ਸ਼ਹੀਦੀ ਸਭਾ ਦੌਰਾਨ ਸ਼ਰਾਰਤੀ ਅਨਸਰਾਂ ’ਤੇ ਰੱਖੀ ਜਾਵੇਗੀ ਤਿੱਖੀ ਨਜ਼ਰ: ਜਿ਼ਲ੍ਹਾ ਪੁਲਿਸ ਮੁਖੀ
ਸ਼ਹੀਦੀ ਸਭਾ ਦੌਰਾਨ ਸ਼ਰਾਰਤੀ ਅਨਸਰਾਂ ’ਤੇ ਰੱਖੀ ਜਾਵੇਗੀ ਤਿੱਖੀ ਨਜ਼ਰ: ਜਿ਼ਲ੍ਹਾ ਪੁਲਿਸ ਮੁਖੀ
- ਆਵਾਜ਼ਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਵਾਜ਼ਾਈ ਦੇ ਬਦਲਵੇਂ ਪ੍ਰਬੰਧ ਕੀਤੇ
- ਕਿਸੇ ਸ਼ੱਕੀ ਵਿਅਕਤੀ ਦੀ ਹੈਲਪ ਲਾਈਨ 112 ’ਤੇ ਦਿੱਤੀ ਜਾਵੇ ਜਾਣਕਾਰੀ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 23 ਦਸੰਬਰ: 2021
ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਫ਼ਤਹਿਗੜ੍ਹ ਸਾਹਿਬ ਵਿਖੇ ਹਰੇਕ ਸਾਲ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਇਹ ਪ੍ਰਗਟਾਵਾ ਜਿ਼ਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਗੋਇਲ ਨੇ ਸ਼ਹੀਦੀ ਸਭਾ ਸਬੰਧੀ ਕੀਤੇ ਗਏ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸੰਗਤ ਦੀ ਸੁਵਿਧਾ ਲਈ 20 ਪਾਰਕਿੰਗਾਂ ਬਣਾਈਆਂ ਗਈਆਂ ਹਨ।
ਜਿ਼ਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਸਮਾਜ ਵਿਰੋਧੀ ਅਨਸਰਾਂ ’ਤੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਲੋੜ ਅਨੁਸਾਰ ਡਰੋਨ ਕੈਮਰਿਆਂ ਦੀ ਸਹਾਇਤਾ ਵੀ ਲਈ ਜਾਵੇਗੀ। ਇਸ ਤੋਂ ਇਲਾਵਾ 12 ਵੱਡੇ ਤੇ 54 ਛੋਟੇ ਨਾਕੇ ਲਗਾ ਕੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹੀਦੀ ਸਭਾ ਦੀ ਧਾਰਮਿਕ ਪਵਿੱਤਰਤਾ ਨੂੰ ਕਾਇਮ ਰੱਖਣ ਵਿੱਚ ਕਿਸੇ ਕਿਸਮ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ਼੍ਰੀ ਗੋਇਲ ਨੇ ਕਿਹਾ ਕਿ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਰੋਜ਼ਾਨਾਂ ਸਫਰ ਕਰਨ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਸਮਾਜ ਵਿਰੋਧੀ ਅਨਸਰਾਂ ਦੀ ਜਾਣਕਾਰੀ ਦੇਣ ਲਈ ਹੈਲਪ ਲਾਈਨ 112 ਬਣਾਇਆ ਗਿਆ ਹੈ ਜਿਸ ’ਤੇ ਸੰਗਤ ਕਿਸੇ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਦੀ ਸੁਰੱਖਿਆ ਵਿਵਸਥਾ ਨੂੰ ਕਾਇਮ ਰੱਖਣ ਲਈ ਜਿ਼ਲ੍ਹਾ ਪੁਲਿਸ ਵੱਲੋਂ ਪ੍ਰਮੁੱਖ ਸਥਾਨਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਜੇਬ ਕਤਰਿਆਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇਗੀ। ਜਿ਼ਲ੍ਹਾ ਪੁਲਿਸ ਮੁਖੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਸ਼ਹੀਦੀ ਸਭਾ ਦੌਰਾਨ ਕੋਵਿਡ-19 ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਇਸ ਮਹਾਂਮਾਰੀ ’ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜਿ਼ਲ੍ਹਾ ਪੁਲਿਸ ਹਰ ਸਮੇਂ ਲੋਕਾਂ ਦੀ ਸੇਵਾ ਲਈ ਤਤਪਰ ਹੈ ਇਸ ਲਈ ਪੁਲਿਸ ਪ੍ਰਸ਼ਾਸ਼ਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਐਸ.ਪੀ. (ਹੈ/ਕੁ) ਸ਼੍ਰੀ ਆਲਮ ਵਿਜੈ ਸਿੰਘ, ਐਸ.ਪੀ. (ਪੀ.ਬੀ.ਆਈ) ਸ਼੍ਰੀ ਨਵਰੀਤ ਸਿੰਘ ਵਿਰਕ, ਡੀ.ਐਸ.ਪੀ. (ਹੈ/ਕੁ) ਸ਼੍ਰੀ ਯੂ.ਸੀ. ਚਾਵਲਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।