ਧਰਨੇ ਹਰਿਆਣੇ ਲੈ ਜਾਉ’ ਵਾਲੇ ਕੈਪਟਨ ਦੇ ਬਿਆਨ ਨੇ ਕਾਂਗਰਸ ਦਾ ਕਿਸਾਨ-ਪੱਖੀ ਹੋਣ ਵਾਲਾ ਹੀਜ-ਪਿਆਜ ਨੰਗਾ ਕੀਤਾ:
‘ਧਰਨੇ ਹਰਿਆਣੇ ਲੈ ਜਾਉ’ ਵਾਲੇ ਕੈਪਟਨ ਦੇ ਬਿਆਨ ਨੇ ਕਾਂਗਰਸ ਦਾ ਕਿਸਾਨ-ਪੱਖੀ ਹੋਣ ਵਾਲਾ ਹੀਜ-ਪਿਆਜ ਨੰਗਾ ਕੀਤਾ:
ਹਿਮਾਚਲ ਦੇ ਸੇਬ ਉਤਪਾਦਕਾਂ ਨੇ ਵੀ ਖੇਤੀ ਕਾਨੂੰਨਾਂ ਦੀ ਅਸਲੀ ਮਨਸ਼ਾ ਪਹਿਚਾਣੀ; ਅੰਦੋਲਨ ‘ਚ ਕੁੱਦੇ।
* ਗੁਰਮੇਲ ਸ਼ਰਮਾ ਨੇ ਪੋਤਰੀ ਗੁਰਮੇਹਰ ਸ਼ਰਮਾ ਦੇ ਜਨਮ ਦੀ ਖੁਸ਼ੀ ‘ਚ 2100 ਰੁਪਏ ਦੀ ਆਰਥਿਕ ਸਹਾਇਤਾ ਕੀਤੀ।
ਪਰਦੀਪ ਕਸਬਾ , ਬਰਨਾਲਾ: 14 ਸਤੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 349ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਉਸ ਬਿਆਨ ਦੀ ਸਖਤ ਨਿਖੇਧੀ ਕੀਤੀ ਜਿਸ ਵਿੱਚ ਉਸ ਨੇ ਕਿਸਾਨਾਂ ਨੂੰ ਪੰਜਾਬ ‘ਚੋਂ ਧਰਨੇ ਚੁੱਕ ਕੇ ਹਰਿਆਣਾ ਲੈ ਜਾਣ ਦੀ ਗੱਲ ਆਖੀ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਕੈਪਟਨ ਦਾ ਬਿਆਨ ਸੁਣ ਕੇ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ। ਅਸਲ ਵਿੱਚ ਇਨ੍ਹਾਂ ਕਾਰਪੋਰੇਟ-ਪੱਖੀ ਤੇ ਲੋਕ-ਵਿਰੋਧੀ ਨਵਉਦਾਰਵਾਦੀ ਨੀਤੀਆਂ ਦੀ ਜਨਮ-ਦਾਤੀ ਕਾਂਗਰਸ ਪਾਰਟੀ ਹੀ ਹੈ। ਇਹ ਕਾਂਗਰਸੀ ਨੇਤਾ ਮਨਮੋਹਨ ਸਿੰਘ ਹੀ ਸੀ
ਜਿਸ ਨੇ 1991 ਵਿੱਚ ਇਹ ਖੁੱਲ੍ਹੀ ਮੰਡੀ ਦੀਆਂ ਪੈਰੋਕਾਰ ਨੀਤੀਆਂ ਦੀ ਸ਼ੁਰੂਆਤ ਕੀਤੀ। ਕਿਸਾਨਾਂ ਨੂੰ ਕਦੇ ਵੀ ਇਹ ਭੁਲੇਖਾ ਨਹੀਂ ਰਿਹਾ ਕਿ ਕਾਂਗਰਸ ਸੱਚੀਉਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੀ ਹੈ। ਦੂਸਰੀਆਂ ਵੋਟਾਂ ਵਟੋਰੂ ਸਿਆਸੀ ਪਾਰਟੀਆਂ ਸਮੇਤ ਕਾਂਗਰਸ ਵੀ ਸਾਮਰਾਜ ਤੇ ਕਾਰਪੋਰੇਟ-ਪੱਖੀ ਨੀਤੀਆਂ ਦੀ ਕੱਟੜ ਸਮਰਥਕ ਹੈ। ਇਹ ਮਹਿਜ਼ ਵੋਟਾਂ ਦੀਆਂ ਗਿਣਤੀਆਂ ਮਿਣਤੀਆਂ ਦੀ ਮਜਬੂਰੀ ਕਾਰਨ ਕਿਸਾਨ-ਅੰਦੋਲਨ ਦਾ ਸਮਰਥਨ ਕਰਨ ਦਾ ਖੇਖਣ ਕਰਦੀ ਆ ਰਹੀ ਹੈ। ਫੀਰ ਵੀ ਕਦੇ ਕਦੇ ਅਸਲੀਅਤ ਸਾਹਮਣੇ ਆ ਜਾਂਦੀ ਹੈ ਅਤੇ ਇਸ ਖੇਖਣ ਦਾ ਹੀਜ-ਪਿਆਜ ਨੰਗਾ ਹੋ ਜਾਂਦਾ ਹੈ, ਜਿਵੇਂ ਕੱਲ੍ਹ ਵਾਲੇ ਕੈਪਟਨ ਦੇ ਬਿਆਨ ਕਾਰਨ ਹੋਇਆ ਹੈ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਰਣਧੀਰ ਸਿੰਘ ਰਾਜਗੜ੍ਹ,ਉਜਾਗਰ ਸਿੰਘ ਬੀਹਲਾ, ਮੇਲਾ ਸਿੰਘ ਕੱਟੂ, ਗੁਰਮੇਲ ਸ਼ਰਮਾ, ਗੁਰਚਰਨ ਸਿੰਘ ਸੁਰਜੀਤਪੁਰਾ, ਬਲਵੀਰ ਕੌਰ ਕਰਮਗੜ੍ਹ, ਬਲਜੀਤ ਸਿੰਘ ਚੌਹਾਨਕੇ, ਬੂਟਾ ਸਿੰਘ ਠੀਕਰੀਵਾਲਾ, ਗੁਰਦੇਵ ਮਾਂਗੇਵਾਲ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਪਿਛਲੇ ਦਿਨੀਂ ਹਿਮਾਚਲ ਦੇ ਸੇਬ ਉਤਪਾਦਕਾਂ ਵੱਲੋਂ ਕੀਤੇ ਰੋਸ ਪ੍ਰਦਰਸ਼ਨਾਂ ਨੂੰ ਸ਼ੁਭ ਸੰਕੇਤ ਕਿਹਾ। ਅੱਜ ਕਲ੍ਹ ਸੇਬ ਉਤਪਾਦਕਾਂ ਤੇ ਖਪਤਕਾਰਾਂ ਦੀ ਬਹੁਤ ਲੁੱਟ ਹੋ ਰਹੀ ਹੈ। ਆਗੂਆਂ ਨੇ ਕਿਹਾ ਕਿ ਸੇਬ ਉਤਪਾਦਕ ਸਮਝ ਚੁੱਕੇ ਹਨ ਕਿ ਅਡਾਨੀ ਕਾਰਪੋਰੇਟ ਘਰਾਣੇ ਨੇ ਦਿਉ-ਕੱਦ ਕੋਲਡ ਸਟੋਰ ਕਿਸਾਨਾਂ ਦੇ ਫਾਇਦੇ ਲਈ ਨਹੀਂ ਬਣਾਏ ਗਏ ਬਲਕਿ ਸੇਬ ਮੰਡੀ ਨੂੰ ਕੰਟਰੋਲ ਕਰਨ ਅਤੇ ਕੀਮਤਾਂ ਨੂੰ ਆਪਣੀ ਮਰਜ਼ੀ ਅਨੁਸਾਰ ਘੁਮਾਉਣ ਲਈ ਬਣਾਏ ਗਏ ਹਨ। ਖੇਤੀ ਕਾਨੂੰਨਾਂ ਦੇ ਲਾਗੂ ਹੋ ਜਾਣ ਬਾਅਦ ਇਹ ਸਿਕੰਜਾ ਹੋਰ ਵੀ ਕਸਿਆ ਜਾਵੇਗਾ। ਜਿਉਂ ਜਿਉਂ ਕਿਸਾਨਾਂ ਦੇ ਵੱਖ ਵੱਖ ਵਰਗ ਖੇਤੀ ਕਾਨੂੰਨਾਂ ਦੀ ਅਸਲੀਅਤ ਸਮਝ ਰਹੇ ਹਨ, ਕਿਸਾਨ ਅੰਦੋਲਨ ਵਧੇਰੇ ਵਿਸ਼ਾਲ ਹੋ ਰਿਹਾ ਹੈ।
ਅੱਜ ਆਲ ਇੰਡੀਆ ਕਿਸਾਨ ਸਭਾ ਦੇ ਆਗੂ ਗੁਰਮੇਲ ਸ਼ਰਮਾ ਭਦੌੜ ਨੇ ਆਪਣੀ ਪੋਤਰੀ ਗੁਰਮੇਹਰ ਸ਼ਰਮਾ ਦੇ ਜਨਮ ਦੀ ਖੁਸ਼ੀ ‘ਚ 2100 ਰੁਪਏ ਦੀ ਆਰਥਿਕ ਸਹਾਇਤਾ ਕੀਤੀ। ਸੰਚਾਲਨ ਕਮੇਟੀ ਨੇ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ।
ਉਧਰ ਰਿਲਾਇੰਸ ਮਾਲ ਬਰਨਾਲਾ ਮੂਹਰੇ ਲੱਗਿਆ ਧਰਨਾ ਵੀ ਆਪਣੇ 349 ਵਾਂ ਦਿਨ ਵੀ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ। ਧਰਨੇ ਨੂੰ ਮੇਜਰ ਸਿੰਘ, ਭੋਲਾ ਸਿੰਘ ਤੇ ਬਸੰਤ ਸਿੰਘ ਨੇ ਸੰਬੋਧਨ ਕੀਤਾ।
ਅੱਜ ਬਹਾਦਰ ਸਿੰਘ ਕਾਲਾ ਧਨੌਲਾ ਨੇ ਆਪਣੇ ਇਨਕਲਾਬੀ ਗੀਤ ਨਾਲ ਪੰਡਾਲ ‘ਚ ਜੋਸ਼ ਭਰਿਆ।