ਪ੍ਰਧਾਨ ਮੰਤਰੀ ਦੇ ਯੂ-ਟਰਨ ਵਾਲੇ ਬਿਆਨ ‘ਚ ਕੁੱਝ ਵੀ ਨਵਾਂ ਨਹੀਂ; ਸਾਰਾ ਸਿਆਸੀ ਲਾਣਾ ਹੀ ਕਿਸਾਨ- ਵਿਰੋਧੀ ਤੇ ਕਾਰਪੋਰੇਟ-ਪੱਖੀ ਹੈ: ਕਿਸਾਨ ਆਗੂ
ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 368 ਵਾਂ ਦਿਨ
* ਝੋਨੇ ਦੀ ਖਰੀਦ ਸ਼ੁਰੂ ਕਰਵਾਉਣੀ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਿੱਤ; ਇਵੇਂ, ਜਲਦੀ ਹੀ ਖੇਤੀ ਕਾਨੂੰਨ ਵੀ ਰੱਦ ਕਰਵਾਵਾਂਗੇ।
ਪਰਦੀਪ ਕਸਬਾ ਬਰਨਾਲਾ: 3 ਅਕਤੂਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 368 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ, ਕਿਸਾਨਾਂ ਦੇ ਜਥੇਬੰਦਕ ਏਕੇ ਮੂਹਰੇ ਝੁਕਣਾ ਪਿਆ ਅਤੇ ਕੁੱਝ ਘੰਟਿਆਂ ਦੇ ਧਰਨਿਆਂ ਬਾਅਦ ਹੀ ਝੋਨੇ ਦੀ ਲੇਟ ਖਰੀਦ ਵਾਲਾ ਨਾਦਰਸ਼ਾਹੀ ਫਰਮਾਨ ਵਾਪਸ ਲੈ ਲਿਆ ਅਤੇ ਤੁਰੰਤ ਖਰੀਦ ਸ਼ੁਰੂ ਕਰਨ ਦਾ ਬਿਆਨ ਜਾਰੀ ਕਰ ਦਿੱਤਾ। ਅੱਜ ਝੋਨੇ ਖਰੀਦ ਸ਼ੁਰੂ ਹੋ ਚੁੱਕੀ ਹੈ।
ਇਹ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਿੱਤ ਹੈ ਜਿਸ ਨਾਲ ਸਾਡੇ ਹੌਸਲੇ ਹੋਰ ਬੁਲੰਦ ਹੋਏ ਹਨ।ਅੰਦੋਲਨ ਵਿੱਚ ਸਰਗਰਮ ਸ਼ਮੂਲੀਅਤ ਨਾ ਕਰਨ ਵਾਲੇ ਲੋਕਾਂ ਨੂੰ ਵੀ ਇਸ ਜਿੱਤ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਏਕੇ ਨਾਲ ਅਸੀਂ ਕੋਈ ਵੀ ਟੀਚਾ ਹਾਸਲ ਕਰ ਸਕਦੇ ਹਾਂ। ਅਸੀਂ ਸਾਰੇ ਲੋਕਾਂ ਨੂੰ ਕਿਸਾਨ ਅੰਦੋਲਨ ਦਾ ਸਰਗਰਮ ਹਿੱਸਾ ਬਣਨ ਦੀ ਅਪੀਲ ਕਰਦੇ ਹਾਂ ਤਾਂ ਜੁ ਖੇਤੀ ਕਾਨੂੰਨ ਜਲਦੀ ਰੱਦ ਕਰਵਾਏ ਜਾ ਸਕਣ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ,ਜਗਸੀਰ ਸਿੰਘ ਸੀਰਾ, ਨਰੈਣ ਦੱਤ, ਜਸਪਾਲ ਚੀਮਾ,ਬੂਟਾ ਸਿੰਘ ਫਰਵਾਹੀ, ਗੁਰਨਾਮ ਸਿੰਘ ਠੀਕਰੀਵਾਲਾ, ਬਲਜੀਤ ਕੌਰ ਫਰਵਾਹੀ, ਪਰਮਜੀਤ ਕੌਰ ਠੀਕਰੀਵਾਲਾ, ਮੇਲਾ ਸਿੰਘ ਕੱਟੂ, ਜਸਵੰਤ ਕੌਰ ਬਰਨਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਪ੍ਰਧਾਨ ਮੰਤਰੀ ਦੇ ਹਾਲੀਆ ਬਿਆਨ ਦੀ ਚੀਰਫਾੜ ਕੀਤੀ। ਉਨ੍ਹਾਂ ਨੇ ਇੱਕ ਹਾਲੀਆ ਪ੍ਰੈਸ ਇੰਟਰਵਿਊ ਵਿੱਚ ਕਿਹਾ ਸੀ ਕਿ ਸਿਆਸੀ ਪਾਰਟੀਆਂ ਨੇ ਖੇਤੀ ਕਾਨੂੰਨਾਂ ‘ਤੇ ਯੂ-ਟਰਨ ਲੈ ਲਿਆ ਹੈ। ਜਿਹੜੀਆਂ ਪਾਰਟੀਆਂ ਨੇ ਪਹਿਲਾਂ ਵਿਵਾਦਤ ਖੇਤੀ ਕਾਨੂੰਨਾਂ ਨਾਲ ਮਿਲਦੇ-ਜੁਲਦੇ ਕਾਨੂੰਨ ਬਣਾਏ ਜਾਂ ਬਣਾਉਣ ਦੇ ਵਾਅਦੇ ਕੀਤੇ ਉਹੀ ਪਾਰਟੀਆਂ ਹੁਣ ਖੇਤੀ ਕਾਨੂੰਨਾਂ ਦੀ ਮੁਖਾਲਫਤ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕੁੱਝ ਵੀ ਨਵਾਂ ਨਹੀਂ ਕਿਹਾ।
ਕਿਸਾਨ ਜਥੇਬੰਦੀਆਂ ਇਹੀ ਗੱਲ ਪਹਿਲੇ ਦਿਨ ਤੋਂ ਹੀ ਕਹਿੰਦੀਆਂ ਆ ਰਹੀਆਂ ਹਨ ਕਿ ਸਾਰੀਆਂ ਹੀ ਵੋਟਾਂ ਵਟੋਰੂ ਸਿਆਸੀ ਪਾਰਟੀਆਂ ਦੀਆਂ ਆਰਥਿਕ ਨੀਤੀਆਂ ਕਿਸਾਨ -ਵਿਰੋਧੀ ਤੇ ਕਾਰਪੋਰੇਟ-ਪੱਖੀ ਹੈ। ਕਾਂਗਰਸ ਪਾਰਟੀ ਸੰਨ 1991 ਵਿੱਚ ਨਵ-ਉਦਾਰਵਾਦੀ ਨੀਤੀਆਂ ਲੈ ਕੇ ਆਈ ਸੀ। ਵਿਵਾਦਤ ਖੇਤੀ ਕਾਨੂੰਨ ਉਨ੍ਹਾਂ ਨੀਤੀਆਂ ਦਾ ਹੀ ਨਤੀਜਾ ਹੈ। ਦੇਸ਼ ਨੂੰ ਡਬਲਯੂ.ਟੀ.ਉ ਨਾਲ ਨੱਥੀ ਕਰਨ ਵਾਲੀ ਵੀ ਕਾਂਗਰਸ ਪਾਰਟੀ ਹੀ ਸੀ। ਪੰਜਾਬ ਦੀ ਅਕਾਲੀ ਪਾਰਟੀ ਇੱਕ ਸਾਲ ਪਹਿਲਾਂ ਤੱਕ ਜ਼ੋਰ-ਸ਼ੋਰ ਨਾਲ ਖੇਤੀ ਕਾਨੂੰਨਾਂ ਦੇ ਹੱਕ ਵਿਚ ਬੋਲਦੀ ਰਹੀ ਹੈ। ਇਹ ਮਸਲਾ ‘ਅਮਕੀ ਪਾਰਟੀ’ ਬਨਾਮ ‘ਢਮਕੀ ਪਾਰਟੀ’ ਦਾ ਨਹੀਂ ਹੈ।
ਇਹ ਲੜਾਈ ਕਿਸਾਨੀ ਸਮੇਤ ਸਮੁੱਚੀ ਆਮ ਜਨਤਾ ਬਨਾਮ ਸਰਮਾਏਦਾਰੀ ਜਮਾਤ ਦੀ ਹੈ ਜਿਸ ਜਮਾਤ ਦੀ ਨੁੰਮਾਇੰਦਗੀ ਇਹ ਸਾਰਾ ਸਿਆਸੀ ਲਾਣਾ ਕਰ ਰਿਹਾ ਹੈ। ਵੋਟਾਂ ਦੀ ਮਜ਼ਬੂਰੀ ਕਾਰਨ ਇਹ ਸਿਆਸੀ ਪਾਰਟੀਆਂ ਕਿਸਾਨਾਂ ਦੀ ਹਮਾਇਤ ਕਰਨ ਦਾ ਪਾਖੰਡ ਕਰਦੀਆਂ ਹਨ ਪਰ ਦਿਲੋਂ ਇਹ ਪਾਰਟੀਆਂ ਕਾਰਪੋਰੇਟੀ ਵਿਕਾਸ ਮਾਡਲ ਦੀਆਂ ਹੀ ਹਮਾਇਤੀ ਹਨ। ਸਾਡੀ ਇੱਕੋ ਇੱਕ ਟੇਕ ਵਿਸ਼ਾਲ ਤੇ ਮਜ਼ਬੂਤ ਜਥੇਬੰਦਕ ਏਕੇ ‘ਤੇ ਹੈ। ਆਉ ਇਸ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕਰੀਏ।