PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੰਗਰੂਰ ਸੱਜਰੀ ਖ਼ਬਰ ਪੰਜਾਬ ਮਾਲਵਾ ਰਾਜਸੀ ਹਲਚਲ

ਵਿਰੋਧੀ ਪਾਰਟੀ ਚੁੱਕ ਰਹੀ ਕਾਂਗਰਸ ਪਾਰਟੀ ਦੇ ਵਫ਼ਾਦਾਰਾਂ ‘ਤੇ ਉਂਗਲਾਂ: ਰਣਜੀਤ ਤੂਰ, ਵਰਿੰਦਰ ਪੰਨਵਾਂ

Advertisement
Spread Information

ਵਿਰੋਧੀ ਪਾਰਟੀ ਚੁੱਕ ਰਹੀ ਕਾਂਗਰਸ ਪਾਰਟੀ ਦੇ ਵਫ਼ਾਦਾਰਾਂ ‘ਤੇ ਉਂਗਲਾਂ: ਰਣਜੀਤ ਤੂਰ, ਵਰਿੰਦਰ ਪੰਨਵਾਂ

  • ਕਾਂਗਰਸ ਤੋਂ ਵੱਡੇ ਅਹੁਦੇ ਲੈ ਹੁਣ ਆਪਣੀ ਹੀ ਮਾਂ ਪਾਰਟੀ ਵਿਰੁੱਧ ਨਾਅਰੇਬਾਜ਼ੀ ਕਰਨ ਵਾਲੇ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾਂ ਫੇਰਨ: ਬਲਵਿੰਦਰ ਪੂਨੀਆ, ਵਰਿੰਦਰ ਮਿੱਤਲ, ਮਹੇਸ਼ ਵਰਮਾ

    ਪਰਦੀਪ ਕਸਬਾ,ਭਵਾਨੀਗੜ੍ਹ/ਸੰਗਰੂਰ, 18 ਦਸੰਬਰ: 2021

    ਭਵਾਨੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਵੱਖ-ਵੱਖ ਆਗੂਆਂ ਤੇ ਅਹੁਦੇਦਾਰਾਂ ਨੇ ਅੱਜ ਇੱਥੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਾਂਗਰਸ ਪਾਰਟੀ ਅੰਦਰ ਰਹਿ ਕੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਲੋਕਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕਰਨ ਵਾਲੇ ਲੋਕ ਆਪਣੇ ਨਿੱਜੀ ਮੁਫ਼ਾਦਾਂ ਲਈ ਪਾਰਟੀ ‘ਚ ਹੀ ਰਹਿ ਕੇ ਕਾਂਗਰਸ ਪਾਰਟੀ ਦਾ ਨੁਕਸਾਨ ਕਰਨ ‘ਤੇ ਉਤਾਰੂ ਹਨ।

     ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਤੂਰ ਤੇ ਬਲਾਕ ਸੰਮਤੀ ਭਵਾਨੀਗੜ੍ਹ ਦੇ ਚੇਅਰਮੈਨ ਵਰਿੰਦਰ ਪੰਨਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਵਿਤਕਰੇਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਕਰਵਾਉਣ ਨੂੰ ਤਰਜੀਹ ਦਿੱਤੀ ਹੈ ਅਤੇ ਕਾਂਗਰਸ ਪਾਰਟੀ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਵੀ ਹਮੇਸ਼ਾ ਪਾਰਟੀ ਦੀਆਂ ਨੀਤੀਆਂ ਇੰਨ-ਬਿਨ ਢੰਗ ਨਾਲ ਲਾਗੂ ਕਰਨ ਲਈ ਹੀ ਕੰਮ ਕੀਤਾ ਹੈ।

     ਕਾਂਗਰਸੀ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਪਾਰਟੀ ਦੇ ਵਫ਼ਾਦਾਰਾਂ ਵਿਰੁੱਧ ਨਾਅਰੇਬਾਜ਼ੀ ਕਰਨ ਵਾਲੇ ਕਪਿਲ ਗਰਗ ਤੇ ਵਿਪਨ ਸ਼ਰਮਾ ਨੇ ਪਿਛਲੇ ਸਮੇਂ ‘ਚ ਕਾਂਗਰਸ ਪਾਰਟੀ ‘ਚ ਰਹਿ ਕੇ ਪਾਰਟੀ ਤੋਂ ਪੀ.ਆਰ.ਟੀ.ਸੀ. ਦੇ ਡਾਇਰੈਕਟਰ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਵਰਗੇ ਵੱਡੇ-ਵੱਡੇ ਅਹੁਦਿਆਂ ਤਾਂ ਪ੍ਰਾਪਤ ਕਰ ਲਏ ਪਰ ਵਫ਼ਾਦਾਰੀ ਸਾਬਿਤ ਕਰਨ ਮੌਕੇ ਪਾਰਟੀ ਨੂੰ ਪਿੱਠ ਵਿਖਾ ਕੇ ਵਿਰੋਧੀ ਪਾਰਟੀਆਂ ਵੱਲੋਂ ਲਿਆਂਦੇ ਜਾਣ ਦੇ ਸੰਭਾਵੀ ਉਮੀਦਵਾਰਾਂ ਨਾਲ ਹੱਥ ਮਿਲਾ ਲਿਆ। ਉਨ੍ਹਾਂ ਕਿਹਾ ਕਿ ਕਪਿਲ ਗਰਗ ਤੇ ਵਿਪਨ ਸ਼ਰਮਾ ਦੋਵੇਂ ਹੀ ਉਹ ਅਕ੍ਰਿਤਘਣ ਵਿਅਕਤੀ ਹਨ ਜਿੰਨਾ ਨੇ ਕੁਝ ਸਮਾਂ ਪਹਿਲਾਂ ਅਕਾਲੀ ਦਲ ਤੋਂ ਚੋਣ ਲੜਨ ਦੇ ਸੰਭਾਵੀ ਉਮੀਦਵਾਰ ਸ਼੍ਰੀ ਅਰਵਿੰਦ ਖੰਨਾ ਨਾਲ ਵੱਖ-ਵੱਖ ਥਾਂਵਾਂ ‘ਤੇ ਮੁਲਾਕਾਤਾਂ ਕੀਤੀਆਂ। ਉਨ੍ਹਾਂ ਕਿਹਾ ਕਿ ਦਗ਼ੇਬਾਜ਼ੀ ਦੀ ਇਸ ਤੋਂ ਵੱਡੀ ਉਦਾਹਰਣ ਕੀ ਹੋਵੇਗੀ ਕਿ ਜਿਸ ਪਾਰਟੀ ਨੇ ਇਨ੍ਹਾਂ ਬੰਦਿਆਂ ਨੂੰ ਇੰਨੇ ਸਨਮਾਨਿਤ ਅਹੁਦੇ ਬਖਸ਼ੇ ਉਹ ਹੁਣ ਆਪਣੇ ਨਿੱਜੀ ਫਾਇਦੇ ਲਈ ਵਿਰੋਧੀਆਂ ਦੇ ਖੇਮੇ ‘ਚ ਜਾ ਕੇ ਉਨ੍ਹਾਂ ਨਾਲ ਮੀਟਿੰਗਾਂ ਕਰਦੇ ਹਨ।

    ਇਸੇ ਤਰ੍ਹਾਂ ਕਾਂਗਰਸੀ ਆਗੂਆਂ ਬਲਵਿੰਦਰ ਪੂਨੀਆ, ਵਰਿੰਦਰ ਮਿੱਤਲ ਤੇ ਮਹੇਸ਼ ਵਰਮਾ ਨੇ ਕਿਹਾ ਕਿ ਅਜਿਹੀਆਂ ਦਗ਼ੇਬਾਜ਼ੀਆਂ ਨੂੰ ਹਲਕੇ ਦੇ ਲੋਕ ਨਾ ਹੀ ਕਦੇ ਭੁੱਲਣਗੇ ਅਤੇ ਨਾ ਹੀ ਕਦੇ ਮੁਆਫ ਕਰਨਗੇ ਤੇ ਸਮਾਂ ਆਉਣ ‘ਤੇ ਇਸਦਾ ਢੁੱਕਵਾਂ ਜਵਾਬ ਜ਼ਰੂਰ ਦੇਣਗੇ।

    ਇਨ੍ਹਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸਰਵਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਹੈ ਤੇ ਪਾਰਟੀ ਦਾ ਵਫ਼ਾਦਾਰ ਜਰਨੈਲ ਹੋਣ ਨਾਤੇ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਵੀ ਸੰਗਰੂਰ ਹਲਕੇ ਦੇ ਹਰ ਪਿੰਡ ਤੇ ਸ਼ਹਿਰ ਵਿੱਚ ਬਿਨਾਂ ਕਿਸੇ ਵਿਤਕਰੇ ਤੋਂ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਹਲੀਮੀ ਦੇ ਪੁੰਜ ਸ਼੍ਰੀ ਸਿੰਗਲਾ ਅੱਜ ਵੀ ਕਾਂਗਰਸ ਪਾਰਟੀ ਦੇ ਵਫਾਦਾਰ ਜਰਨੈਲ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਆਗਾਮੀਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਵੱਲੋਂ ਲਗਾਈ ਜਾਣ ਵਾਲੀ ਹਰ ਡਿਊਟੀ ਨੂੰ ਸ਼੍ਰੀ ਸਿੰਗਲਾ ਖਿੜੇ ਮੱਥੇ ਤਨਦੇਹੀ ਨਾਲ ਨਿਭਾਉਣਗੇ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!