ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਵਲੋਂ ਵਿਕਾਸ ਕਾਰਜਾਂ ਤੇ ਮਕਾਨਾਂ ਲਈ ਕਰੀਬ 04 ਕਰੋੜ 88 ਲੱਖ ਰੁਪਏ ਦੇ ਚੈੱਕ ਤਕਸੀਮ
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਵਲੋਂ ਵਿਕਾਸ ਕਾਰਜਾਂ ਲਈ ਕਰੀਬ 04 ਕਰੋੜ 88 ਲੱਖ ਰੁਪਏ ਦੇ ਚੈੱਕ ਤਕਸੀਮ
ਅਸ਼ੋਕ ਧੀਮਾਨ,ਅਮਲੋਹ, 25 ਦਸੰਬਰ: 2021
ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਦਿਹਾਤੀ ਖੇਤਰ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਹਲਕਾ ਅਮਲੋਹ ਦੇ ਪੇਂਡੂ ਖੇਤਰਾਂ ਦੇ ਵਿਕਾਸ ਉੱਤੇ ਕਰੀਬ 93 ਕਰੋੜ ਰੁਪਏ ਖਰਚੇ ਗਏ ਹਨ ਤੇ ਜਲਦ ਹੀ 01 ਕਰੋੜ 19 ਲੱਖ ਅਤੇ 01 ਕਰੋੜ 30 ਲੱਖ ਰੁਪਏ ਦੀਆਂ ਗ੍ਰਾਂਟਾਂ ਹੋਰ ਦਿੱਤੀਆਂ ਜਾਣਗੀਆਂ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਰਣਦੀਪ ਸਿੰਘ ਨਾਭਾ ਨੇ ਬੀ. ਡੀ. ਪੀ. ਓ. ਦਫਤਰ, ਅਮਲੋਹ ਵਿਖੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਲਾਭਪਾਤਰੀਆਂ ਨੂੰ ਵਿਕਾਸ ਕਾਰਜਾਂ ਤੇ ਮਕਾਨਾਂ ਲਈ ਕਰੀਬ 04 ਕਰੋੜ 88 ਲੱਖ ਰੁਪਏ ਦੇ ਚੈੱਕ ਤਕਸੀਮ ਕਰਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਵਿਚ ਅਖਤਿਆਰੀ ਗਰਾਂਟ ਦੇ ਕਰੀਬ 01 ਕਰੋੜ 65 ਲੱਖ, ਪੰਜਾਬ ਨਿਰਮਾਣ ਪ੍ਰੋਗਰਾਮ (ਮਕਾਨਾਂ ਸਬੰਧੀ) ਦੇ ਕਰੀਬ 01 ਕਰੋੜ 66 ਲੱਖ ਅਤੇ ਪੰਜਾਬ ਨਿਰਮਾਣ ਪ੍ਰੋਗਰਾਮ (ਵਿਕਾਸ ਕਾਰਜਾਂ ਲਈ) ਕਰੀਬ 01 ਕਰੋੜ 56 ਲੱਖ ਰੁਪਏ ਦੀ ਗ੍ਰਾਂਟ ਸ਼ਾਮਲ ਹੈ।
ਸ. ਨਾਭਾ ਨੇ ਕਿਹਾ ਕਿ ਪਿੰਡਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਪਿੰਡ ਪੰਜਾਬ ਦੀ ਰੂਹ ਹਨ ਤੇ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਖ ਵੱਖ ਵਿਕਾਸ ਕਾਰਜ ਕਰਵਾਏ ਗਏ ਹਨ ਤੇ ਜੰਗੀ ਪੱਧਰ ਉੱਤੇ ਜਾਰੀ ਵੀ ਹਨ।
ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਵਿਸੇਸ਼ ਮੁਰੰਮਤ ਅਤੇ ਨਵਨਿਰਮਾਣ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਆਵਾਜਾਈ ਵਿੱਚ ਆ ਰਹੀਆਂ ਦਿੱਕਤਾਂ ਤੋਂ ਛੁਟਕਾਰਾ ਮਿਲਿਆ ਹੈ। ਪਿੰਡਾਂ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਸੀਵਰੇਜ ਸਿਸਟਮ, ਟੋਭਿਆਂ ਦੀ ਕਾਇਆ ਕਲਪ, ਗਲੀਆਂ, ਨਾਲੀਆਂ ਪੱਕੀਆਂ ਕਰਨਾ, ਪਾਰਕਾਂ ਦਾ ਨਿਰਮਾਣ, ਖੇਡ ਮੈਦਾਨ, ਸਟੇਡੀਅਮ, ਜਿਮਨੇਜ਼ੀਅਮ, ਕਮਿਊਨਿਟੀ ਹਾਲ, ਗ੍ਰਾਮ ਸਭਾ ਹਾਲ, ਧਰਮਸ਼ਾਲਾ, ਸਟਰੀਟ ਲਾਈਟਾਂ, ਪਿੰਡਾਂ ਦੀਆਂ ਪ੍ਰਮੁੱਖ ਥਾਵਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਲਗਾਉਣੇ, ਬੱਸ ਸ਼ੈਲਟਰਾਂ ਦੀ ਉਸਾਰੀ, ਸਮਸ਼ਾਨਘਾਟ/ਕਬਰਸਤਾਨ, ਪੀਣ ਵਾਲੇ ਪਾਣੀ ਦੀ ਸਪਲਾਈ, ਕਮਿਊਨਿਟੀ ਲਾਇਬਰੇਰੀ, ਕੂੜਾ ਕਰਕਟ ਦੀ ਸੁਚੱਜੀ ਸੰਭਾਲ, ਕਮਿਊਨਿਟੀ ਇਮਾਰਤਾਂ ਨੂੰ ਵਿਲੱਖਣ ਸਮਰੱਥਾ ਵਾਲੇ ਵਿਅਕਤੀਆਂ ਦੇ ਜਾਣ ਲਈ ਯੋਗ ਬਣਾਉਣਾ, ਸਕੂਲ, ਆਦਿ ਦਾ ਵਿਕਾਸ ਸ਼ਾਮਲ ਹਨ।
ਸ. ਨਾਭਾ ਨੇ ਕਿਹਾ ਕਿ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕ ਹਿਤ ਵਿਚ ਵੱਡੀ ਗਿਣਤੀ ਫ਼ੈਸਲੇ ਤੇ ਕੰਮ ਕੀਤੇ ਹਨ। ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ, ਕਿਸਾਨੀ ਸੰਘਰਸ਼ ਦੇ ਲੇਖੇ ਆਪਣੀਆਂ ਜ਼ਿੰਦਗੀਆਂ ਲਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 05-05 ਲੱਖ ਰੁਪਏ ਮੁਆਵਜ਼ਾ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ। ਹੁਣ ਵੀ ਕਰਜ਼ਾ ਰਾਹਤ ਤਹਿਤ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਤਿਹਾਸ ਉੱਤੇ ਝਾਤ ਮਾਰ ਕਿ ਦੇਖ ਲਈ ਜਾਵੇ ਤਾਂ ਕੇਵਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਹੈ, ਜਿਸ ਨੇ ਤੇਲ ਕੀਮਤਾਂ ਵਿੱਚ ਕਟੌਤੀ ਕੀਤੀ ਤੇ ਬਿਜਲੀ ਸਸਤੀ ਕੀਤੀ ਹੈ। 02 ਕਿਲੋ ਵਾਟ ਤੱਕ ਦੇ ਮੀਟਰਾਂ ਦੇ ਬਕਾਇਆ ਬਿਲ ਮੁਆਫ਼ ਕੀਤੇ ਹਨ ਤੇ ਕੱਟੇ ਕੁਨੈਕਸ਼ਨ ਬਹਾਲ ਕੀਤੇ ਹਨ।
