ਸ਼ਹੀਦੀ ਸਭਾ ਦੌਰਾਨ ਵੰਡੇ ਜਾਣਗੇ 20 ਹਜ਼ਾਰ ਮਾਸਕ ਤੇ ਸੈਨੀਟਾਈਜ਼ਰ : ਜਿ਼ਲ੍ਹਾ ਪੁਲਿਸ ਮੁਖੀ
ਸ਼ਹੀਦੀ ਸਭਾ ਦੌਰਾਨ ਵੰਡੇ ਜਾਣਗੇ 20 ਹਜ਼ਾਰ ਮਾਸਕ ਤੇ ਸੈਨੀਟਾਈਜ਼ਰ : ਜਿ਼ਲ੍ਹਾ ਪੁਲਿਸ ਮੁਖੀ
- ਕੋਵਿਡ-19 ਤੋਂ ਬਚਾਅ ਦੇ ਨਾਲ ਹੀ ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ ਹੋਰ ਜਰੂਰਤ ਦਾ ਸਮਾਨ
- ਜਿ਼ਲ੍ਹਾ ਪੁਲਿਸ ਮੁਖੀ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਲੋਕਾਂ ਦੇ ਸਹਿਯੋਗ ਨੂੰ ਦੱਸਿਆ ਕਿ ਜਰੂਰੀ
ਅਸ਼ੋਕ ਧੀਮਾਨ,ਫਤਿਹਗੜ੍ਹ ਸਾਹਿਬ, 22 ਦਸੰਬਰ: 2021
ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਫ਼ਤਹਿਗੜ੍ਹ ਸਾਹਿਬ ਵਿਖੇ ਹਰੇਕ ਸਾਲ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੂੰ ਕੋਵਿਡ-19 ਤੋਂ ਬਚਾਉਣ ਲਈ ਜਿ਼ਲ੍ਹਾ ਪੁਲਿਸ ਵੱਲੋਂ 20 ਹਜ਼ਾਰ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਜਾਣਗੇ ਤਾਂ ਜੋ ਸੰਗਤ ਨੂੰ ਕੋਰੋਨਾ ਵਾਇਰਸ ਵਰਗੀ ਖ਼ਤਰਨਾਕ ਮਹਾਂਮਾਰੀ ਤੋਂ ਬਚਾਇਆ ਜਾ ਸਕੇ।
ਇਹ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਜਿ਼ਲ੍ਹਾ ਪੁਲਿਸ ਵੱਲੋਂ ਅਜਿਹੇ 20 ਹਜ਼ਾਰ ਕਿੱਟ ਤਿਆਰ ਕਰਵਾਏ ਗਏ ਹਨ ਜਿਨ੍ਹਾਂ ਵਿੱਚ ਮਾਸਕ ਅਤੇ ਸੈਨੀਟਾਈਜ਼ਰ ਤੋਂ ਇਲਾਵਾ ਬਿਸਕੁੱਟ, ਸਾਬਣ ਅਤੇ ਵਿਟਾਮਿਨ-ਸੀ ਦੀਆਂ ਗੋਲੀਆਂ ਰੱਖੀਆਂ ਗਈਆਂ ਹਨ ਤਾਂ ਜੋ ਸ਼ਰਧਾਲੂਆਂ ਨੂੰ ਨਿਰੋਗ ਤੇ ਸਿਹਤਮੰਦ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿ਼ਲ੍ਹਾ ਪੁਲਿਸ ਹਰੇਕ ਮੁਸ਼ਕਲ ਵਿੱਚ ਜਿ਼ਲ੍ਹੇ ਦੇ ਨਾਗਰਿਕਾਂ ਦਾ ਸਹਿਯੋਗ ਕਰਨ ਲਈ ਵਚਨਬੱਧ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ਼੍ਰੀ ਸੰਦੀਪ ਗੋਇਲ ਨੇ ਕਿਹਾ ਕਿ ਭਾਵੇਂ ਹੁਣ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਕਮੀਂ ਆਈ ਹੈ ਪ੍ਰੰਤੂ ਫਿਰ ਵੀ ਇਸ ਮਹਾਂਮਾਰੀ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਅਣਗੋਲਿਆਂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀ ਧਰਤੀ ’ਤੇ ਹਰੇਕ ਸਾਲ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਨਤਮਤਕ ਹੋਣ ਲਈ ਪਹੁੰਚਦੇ ਹਨ ਅਤੇ ਅਜਿਹੇ ਇਕੱਠ ਵਿੱਚ ਹਰੇਕ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੱਸੀਆਂ ਸਾਵਧਾਨੀਆਂ ਜਿਵੇਂ ਕਿ ਹੱਥਾਂ ਨੂੰ ਵਾਰ-ਵਾਰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ ਕਰਨਾ, ਸੋਸ਼ਲ ਡਿਸਟੈਸਿੰਗ ਨੂੰ ਯਕੀਨੀ ਬਣਾਉਣ ਅਤੇ ਮੂੰਹ ਤੇ ਨੱਕ ਨੂੰ ਮਾਸਕ ਨਾਲ ਢੱਕ ਕੇ ਰੱਖਣ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਸੰਗਤ ਦਾ ਸਹਿਯੋਗ ਅਤਿ ਜਰੂਰੀ ਹੈ ਤਾਂ ਹੀ ਅਸੀਂ ਇਸ ਤੋਂ ਨਿਜਾਤ ਪਾ ਸਕਦੇ ਹਾਂ। ਇਸ ਮੌਕੇ ਪੰਜਾਬ ਬਿਊਰੋ ਆਫ ਇੰਨਵੈਸਟੀਗੇਸ਼ਨ ਦੇ ਐਸ.ਪੀ. ਸ਼੍ਰੀ ਨਵਰੀਤ ਸਿੰਘ ਵਿਰਕ, ਐਸ.ਪੀ. (ਹੈ/ਕੁ) ਸ਼੍ਰੀ ਆਲਮ ਵਿਜੈ ਸਿੰਘ ਅਤੇ ਡੀ.ਐਸ.ਪੀ. (ਹੈ/ਕੁ) ਸ਼੍ਰੀ ਯੂ.ਸੀ. ਚਾਵਲਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।