ਵਿਧਾਇਕ ਨਾਗਰਾ ਵੱਲੋਂ 105 ਲੋੜਵੰਦਾਂ ਨੂੰ ਵੰਡੇ ਗਏ 2-2 ਮਰਲੇ ਦੇ ਪਲਾਟ
ਵਿਧਾਇਕ ਨਾਗਰਾ ਵੱਲੋਂ 105 ਲੋੜਵੰਦਾਂ ਨੂੰ ਵੰਡੇ ਗਏ 2-2 ਮਰਲੇ ਦੇ ਪਲਾਟ
ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ, 7 ਜ਼ਨਵਰੀ 2022
ਹਰ ਲੋੜਵੰਦ ਦੀ ਰਿਹਾਇਸ਼ ਸਬੰਧੀ ਦਿੱਕਤ ਦੂਰ ਕੀਤੀ ਜਾ ਰਹੀ ਹੈ ਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹਈਆ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ.ਕੁਲਜੀਤ ਸਿੰਘ ਨਾਗਰਾ ਨੇ ਬਲਾਕ ਖੇੜਾ ਦੇ ਪਿੰਡ ਭੈਰੋਪੁਰ ਵਿਖੇ 105 ਲੋੜਵੰਦਾਂ ਨੂੰ 2-2 ਮਰਲੇ ਦੇ ਪਲਾਟ ਵੰਡਣ ਮੌਕੇ ਕੀਤਾ।
ਸ. ਨਾਗਰਾ ਨੇ ਕਿਹਾ ਕਿ ਹਰ ਇੱਕ ਇਨਸਾਨ ਨੂੰ ਸਭ ਤੋਂ ਪਹਿਲਾਂ ਘਰ ਦੀ ਲੋੜ ਹੈ ਅਤੇ ਪਲਾਟਾਂ ਦੀ ਵੰਡ ਕਰਦਿਆਂ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਹਨਾਂ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਰਹਿੰਦੇ ਕਿਸੇ ਵੀ ਲੋੜਵੰਦ ਨੂੰ ਘਰ ਤੋਂ ਵਾਝਾਂ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
ਸ. ਨਾਗਰਾ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਖ ਵੱਖ ਵਿਕਾਸ ਕਾਰਜ ਕਰਵਾਏ ਗਏ ਹਨ ਤੇ ਜੰਗੀ ਪੱਧਰ ਉੱਤੇ ਜਾਰੀ ਵੀ ਹਨ। ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਵਿਸੇਸ਼ ਮੁਰੰਮਤ ਅਤੇ ਨਵਨਿਰਮਾਣ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਆਵਾਜਾਈ ਵਿੱਚ ਆ ਰਹੀਆਂ ਦਿੱਕਤਾਂ ਤੋਂ ਛੁਟਕਾਰਾ ਮਿਲਿਆ ਹੈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਸੀਵਰੇਜ ਸਿਸਟਮ, ਟੋਭਿਆਂ ਦੀ ਕਾਇਆ ਕਲਪ, ਗਲੀਆਂ, ਨਾਲੀਆਂ ਪੱਕੀਆਂ ਕਰਨਾ, ਪਾਰਕਾਂ ਦਾ ਨਿਰਮਾਣ, ਖੇਡ ਮੈਦਾਨ, ਸਟੇਡੀਅਮ, ਜਿਮਨੇਜ਼ੀਅਮ, ਕਮਿਊਨਿਟੀ ਹਾਲ, ਗ੍ਰਾਮ ਸਭਾ ਹਾਲ, ਧਰਮਸ਼ਾਲਾ, ਸਟਰੀਟ ਲਾਈਟਾਂ, ਪਿੰਡਾਂ ਦੀਆਂ ਪ੍ਰਮੁੱਖ ਥਾਵਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਲਗਾਉਣੇ, ਬੱਸ ਸ਼ੈਲਟਰਾਂ ਦੀ ਉਸਾਰੀ, ਸਮਸ਼ਾਨਘਾਟ/ਕਬਰਸਤਾਨ, ਪੀਣ ਵਾਲੇ ਪਾਣੀ ਦੀ ਸਪਲਾਈ, ਕਮਿਊਨਿਟੀ ਲਾਇਬਰੇਰੀ, ਕੂੜਾ ਕਰਕਟ ਦੀ ਸੁਚੱਜੀ ਸੰਭਾਲ, ਕਮਿਊਨਿਟੀ ਇਮਾਰਤਾਂ ਨੂੰ ਵਿਲੱਖਣ ਸਮਰੱਥਾ ਵਾਲੇ ਵਿਅਕਤੀਆਂ ਦੇ ਜਾਣ ਲਈ ਯੋਗ ਬਣਾਉਣਾ, ਸਕੂਲ, ਆਦਿ ਦਾ ਵਿਕਾਸ ਸ਼ਾਮਲ ਹਨ।
ਇਸ ਮੌਕੇ ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜ ਛੇਤੀ ਤੋਂ ਛੇਤੀ ਮੁਕੰਮਲ ਕਰਵਾਏ ਜਾਣ। ਇਸ ਮੌਕੇ ਪਿੰਡ ਦੇ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਸ. ਨਾਗਰਾ ਦੇ ਧਿਆਨ ਵਿੱਚ ਲਿਆਂਦੀਆਂ, ਜਿਨ੍ਹਾਂ ਦੇ ਫੌਰੀ ਹੱਲ ਲਈ ਸ. ਨਾਗਰਾ ਨੇ ਮੌਕੇ ਉੱਤੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਕਈ ਮੁਸ਼ਕਲਾਂ ਮੌਕੇ ਉੱਤੇ ਹੀ ਦੂਰ ਕਰਵਾਈਆ । ਇਸ ਮੌਕੇ ਸਰਪੰਚ ਗੁਰਦੀਪ ਸਿੰਘ,ਪੰਚ ਪਿਆਰਾ ਸਿੰਘ,ਪੰਚ ਮਨਜੀਤ ਸਿੰਘ,ਨੰਬਰਦਾਰ ਅਮਰਜੀਤ ਸਿੰਘ,ਪ੍ਰਧਾਨ ਭਜਨ ਸਿੰਘ,ਸੇਵਾ ਸਿੰਘ,ਮਨਪ੍ਰੀਤ ਸਿੰਘ,ਗੁਰਸੰਗਤ ਸਿੰਘ,ਹਰਮਨਦੀਪ ਸਿੰਘ ਸੰਦੀਪ ਸਿੰਘ,ਸੰਦੀਪ ਸਿੰਘ ਮਾਵੀ ਤੇ ਹੋਰ ਪਤਵੰਤੇ ਹਾਜ਼ਰ ਸਨ।