ਸ. ਨਾਭਾ ਨੇ ਦੱਸਿਆ ਕਿ ਕਿਸਾਨਾਂ ਦੀ ਹਿੰਮਤ ਸਦਕਾ ਤਿੰਨ ਕਾਲੇ ਕਾਨੂੰਨ ਰੱਦ ਹੋਏ ਹਨ ਤੇ ਗੁਰਦਰਸ਼ਨ ਸਿੰਘ ਨਾਭਾ ਫਾਊਂਡੇਸ਼ਨ ਵਲੋਂ ਲਗਾਤਾਰ ਦਵਾਈਆਂ, ਕਪੜਿਆਂ ਆਦਿ ਦੇ ਰੂਪ ਵਿਚ ਕਿਸਾਨੀ ਸੰਘਰਸ਼ ਵਿਚ ਯੋਗਦਾਨ ਪਾਇਆ ਗਿਆ। ਪੰਜਾਬ ਸਰਕਾਰ ਦਿਨ ਰਾਤ ਇਕ ਕਰ ਕੇ ਸੂਬੇ ਦੇ ਵਿਕਾਸ ਲਈ ਕੰਮ ਕਰ ਰਹੀ ਹੈ ਤੇ ਇਸੇ ਲੜੀ ਤਹਿਤ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ 52 ਪਿੰਡਾਂ ‘ਤੇ ਅਧਾਰਤ ਮਾਰਕਿਟ ਕਮੇਟੀ ਮੰਡੀ ਗੋਬਿੰਦਗੜ੍ਹ ਹੋਂਦ ਵਿੱਚ ਆ ਗਈ ਹੈ।
ਅਮਲੋਹ ਮੰਡੀ ਵਿਚ ਵੀ 03 ਕਰੋੜ ਤੋਂ ਵੱਧ ਦੀ ਲਾਗਤ ਨਾਲ ਫੜ੍ਹ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਭਵਾਨੀਗੜ੍ਹ-ਮੰਡੀ ਗੋਬਿੰਦਗੜ੍ਹ ਸੜਕ ਦੀ ਹਾਲਤ ਠੀਕ ਨਹੀਂ ਹੈ ਤੇ ਉਸ ਦਾ ਹਲਕਾ ਅਮਲੋਹ ਵਿਚਲਾ ਹਿੱਸਾ ਕਰੀਬ 02.5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਿਹਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ. ਰਣਦੀਪ ਸਿੰਘ ਨਾਭਾ ਦੀ ਧਰਮਪਤਨੀ ਸ਼੍ਰੀਮਤੀ ਬਹਿਸ਼ਤਾ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਜਿੰਦਰ ਭੁਟੋਂ, ਬਲਾਕ ਪ੍ਰਧਾਨ ਜਗਬੀਰ ਸਲਾਣਾ, ਬਲਵਿੰਦਰ ਸਿੰਘ ਗੁਰਧਨਪੁਰ, ਚੇਅਰਮੈਨ ਬਲਾਕ ਸੰਮਤੀ ਜਸਵੀਰ ਕੌਰ, ਹਰਜਿੰਦਰ ਸਿੰਘ ਟਿੰਕਾ ਐਡਵੋਕੇਟ, ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਵਿੰਦਰ ਸਿੰਘ ਰਹਿਲ, ਬੀ ਡੀ ਪੀ ਓ ਕੁਲਵਿੰਦਰ ਸਿੰਘ, ਪੀ ਏ ਰਾਮ ਕ੍ਰਿਸ਼ਨ ਭੱਲਾ, ਲੱਕੀ ਸ਼ਰਮਾ ਐਮ ਸੀ ਗੋਬਿੰਦਗੜ੍ਹ ਸਮੇਤ ਪਿੰਡਾਂ ਦੇ ਪੰਚ ਸਰਪੰਚ ਤੇ ਪਤਵੰਤੇ ਹਾਜ਼ਰ ਸਨ।