, ਹਲਕਾ 55-ਫ਼ਤਹਿਗੜ੍ਹ ਸਾਹਿਬ ਤੋਂ 11 ਅਤੇ 56 ਅਮਲੋਹ ਤੋਂ 09 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਇਹ ਜਾਣਕਾਰੀ ਜਿ਼ਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 54-ਬਸੀ ਪਠਾਣਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਕੌਰ, ਬਹੁਜਨ ਸਮਾਜ ਪਾਰਟੀ ਦੇ ਸਿ਼ਵ ਕੁਮਾਰ ਕਲਿਆਣ ਅਤੇ ਸੁਰਿੰਦਰ ਕੁਮਾਰ, ਆਮ ਆਦਮੀ ਪਾਰਟੀ ਦੇ ਰੁਪਿੰਦਰ ਸਿੰਘ ਅਤੇ ਸਿੰਗਲਦੀਪ ਕੌਰ, ਆਪਣੀ ਜਨਤਾ ਪਾਰਟੀ ਦੇ ਸਤਵੀਰ ਸਿੰਘ ਅਤੇ ਅਜ਼ਾਦ ਉਮੀਦਵਾਰ ਵਜੋਂ ਮਲਕੀਤ ਸਿੰਘ ਨੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ. ਸ਼੍ਰੀ ਯਸ਼ਪਾਲ ਸ਼ਰਮਾ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਜਿ਼ਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 55-ਫ਼ਤਹਿਗੜ੍ਹ ਸਾਹਿਬ ਤੋਂ 11 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਿਨ੍ਹਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੁਲਜੀਤ ਸਿੰਘ ਨਾਗਰਾ ਅਤੇ ਮਨਦੀਪ ਕੌਰ, ਆਮ ਆਦਮੀ ਪਾਰਟੀ ਦੇ ਲਖਵੀਰ ਸਿੰਘ ਉਰਫ ਲਖਬੀਰ ਸਿੰਘ ਨੇ ਦੋ ਨਾਮਜ਼ਦਗੀਆਂ ਭਰੀਆਂ ਹਨ। ਇਸ ਤੋਂ ਇਲਾਵਾ ਸਮਾਜਿਕ ਸੰਘਰਸ਼ ਪਾਰਟੀ ਦੇ ਸੁਖਵੀਰ ਸਿੰਘ, ਹਰਪ੍ਰੀਤ ਸਿੰਘ ਤੇ ਸਰਬਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜਗਦੀਪ ਸਿੰਘ ਚੀਮਾ ਤੇ ਗੁਰਮੀਤ ਸਿੰਘ,ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਦੇ ਇਮਾਨ ਸਿੰਘ ਮਾਨ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਬਹਾਲ ਸਿੰਘ ਨੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ. ਸ਼੍ਰੀ ਹਿਮਾਂਸ਼ੂ ਗੁਪਤਾ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਵਿਧਾਨ ਸਭਾ ਹਲਕਾ 56-ਅਮਲੋਹ ਤੋਂ 09 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ, ਜਿਨ੍ਹਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਣਦੀਪ ਸਿੰਘ ਨਾਭਾ ਅਤੇ ਬਹਿਸ਼ਤਾ ਸਿੰਘ, ਲੋਕ ਇਨਸਾਫ ਪਾਰਟੀ ਦੇ ਸੁਤੰਤਰਦੀਪ ਸਿੰਘ, ਭਾਰਤੀ ਜਨਤਾ ਪਾਰਟੀ ਦੇ ਕੰਵਰਵੀਰ ਸਿੰਘ ਟੌਹੜਾ ਤੇ ਮਨਿੰਦਰ ਕੌਰ, ਦਰਸ਼ਨ ਸਿੰਘ, ਦਲਜਿੰਦਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਅਮਲੋਹ ਦੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ. ਸ਼੍ਰੀਮਤੀ ਜੀਵਨਜੋਤ ਕੋਲ ਦਾਖਲ ਕੀਤੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਗੁਰਿੰਦਰ ਸਿੰਘ ਤੇ ਸਰਬਜੀਤ ਸਿੰਘ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਜਿ਼ਲ੍ਹਾ ਚੋਣ ਅਫਸਰ ਨੇ ਕਿਹਾ ਕਿ ਸਾਡੇ ਸੰਵਿਧਾਨ ਵਿੱਚ ਹਰੇਕ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਦਿੱਤੇ ਹਨ ਅਤੇ ਵਿਕਸਤ ਸਮਾਜ ਦੀ ਸਿਰਜਣਾ ਲਈ ਇਹ ਜਰੂਰੀ ਹੈ ਕਿ ਅਸੀਂ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ, ਭੈਅ ਜਾਂ ਲਾਲਚ ਤੋਂ ਕਰੀਏ ਕਿਉਂਕਿ ਇਹ ਜਿਥੇ ਸਾਡਾ ਸੰਵਿਧਾਨਕ ਹੱਕ ਹੈ ਉਥੇ ਹੀ ਸਮਾਜ ਪ੍ਰਤੀ ਸਾਡੀ ਜਿੰਮੇਵਾਰੀ ਵੀ ਬਣਦੀ ਹੈ। ਉਨ੍ਹਾਂ ਜਿ਼ਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਚੋਣ ਪ੍ਰਕ੍ਰਿਆ ਸੁਚੱਜੇ ਢੰਗ ਨਾਲ ਨੈਪਰੇ ਚਾੜਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਇਸ ਲਈ ਅਮਨ ਸ਼ਾਂਤੀ ਨਾਲ ਚੋਣ ਪ੍ਰਕ੍ਰਿਆ ਮੁਕੰਮਲ ਹੋਣ ਵਿੱਚ ਹਰੇਕ ਨਾਗਰਿਕ ਨੂੰ ਆਪਣਾ ਉਸਾਰੂ ਸਹਿਯੋਗ ਦੇਣਾ ਚਾਹੀਦਾ ਹੈ।
Advertisement
Advertisement
error: Content is protected !!