ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਸ.ਬੀ.ਆਈ.ਦੀ ਬਰਾਂਚ ਨਵ ਨਿਰਮਾਣ ਉਪਰੰਤ ਲੋਕ ਅਰਪਣ
- ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਸ.ਬੀ.ਆਈ.ਦੀ ਬਰਾਂਚ ਨਵ ਨਿਰਮਾਣ ਉਪਰੰਤ ਲੋਕ ਅਰਪਣ
- ਬੈਂਕ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਦਾ ਸਨਮਾਨ
- ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤੀ ਗਈ ਬਰਾਂਚ
- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਖੇਤਰ ਵਿੱਚ ਸਥਿਤ ਏ.ਟੀ.ਐਮ. ਨੇੜੇ ਬੂਟੇ ਵੀ ਲਾਏ
- ਬੈਂਕ ਵੱਲੋਂ ਵਿਸ਼ੇਸ਼ ਕਾਰ ਲੋਨ ਮੇਲਾ ਵੀ ਲਾਇਆ ਗਿਆ
ਅਸ਼ੋਕ ਧੀਮਾਨ, ਫ਼ਤਹਿਗੜ੍ਹ ਸਾਹਿਬ, 02 ਦਸੰਬਰ 2021
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ ਨਵ ਨਿਰਮਾਣ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਪਹਿਲਾਂ ਇਸ ਬਰਾਂਚ ਕੋਲ ਥਾਂ ਬਹੁਤ ਘੱਟ ਸੀ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਲੀ ਬੈਂਕ ਨਾਲ ਲੱਗਦੀ ਥਾਂ ਬਰਾਂਚ ਨੂੰ ਦਿੱਤੀ ਗਈ, ਜਿਸ ਸਦਕਾ ਇਸ ਬਰਾਂਚ ਦੀ ਜਗ੍ਹਾ ਕਾਫੀ ਵਧੀ ਹੈ ਤੇ ਲੋਕਾਂ ਨੂੰ ਆਪਣੇ ਕੰਮਕਾਜ ਸਬੰਧੀ ਸੌਖ ਹੋਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਮ ਕਰਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਸਮੇਤ ਇੱਥੇ ਵੱਖ ਵੱਖ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਵੀ ਇਹੀ ਬਰਾਂਚ ਕੇਟਰ ਕਰਦੀ ਹੈ। ਇਸ ਬਰਾਂਚ ਦੇ ਨਵੀਨੀਕਰਨ ਨਾਲ ਇਸ ਬਰਾਂਚ ਨਾਲ ਸਬੰਧਤ ਹਰ ਵਿਅਕਤੀ ਨੂੰ ਸਹੂਲਤ ਮਿਲੀ ਹੈ। ਉਨ੍ਹਾਂ ਨੇ ਇਸ ਮੌਕੇ ਬੈਂਕ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਤੇ ਪੂਰੀ ਸ਼ਿੱਦਤ ਨਾਲ ਕੰਮ ਕਰਨ ਲਈ ਪ੍ਰੇਰਿਆ।
ਇਸ ਮੌਕੇ ਬੈਂਕ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਦਾ ਸਨਮਾਨ ਵੀ ਕੀਤਾ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਖੇਤਰ ਵਿੱਚ ਸਥਿਤ ਏ.ਟੀ.ਐਮ. ਨੇੜੇ ਬੂਟੇ ਵੀ ਲਾਏ ਗਏ। ਇਸ ਖਾਸ ਮੌਕੇ ਉਤੇ ਬੈਂਕ ਵੱਲੋਂ ਵਿਸ਼ੇਸ਼ ਕਾਰ ਲੋਨ ਮੇਲਾ ਵੀ ਲਾਇਆ ਗਿਆ, ਜਿਸ ਵਿਚ ਜ਼ੀਰੋ ਪ੍ਰੋਸੈਸਿੰਗ ਫੀਸ ਰੱਖੀ ਗਈ ਤੇ ਮੌਕੇ ਉੱਤੇ ਹੀ ਲੋਨ ਕੀਤੇ ਗਏ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਇਸ ਮੌਕੇ ਸੰਬੋਧਨ ਕਰਦਿਆਂ ਜਨਰਲ ਮੈਨੇਜਰ, ਐਸ.ਬੀ.ਆਈ., ਚੰਡੀਗੜ੍ਹ, ਸ਼੍ਰੀ ਸੁਮਿਤ ਫੱਕਾ ਨੇ ਬਰਾਂਚ ਲਈ ਹੋਰ ਥਾਂ ਦੇਣ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਨਵਨਿਰਮਾਣ ਉਪਰੰਤ ਬਹੁਤ ਹੀ ਸੋਹਣੀ ਬਰਾਂਚ ਤਿਆਰ ਹੋਈ ਹੈ ਤੇ ਇੱਥੇ ਡਿਜੀਟਲ ਪ੍ਰਣਾਲੀ ਤਹਿਤ ਖਾਤਾ ਖੋਲ੍ਹਣ, ਬਿਨਾਂ ਕਿਸੇ ਕਾਗਜ਼ੀ ਕਾਰਵਾਈ ਤੋਂ ਪਰਸਨਲ ਲੋਨ ਲੈਣ, ਵਿਡੀਓ ਕੇ.ਵਾਈ.ਸੀ. ਅਤੇ ਡੋਰ ਸਟੈਪ ਬੈਂਕਿੰਗ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਇਹ ਬਰਾਂਚ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ, ਉਸੇ ਤਰ੍ਹਾਂ ਅੱਗੇ ਵੀ ਸੇਵਾ ਕਰਦੀ ਰਹੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਜ), ਸ਼੍ਰੀਮਤੀ ਅਨੀਤਾ ਦਰਸ਼ੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਕੰਵਲਜੀਤ ਸਿੰਘ, ਐਸ.ਪੀ. ਨਵਰੀਤ ਸਿੰਘ ਵਿਰਕ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਹਿਮਾਂਸ਼ੂ ਗੁਪਤਾ, ਐਸ.ਡੀ.ਐਮ. ਬੱਸੀ ਪਠਾਣਾਂ ਯਸ਼ਪਾਲ ਸ਼ਰਮਾ, ਖੇਤਰੀ ਮੈਨੇਜਰ ਐਸ. ਬੀ. ਆਈ. ਸ਼੍ਰੀ ਕਮਲੇਸ਼ ਕੁਮਾਰ, ਲੀਡ ਬੈਂਕ ਮੈਨੇਜਰ ਜਸਵੰਤ ਸਿੰਘ, ਬਰਾਂਚ ਮੈਨੇਜਰ ਉਪਾਸਨਾ ਸਾਹਨੀ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।