ਅਕਾਲੀ ਦਲ ਤੇ ਬਸਪਾ ਸਰਕਾਰ ਆਉਣ ’ਤੇ ਪੰਜਾਬ ਕਬੱਡੀ ਕੱਪ ਤੇ ਕਬੱਡੀ ਲੀਗ ਸ਼ੁਰੂ ਕਰਨ ਤੋਂ ਇਲਾਵਾ ਵਿਸ਼ਵ ਕਬੱਡੀ ਕੱਪ ਮੁੜ ਸ਼ੁਰੂ ਕਰ ਕੇ ਕਬੱਡੀ ਨੂੰ ਸੁਰਜੀਤ ਕੀਤਾ ਜਾਵੇਗਾ : ਸੁਖਬੀਰ ਸਿੰਘ ਬਾਦਲ
ਅਕਾਲੀ ਦਲ ਤੇ ਬਸਪਾ ਸਰਕਾਰ ਆਉਣ ’ਤੇ ਪੰਜਾਬ ਕਬੱਡੀ ਕੱਪ ਤੇ ਕਬੱਡੀ ਲੀਗ ਸ਼ੁਰੂ ਕਰਨ ਤੋਂ ਇਲਾਵਾ ਵਿਸ਼ਵ ਕਬੱਡੀ ਕੱਪ ਮੁੜ ਸ਼ੁਰੂ ਕਰ ਕੇ ਕਬੱਡੀ ਨੂੰ ਸੁਰਜੀਤ ਕੀਤਾ ਜਾਵੇਗਾ : ਸੁਖਬੀਰ ਸਿੰਘ ਬਾਦਲ
- ਕਬੱਡੀ ਖਿਡਾਰੀਆਂ, ਕੋਚਾਂ ਤੇ ਵੱਖ ਵੱਖ ਐਸੋਸੀਏਸ਼ਨਾਂ ਵੱਲੋਂ ਅਕਾਲੀ ਦਲ ਨੁੰ ਹਮਾਇਤ ਦੇਣ ਦਾ ਐਲਾਨ
- ਐਲਾਨ ਕੀਤਾ ਕਿ ਹਰ ਹਲਕੇ ਵਿਚ ਇਕ ਕਬੱਡੀ ਸਟੇਡੀਅਮ ਬਣਾਇਆ ਜਾਵੇਗਾ, ਖਿਡਾਰੀਆਂ ਲਈ 25 ਲੱਖ ਰੁਪਏ ਦਾ ਐਕਸੀਡੈਂਟਲ ਬੀਮਾ ਸ਼ੁਰੂ ਕੀਤਾ ਜਾਵੇਗਾ ਤੇ ਸਿਖਰਲੇ ਖਿਡਾਰੀਆਂ ਨੁੰ ਕੋਚਾਂ ਵਜੋਂ ਭਰਤੀ ਕੀਤਾ ਜਾਵੇਗਾ
ਲੋਕੇਸ਼ ਕੌਸ਼ਲ,ਬਠਿੰਡਾ, 6 ਦਸੰਬਰ : 2021
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਪੰਜਾਬ ਵਿਚ ਸੂਬਾ, ਕੌਮੀ ਤੇ ਕੌਮਾਂਤਰੀ ਪੱਧਰ ’ਤੇ ਕਬੱਡੀ ਨੁੰ ਸੁਰਜੀਤ ਕਰਨ ਲਈ ਕਬੱਡੀ ਕੱਪ ਤੇ ਕਬੱਡੀ ਲੀਗ ਸ਼ੁਰੂ ਕੀਤੀ ਜਾਵੇਗੀ ਤੇ ਵਰਲਡ ਕਬੱਡੀ ਕੱਪ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਇਥੇ ਸੁਬੇ ਭਰ ਤੋਂ ਪਹੁੰਚੇ ਕੌਮਾਂਤਰੀ ਸਮੇਤ 400 ਖਿਡਾਰੀਆਂ ਤੋਂ ਇਲਾਵਾ ਕਬੱਡੀ ਐਸੋਸੀਏਸ਼ਨਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰ ਰਹੇ ਸਨ ਜਿਹਨਾਂ ਨੇ ਅਕਾਲੀ ਦਲ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਕਬੱਡੀ ਨੂੰ ਸੁਰਜੀਤ ਕਰਨ ਤੇ ਇਸਨੂੰ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਤੋਂ ਦੇ ਸਮੇਂ ਤੋਂ ਵੀ ਉੱਚਾ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਭਾਵੇਂ ਕਾਂਗਰਸ ਨੇ ਵਿਸ਼ਵ ਕਬੱਡੀ ਕੱਪ ਬੰਦ ਕਰਵਾ ਦਿੱਤਾ ਪਰ ਉਹਨਾਂ ਨੇ ਹੁਣ ਤਿੰਨ ਪੜਾਵੀ ਰਣਨੀਤੀ ਉਲੀਕੀ ਹੈ। ਉਹ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਮਲੂਕਾ ਸਮੇਤ ਕਬੱਡੀ ਖਿਡਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਅਸੀਂ ਪੰਜਾਬ ਕੱਪ ਸ਼ੁਰੂ ਕਰਾਂਗੇ ਜਿਸ ਵਿਚ ਸੂੁਬੇ ਦੇ ਸਾਰੇ ਜ਼ਿਲਿ੍ਹਆਂ ਦੀਆਂ ਟੀਮਾਂ ਭਾਗ ਲੈਣਗੇ ਤੇ ਇਸ ਵਿਚ ਇਨਾਮੀ ਰਾਸ਼ੀ 1 ਕਰੋੜ ਰੁਪਏ ਹੋਵੇਗੀ। ਉਹਨਾਂ ਕਿਹਾ ਕਿ ਦੇਸ਼ ਵਿਚ ਕਬੱਡੀ ਨੁੰ ਕੌਮੀ ਪੱਧਰ ’ਤੇ ਲਿਜਾਣ ਲਈ ਕਬੱਡੀ ਲੀਗ ਸ਼ੁਰੂ ਕੀਤੀ ਜਾਵੇਗੀ ਜੋ ਕ੍ਰਿਕਟ ਲੀਗ ਦੇ ਮੁਤਾਬਕ ਚਲਾਈ ਜਾਵੇਗੀ ਤੇ ਇਸ ਵਿਚ ਇਨਾਮੀ ਰਾਸ਼ੀ 2 ਕਰੋੜ ਰੁਪਏ ਹੋਵੇਗੀ। ਉਹਨਾ ਐਲਾਨ ਕੀਤਾ ਕਿ ਵਿਸ਼ਵ ਕਬੱਡੀ ਕੱਪ ਮੁੜ ਸ਼ੁਰੂ ਕੀਤਾ ਜਾਵੇਗਾ ਤੇ ਇਸ ਵਿਚ ਇਨਾਮੀ ਰਾਸ਼ੀ 5 ਕਰੋੜ ਰੁਪਏ ਹੋਵੇਗੀ।
ਕਬੱਡੀ ਨੂੰ ਸੂਬੇ ਵਿਚ ਲੋਕਪ੍ਰਿਅ ਬਣਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਵਿਚ ਕਬੱਡੀ ਮੈਚ ਕਰਵਾਏ ਜਾਣਗੇ ਜਿਸ ਵਾਸਤੇ ਸਟੇਡੀਅਮ ਬਣਾਇਆ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਕਬੱਡੀ ਪਲੇਅਰ ਦੀ ਗਰੇਡੇਸ਼ਨ ਕੀਤੀ ਜਾਵੇਗੀ ਅਤੇ ਉਹਨਾਂ ਦਾ 25 ਲੱਖ ਰੁਪਏ ਦਾ ਐਕਸਡੈਂਟਲ ਬੀਮਾ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਸਿਖਰਲੇ ਖਿਡਾਰੀ ਨੂੰ ਸੇਵਾ ਮੁਕਤੀ ਮਗਰੋਂ ਕੋਚਾਂ ਵਜੋਂ ਭਰਤੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਬੱਡੀ ਐਸੋਸੀਏਸ਼ਨਾ ਲਈ ਵੀ ਫੰਡ ਰੱਖੇ ਜਾਣਗੇ ਤਾਂ ਜੋ ਨਵੇਂ ਹੁਨਰ ਦੀ ਸ਼ਨਾਖ਼ਤ ਕੀਤੀ ਜਾਵੇ ਤੇ ਉਹਨਾਂ ਨੁੰ ਉਤਸ਼ਾਹਿਤ ਕੀਤਾ ਜਾ ਸਕੇ।
