Skip to content
Advertisement
ਬਾਗਬਾਨੀ ਵਿਭਾਗ ਵੱਲੋਂ ਲਗਾਇਆ ਕਿਸਾਨ ਸਿਖਲਾਈ ਕੈਂਪ
ਬਿੱਟੂ ਜਲਾਲਾਬਾਦੀ,ਜਲਾਲਾਬਾਦ, ਫਾਜ਼ਿਲਕਾ, 21 ਦਸੰਬਰ 2021
ਬਾਗਬਾਨੀ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਪਿੰਡ ਅਰਾਈਆਂ ਵਾਲਾ, ਤਹਿਸੀਲ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਵਿਖੇ ਫਲਾਂ ਅਤੇ ਸਬਜ਼ੀਆਂ ਦੀ ਸਫਲ ਕਾਸ਼ਤ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਡਾ. ਮਨਦੀਪ ਸਿੰਘ ਬਰਾੜ ਸਹਾਇਕ ਡਾਇਰੈਕਟਰ ਬਾਗਬਾਨੀ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਨੇ ਦੱਸਿਆ ਕਿ ਅਜੋਕੇ ਸਮੇਂ ਦੇ ਵਿੱਚ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਦਾ ਸੇਵਨ ਕਰਨਾ ਬਹੁਤ ਹੀ ਜਰੂਰੀ ਹੋ ਗਿਆ ਹੈ।ਨੈਸ਼ਨਲ ਇੰਸਟੀਚਊਟ ਆਫ ਨਿਊਟ੍ਰੀਸ਼ਨ, ਹੈਦਰਾਬਾਦ ਅਨੁਸਾਰ ਸੰਤੁਲਿਤ ਖੁਰਾਕ ਵਿੱਚ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਸਬਜ਼ੀਆਂ ਅਤੇ 100 ਗ੍ਰਾਮ ਫ਼ਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਪਰ ਅੱਜ-ਕੱਲ੍ਹ ਭੱਜ-ਦੌੜ ਦੀ ਜ਼ਿੰਦਗੀ ਵਿੱਚ ਮਨੁੱਖ ਇਨ੍ਹਾਂ ਚੀਜ਼ਾਂ ਨੂੰ ਛੱਡ ਕੇ ਬਾਜ਼ਾਰ ਦੇ ਤਿਆਰ-ਬਰ-ਤਿਆਰ ਭੋਜਨਾਂ ਤੇ ਨਿਰਭਰ ਹੁੰਦਾ ਜਾ ਰਿਹਾ ਹੈ। ਕਿਸਾਨਾਂ ਨੂੰ ਘਰੇਲੂ ਬਗੀਚੀ ਦੀ ਮਹੱਤਤਾ ਬਾਰੇ ਦੱਸਦਿਆਂ ਅਪੀਲ ਕੀਤੀ ਕਿ ਕਿਸਾਨ ਆਪਣੇ ਪਰਿਵਾਰ ਦੀ ਰੋਜ਼ਾਨਾ ਲੋੜ ਅਨੁਸਾਰ ਜ਼ਹਿਰ ਮੁਕਤ ਸਬਜ਼ੀਆਂ ਆਪ ਪੈਦਾ ਕਰਨ।
ਡਾ. ਬਰਾੜ ਵੱਲੋਂ ਨਵੇਂ ਬਾਗਾਂ ਦੀ ਵਿਉਂਤਬੰਦੀ, ਬਾਗ ਲਗਾਉਣ ਤੋਂ ਪਹਿਲਾਂ ਮਿੱਟੀ ਪਰਖ ਕਰਵਾਉਣ ਅਤੇ ਮਿੱਟੀ ਦੇ ਸੈਂਪਲ ਲੈਣ ਦੇ ਢੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਹਾਜ਼ਰ ਕਿਸਾਨਾਂ ਨੂੰ ਖਾਦਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਗਾਂ ਵਿੱਚ ਖਾਦਾਂ ਅਤੇ ਸੂਖਮ ਤੱਤਾਂ ਦੀ ਵਰਤੋਂ ਮਿੱਟੀ ਦੀ ਪਰਖ ਕਰਵਾਉਣ ਉਪਰੰਤ ਲੋੜ ਅਨੁਸਾਰ ਕਰਨੀ ਚਾਹੀਦੀ ਹੈ ਤਾਂ ਜੋ ਬੇਲੋੜੇ ਖਰਚਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬੂਟੇ ਹਮੇਸ਼ਾ ਭਰੋਸੇਯੋਗ ਨਰਸਰੀ ਤੋਂ ਹੀ ਖਰੀਦਣੇ ਚਾਹੀਦੇ ਹਨ ਅਤੇ ਬੂਟਿਆਂ ਦਾ ਬਿੱਲ ਜਰੂਰ ਲੈਣਾ ਚਾਹੀਦਾ ਹੈ। ਨਵੇਂ ਬਾਗ ਲਗਾਉਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੂਟੇ ਲਗਾਉਣ ਵੇਲੇ ਇਹ ਧਿਆਨ ਰੱਖੋ ਕਿ ਪਿਉਂਦ ਵਾਲਾ ਹਿੱਸਾ ਜ਼ਮੀਨ ਤੋਂ 6 ਤੋਂ 9 ਇੰਚ ਜ਼ਰੂਰ ਉੱਚਾ ਹੋਵੇ।
ਇਸ ਤੋਂ ਇਲਾਵਾ ਉਹਨਾਂ ਵੱਲੋਂ ਸਿਟਰਸ ਅਸਟੇਟ ਵੱਲੋਂ ਜਿਮੀਦਾਰਾਂ ਨੂੰ ਮਸ਼ੀਨਰੀ ਕਿਰਾਏ ਦੇ ਦੇਣ ਅਤੇ ਕੌਮੀ ਬਾਗਬਾਨੀ ਮਿਸ਼ਨ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਡਾ. ਸੁਖਜਿੰਦਰ ਸਿੰਘ ਬਾਗਬਾਨੀ ਵਿਕਾਸ ਅਫਸਰ(ਪੈਥੋਲੋਜੀ) ਵੱਲੋਂ ਢੀਂਗਰੀ/ਖੁੰਬਾਂ ਦੀ ਕਾਸ਼ਤ ਅਤੇ ਖੁਰਾਕੀ ਤੱਤਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
ਇਸ ਮੌਕੇ ਸ਼੍ਰੀ ਸ਼ਰਧਾ ਸਿੰਘ ਬਾਗਬਾਨੀ ਤਕਨੀਕੀ ਸਹਾਇਕ, ਸ਼੍ਰੀ ਬਲਵੰਤ ਸਿੰਘ, ਸਰਵਨ ਕੁਮਾਰ, ਅਮਿਤ ਕੁਮਾਰ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
Advertisement
Advertisement
error: Content is protected !!