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਕਬੱਡੀ ਤੋਂ ਇਲਾਵਾ 15 ਹੋਰ ਖਿਡਾਰੀਆਂ ਦੀ ਸ਼ਨਾਖ਼ਤ ਕਰ ਕੇ ਮਿਸ਼ਨ ਓਲੰਪਿਕ ਪ੍ਰੋਗਰਾਮ ਸ਼ੁਰੂ ਕਰੇਗੀ। ਉਹਨਾਂ ਕਿਹਾ ਕਿ ਸੂਬਾ ਅਪਾਣਾ ਧਿਆਨ ਇਹਨਾਂ ਪੰਦਰਾਂ ਖੇਡਾਂ ਵੱਲ ਲਗਾਏਗਾ ਤੇ ਇਸ ਵਾਸਤੇ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇਗਾ ਤੇ ਵਿਸ਼ਵ ਪੱਧਰ ਦੇ ਕੋਚ ਖਿਡਾਰੀਆਂ ਨੂੰ ਸਿਖਲਾਈ ਦੇਣ ਵਾਸਤੇ ਰੱਖੇ ਜਾਣਗੇ ਤਾਂ ਜੋ ਉਲੰਪਿਕ ਪੱਧਰ ’ਤੇ ਚੰਗਾ ਪ੍ਰਦਰਸ਼ਨ ਕੀਤਾ ਜਾ ਸਕੇ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਕਬੱਡੀ ਤੋਂ ਇਲਾਵਾ ਪੰਜਾਬੀਆਂ ਘੋੜੇ ਰੱਖਣ ਲੱਗ ਪਏ ਹਨ ਕਿਉਂਕਿ ਬੀਤੇ ਸਮੇਂ ਵਿਚ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਸਫਲਤਾ ਨਾਲ ਘੋੜਿਆਂ ਦੇ ਮੇਲੇ ਆਯੋਜਿਤ ਕੀਤੇ ਗਏ ਸਨ। ਉਹਨਾਂ ਕਿਹਾ ਕਿ ਅਸੀਂ ਇਸ ਲਹਿਰ ਨੁੰ ਅੱਗੇ ਲੈ ਕੇ ਜਾਵਾਂਗੇ ਤੇ ਵਿਸ਼ੇਸ਼ ਰੇਸ ਕੋਰਸ ਤਿਆਰ ਕਰਵਾ ਕੇ ਮਾਰਵਾੜੀ ਘੋੜਿਆਂ ਦੀ ਦੌੜ ਕਰਵਾਈ ਜਾਵੇਗੀ ਤੇ ਇਸ ਵਾਸਤੇ 1 ਕਰੋੜ ਰੁਪਏ ਦੇ ਇਨਾਮ ਰੱਖੇ ਜਾਣਗੇ।
ਇਸ ਦੌਰਾਨ ਖਿਡਾਰੀਆਂ ਤੇ ਕੋਚਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਗੱਲਬਾਤ ਕਰਦਿਆਂ ਕਾਂਗਰਸ ਸਰਕਾਰ ਵੱਲੋਂ ਸਾਰੇ ਕਾਰਜਕਾਲ ਵੇਲੇ ਹੋਏ ਸਿਰਫ ਇਕ ਕਬੱਡੀ ਮੈਚ ਦੀ ਵੀ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਨਹੀਂ ਕੀਤੀ। ਇਹਨਾਂ ਖਿਡਾਰੀਆਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਛੇ ਵਿਸ਼ਵ ਕਬੱਡੀ ਕੱਪ ਕਰਵਾਏ ਤੇ ਕਬੱਡੀ ਨੂੰ ਹੁਲਾਰਾ ਦਿੱਤਾ। ਉਹਨਾਂ ਨੇ ਇਸ ਮੌਕੇ ਅਕਾਲੀ ਦਲ ਨੂੰ ਹਮਾਇਤ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਸਰਦਾਰ ਮਲੂਕਾ ਤੋਂ ਇਲਾਵਾ ਤੇਜਿੰਦਰ ਸਿੰਘ ਮਿੱਡੂਖੇੜਾ ਤੇ ਪਰਮਿੰਦਰ ਡੱਲਾ ਦੋਵੇਂ ਸੀਨੀਅਰ ਮੀਤ ਪ੍ਰਧਾਨ ਪੰਜਾ ਕਬੱਡੀ ਐਸੋਸੀਏਸ਼ਨ, ਪ੍ਰਮੁੱਖ ਕੋਚ ਸੁਰਿੰਦਰ ਕਲਖ ਤੇ ਹਰਪ੍ਰੀਤ ਸਿੰਘ ਬਾਬਾ, ਬੀਤੇ ਸਮੇਂ ਦੇ ਚੈਂਪੀਅਨ ਯਾਦਾ ਸੁਰਖਪੁਰ, ਅਰਸ਼ ਚੋਹਲਾ ਸਾਹਿਬ, ਮੱਖਣ ਮੱਖੀ, ਸੁਲਤਾਨ ਸੌਂਸਪੁਰ ਤੇ ਗੁਰਮੀਤ ਮੰਡਿਆਣੀ ਵੀ ਹਾਜ਼ਰ ਸਨ।